ਝਾਲਦਾ/ਬਲਰਾਮਪੁਰ(ਪੱਛਮੀ ਬੰਗਾਲ) (ਸਮਾਜ ਵੀਕਲੀ) : ਲੰਘੇ ਦਿਨੀਂ ਲੱਗੀਆਂ ਸੱਟਾਂ ਤੋਂ ਉਭਰ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਕੋਈ ਵੀ ਸਾਜ਼ਿਸ਼ ਉਨ੍ਹਾਂ ਨੂੰ ਸੂਬੇ ਦੀਆਂ ਅਗਾਮੀ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ। ਬੈਨਰਜੀ ਨੇ ਕਿਹਾ ਕਿ ਉਹ ਭਾਜਪਾ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖੇਗੀ। ਨੰਦੀਗ੍ਰਾਮ ਵਿਚ ਪਿਛਲੇ ਹਫ਼ਤੇ ਕਥਿਤ ਧੱਕਾ-ਮੁੱਕੀ ਦੌਰਾਨ ਜ਼ਖ਼ਮੀ ਹੋਣ ਮਗਰੋਂ ਅੱਜ ਜ਼ਿਲ੍ਹੇ ਵਿੱਚ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀ ਆਵਾਜ਼ ਤੇ ਦਿਲ ਕੰਮ ਕਰਦਾ ਹੈ, ਉਹ ਆਪਣੀ ਇਸ ਲੜਾਈ ਨੂੰ ਜਾਰੀ ਰੱਖੇਗੀ।
ਮੁੱਖ ਮੰਤਰੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ, ‘ਕੁਝ ਦਿਨਾਂ ਦੀ ਉਡੀਕ ਕਰੋ, ਮੇਰੀਆਂ ਲੱਤਾਂ ਪਹਿਲਾਂ ਨਾਲੋਂ ਠੀਕ ਹੋ ਜਾਣਗੀਆਂ। ਮੈਂ ਵੇਖਾਂਗੀ ਕਿ ਤੁਹਾਡੀਆਂ ਲੱਤਾਂ ਬੰਗਾਲ ਦੀ ਸਰਜ਼ਮੀਂ ’ਤੇ ਕਿਵੇਂ ਖੁੱਲ੍ਹੇਆਮ ਚੱਲਦੀਆਂ ਹਨ।’ ਇਥੇ ਪੁਰੂਲੀਆ ਜ਼ਿਲ੍ਹੇ ਵਿੱਚ ਵ੍ਹੀਲਚੇਅਰ ’ਤੇ ਬੈਠਿਆਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਸਾਜ਼ਿਸ਼ ਉਨ੍ਹਾਂ ਦੇ ਵਧਦੇ ਕਦਮਾਂ ਨੂੰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਅਸੈਂਬਲੀ ਚੋਣਾਂ ਜਿੱਤਣ ਲਈ ਭਾਜਪਾ ਦਿੱਲੀ ਤੋਂ ਆਪਣੇ ਕਈ ਆਗੂਆਂ ਨੂੰ ਲੈ ਕੇ ਪੁੱਜੀ ਹੈ। ਮਮਤਾ ਨੇ ਕਿਹਾ, ‘ਪਰ ਮੈਂ ਆਖਦੀ ਹਾਂ ਕਿ ਬੰਗਾਲ ਤੁਹਾਡੇ ਹੱਥ ਨਹੀਂ ਆਉਣਾ।’
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਸੂਬੇ ਵਿੱਚ ਵਿਕਾਸ ਤੇ ਭਲਾਈ ਦੇ ਕਈ ਕੰਮ ਕੀਤੇ ਹਨ। ਉਨ੍ਹਾਂ ਕਿਹਾ, ‘ਜਿੰਨਾ ਕੰਮ ਅਸੀਂ ਕੀਤਾ ਹੈ, ਕੁਲ ਆਲਮ ਦੀ ਸ਼ਾਇਦ ਕੋਈ ਸਰਕਾਰ ਅਜਿਹਾ ਕਰ ਸਕੇ। ਉਨ੍ਹਾਂ (ਭਾਜਪਾ) ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਨਹੀਂ ਚਲਾ ਸਕਦਾ ਤੇ ਪੂਰੀ ਤਰ੍ਹਾਂ ਅਯੋਗ ਹੈ।’ ਉਨ੍ਹਾਂ ਕਿਹਾ, ‘ਭਾਜਪਾ ਵੱਲੋਂ ਨਾਮਜ਼ਦ 18 ਸੰਸਦ ਮੈਂਬਰਾਂ ਨੇ ਸੂਬੇ ਲਈ ਕੁਝ ਨਹੀਂ ਕੀਤਾ। ਜੇ ਉਹ ਚੋਣਾਂ ਜਿੱਤ ਗਏ ਤਾਂ ਕੀ ਕਰਨਗੇ?
ਝੂਠ ਫੈਲਾਉਣਗੇ ਤੇ ਦੰਗੇ ਭੜਕਾਉਣਗੇ?’ ਮਮਤਾ ਨੇ ਕਿਹਾ, ‘ਕੁਝ ਭਾਜਪਾ ਆਗੂ ਅਖੌਤੀ ‘ਰੱਥ’ ਉੱਤੇ ਤੁਰੇ ਫਿਰਦੇ ਹਨ, ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਭਗਵਾਨ ਜਗਨਨਾਥ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਰੱਥਾਂ ’ਤੇ ਯਾਤਰਾ ਕਰਦੇ ਰਹੇ ਹਨ। ਕੀ ਉਹ (ਭਾਜਪਾ ਆਗੂ) ਰੱਬ ਤੋਂ ਵੀ ਵੱਡੇ ਹੋ ਗਏ ਹਨ।’ ਚੇਤੇ ਰਹੇ ਕਿ 10 ਮਾਰਚ ਨੂੰ ਨੰਦੀਗ੍ਰਾਮ ਸੀਟ ਲਈ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਕਥਿਤ ਧੱਕਾ-ਮੁੱਕੀ ਦੌਰਾਨ ਮੁੱਖ ਮੰਤਰੀ ਦੀ ਖੱਬੀ ਲੱਤ, ਸਿਰ ਤੇ ਛਾਤੇ ’ਤੇ ਸੱਟ ਲੱਗੀ ਸੀ। ਟੀਐੱਮਸੀ ਨੇ ਇਸ ਪੂਰੀ ਸਾਜ਼ਿਸ਼ ਪਿੱਛੇ ਭਾਜਪਾ ਦਾ ਹੱਥ ਦੱਸਿਆ ਸੀ। ਉਧਰ ਚੋਣ ਕਮਿਸ਼ਨ ਨੇ ਪਾਰਟੀ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਬੈਨਰਜੀ ਨਾਲ ਵਾਪਰੇ ਹਾਦਸੇ ਨੂੰ ਸੁਰੱਖਿਆ ’ਚ ਅਣਗਹਿਲੀ ਦੱਸਿਆ ਸੀ।