ਨਵੀਂ ਦਿੱਲੀ (ਸਮਾਜ ਵੀਕਲੀ):ਭਾਜਪਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਰੋਨਾ ਤੋਂ ਬਚਾਅ ਦੇ ਟੀਕੇ ਕੋਵੈਕਸੀਨ ਦੀਆਂ 1,40,000 ਖੁਰਾਕਾਂ ਕੇਂਦਰ ਤੋਂ 400 ਰੁਪਏ ’ਚ ਖ਼ਰੀਦ ਕੇ ਅੱਗੇ 20 ਪ੍ਰਾਈਵੇਟ ਹਸਪਤਾਲਾਂ ਨੂੰ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਹਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀਆਂ ਲੋੜਾਂ ਦਾ ਅਪਮਾਨ ਕਰਦਿਆਂ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕੋਵਿਡ ਟੈਸਟਿੰਗ ’ਚ ਵੀ ਸਰਕਾਰ ਦੀ ਸ਼ਮੂਲੀਅਤ ਵੱਡੇ ਪੱਧਰ ’ਤੇ ਨਜ਼ਰ ਨਹੀਂ ਆ ਰਹੀ ਹੈ ਜਦਕਿ ਪੰਜਾਬ ’ਚ ਮਹਾਮਾਰੀ ਨੇ ਕਹਿਰ ਢਾਹਿਆ ਹੈ ਅਤੇ ਸਰਕਾਰ ‘ਮੁਨਾਫ਼ਾ’ ਕਮਾਉਣ ਵੱਲ ਧਿਆਨ ਦੇ ਰਹੀ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਸਵਾਲ ਉਠਾਇਆ ਕਿ ਕੀ ਕੈਪਟਨ ਸਰਕਾਰ ਸੂਬੇ ’ਚ ਕੋਵਿਡ-19 ਮਹਾਮਾਰੀ ਨਾਲ ਲੜਨ ਪ੍ਰਤੀ ਵਚਨਬੱਧ ਹੈ ਜਾਂ ਨਹੀਂ।
ਭਾਜਪਾ ਆਗੂ ਨੇ ਕਿਹਾ,‘‘ਅੱਜ ਪੂਰੀ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦਿੱਲੀ ’ਚ ਹੈ। ਪਿੱਛੋਂ ਪੰਜਾਬ ਨੂੰ ਕੌਣ ਦੇਖੇਗਾ? ਆਪਣੀ ਅੰਦਰੂਨੀ ਖਿੱਚੋਤਾਣ ਲਈ ਪੰਜਾਬ ਵਾਸੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਕਾਂਗਰਸ ਵੱਲੋਂ ਇਹ ਵੱਡਾ ਗੁਨਾਹ ਕੀਤਾ ਜਾ ਰਿਹਾ ਹੈ।’’ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵੈਕਸੀਨ ਨੀਤੀ ’ਤੇ ਹੋਰਾਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣੀ ਪਾਰਟੀ ਵਾਲੇ ਸੂਬੇ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰ ਨੇ ਹੁਣ ਤੱਕ ਕਰੋਨਾ ਤੋਂ ਬਚਾਅ ਦੇ ਟੀਕਿਆਂ ਦੀਆਂ 22 ਕਰੋੜ ਖੁਰਾਕਾਂ ਮੁਫ਼ਤ ’ਚ ਦਿੱਤੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly