ਜਲੰਧਰ (ਸਮਾਜ ਵੀਕਲੀ): ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਗਏ 21 ਸਾਲਾਂ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੀਏਪੀ ਜਲੰਧਰ ਵੱਜੋਂ ਹੋਈ। ਪੰਜਾਬ ਪੁਲੀਸ ਵਿੱਚ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 2017 ਵਿੱਚ ਸਟੱਡੀ ਵੀਜ਼ਾ ’ਤੇ ਗਿਆ ਸੀ। ਉਹ ਸਰੀ ਵਿੱਚ ਪੜ੍ਹਦਾ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਕੰਮ ਵੀ ਕਰਦਾ ਸੀ ਪਰ ਉਸ ਨੇ ਕਦੇਂ ਪੈਸੇ ਨਹੀਂ ਸੀ ਭੇਜੇ।
ਨਵੰਬਰ 2019 ਵਿੱਚ ਉਸ ਨੇ ਫੀਸ ਲਈ 20 ਲੱਖ ਰੁਪਏ ਮੰਗਵਾਏ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਦੱਸਿਆ ਕਿ ਉਹ ਇੱਕ ਲੜਕੀ ਦੇ ਚੱਕਰ ਵਿੱਚ ਫਸ ਗਿਆ ਹੈ ਤੇ ਸਾਰੇ ਪੈਸੇ ਲੜਕੀ ਨੂੰ ਦੇ ਦਿੱਤੇ ਹਨ ਤੇ ਹੁਣ ਫੀਸ ਦੇਣ ਲਈ ਪੈਸੇ ਨਹੀਂ। ਅਮਰਿੰਦਰ ਸਿੰਘ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਸੀ। ਇੱਕ ਵਾਰ ਪਹਿਲਾਂ ਵੀ ਉਸ ਨੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ। ਉਦੋਂ ਉਸ ਦੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸਮਝਾ ਦਿੱਤਾ ਸੀ। ਉਦੋਂ ਦੁਬਾਰਾ ਅਜਿਹੀ ਗਲਤੀ ਨਾ ਕਰਨ ਨੂੰ ਮੰਨ ਵੀ ਗਿਆ ਸੀ ਪਰ ਕੁਝ ਦਿਨ ਪਹਿਲਾਂ ਉਸ ਨੇ ਆਤਮ ਹੱਤਿਆ ਕਰ ਲਈ।
ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਦੀ ਲੜਕੀ ਦੇ ਚੱਕਰ ਵਿੱਚ ਫਸ ਗਿਆ ਸੀ ਜੋ ਕਰਾਚੀ ਦੀ ਰਹਿਣ ਵਾਲੀ ਸੀ। ਉਸ ਦੇ ਪੁੱਤਰ ਦੀ ਦੋਸਤੀ ਲੜਕੀ ਨਾਲ ਇੰਸਟਾਗ੍ਰਾਮ ’ਤੇ ਹੋਈ ਸੀ ਤੇ ਉਸ ਨੂੰ ਉਹ ਫੋਨ ਵੀ ਕਰਦਾ ਰਹਿੰਦਾ ਸੀ। ਪਾਕਿਸਤਾਨ ਦੀ ਲੜਕੀ ਨੂੰ ਉਹ ਤੋਹਫੇ ਤੇ ਪੈਸੇ ਵੀ ਭੇਜਦਾ ਰਹਿੰਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਹੁਣ ਉਨ੍ਹਾ ਕੋਲ ਆਪਣੇ ਪੁੱਤਰ ਦੀ ਲਾਸ਼ ਮੰਗਵਾਉਣ ਜੋਗੇ ਵੀ ਪੈਸੇ ਨਹੀਂ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਲਾਸ਼ ਮੰਗਵਾਉਣ ਦਾ ਪ੍ਰਬੰਧ ਕੀਤਾ ਜਾਵੇ।