ਕੈਨੇਡਾ ਦੇ ਇੱਕ ਸਕੂਲ ’ਚੋਂ 200 ਤੋਂ ਵੱਧ ਪਿੰਜਰ ਮਿਲੇ

ਕੈਮਲੂਪਸ (ਬ੍ਰਿਟਿਸ਼ ਕੋਲੰਬੀਆ), ਸਮਾਜ ਵੀਕਲੀ: ਕੈਨੇਡਾ ਦੇ ਇੱਕ ਸਕੂਲ ’ਚ 215 ਬੱਚਿਆਂ ਦੇ ਪਿੰਜਰ ਮਿਲੇ ਹਨ ਜਿਨ੍ਹਾਂ ’ਚੋਂ ਕੁਝ ਦੀ ਉਮਰ ਤਕਰੀਬਨ ਤਿੰਨ ਸਾਲ ਤੱਕ ਹੋਵੇਗੀ। ਇਹ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਹੁੰਦਾ ਸੀ।

ਇੱਥੋਂ ਦੇ ਇੱਕ ਗਰੁੱਪ ਫਸਟ ਨੇਸ਼ਨ ਦੀ ਮੁਖੀ ਰੋਸੇਨ ਕੈਸਿਮੀਰ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਜ਼ਮੀਨ ਹੇਠਾਂ ਵਸਤਾਂ ਦਾ ਪਤਾ ਲਾਉਣ ਵਾਲੇ ਰਾਡਾਰ ਦੀ ਮਦਦ ਨਾਲ ਲੰਘੇ ਹਫ਼ਤੇ ਇਹ ਪਿੰਜਰ ਮਿਲੇ ਹਨ। ਉਨ੍ਹਾਂ ਕਿਹਾ ਕਿ ਕਈ ਹੋਰ ਪਿੰਜਰ ਮਿਲ ਸਕਦੇ ਹਨ ਕਿਉਂਕਿ ਸਕੂਲ ਦੇ ਮੈਦਾਨ ਅਤੇ ਇਸ ਦੇ ਇਲਾਕੇ ਦੀ ਤਲਾਸ਼ੀ ਅਜੇ ਲਈ ਜਾਣੀ ਹੈ। ਉਨ੍ਹਾਂ ਕਿਹਾ ਕਿ ਇਹ ਕੰਕਾਲ ਮਿਲਣਾ ਬਹੁਤ ਘਾਟਾ ਹੀ ਮੰਦਭਾਗਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ ’ਚ ਕਿਤੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ 1.50 ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ’ਚ ਸ਼ਾਮਲ ਕਰਨ ਦੇ ਪ੍ਰੋਗਰਾਮ ਤਹਿਤ ਸਰਕਾਰ ਵੱਲੋਂ ਫੰਡ ਹਾਸਲ ਈਸਾਈ ਸਕੂਲਾਂ ’ਚ ਪੜ੍ਹਨਾ ਹੁੰਦਾ ਸੀ। ਉਨ੍ਹਾਂ ਨੂੰ ਈਸਾਈ ਧਰਮ ’ਚ ਤਬਦੀਲ ਕਰਨ ਲਈ ਮਜਬੂਰ ਕੀਤਾ ਜਾਂਦਾ ਅਤੇ ਆਪਣੀ ਮਾਂ ਬੋਲੀ ਨਹੀਂ ਬੋਲਣ ਦਿੱਤੀ ਜਾਂਦੀ ਸੀ। ਕਈ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਅਪਸ਼ਬਦ ਕਹੇ ਜਾਂਦੇ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ।

ਟਰੁੱਥ ਐਂਡ ਰਿਕਨਸੀਲੀਏਸ਼ਨ ਕਮਿਸ਼ਨ ਨੇ ਪੰਜ ਸਾਲ ਪਹਿਲਾਂ ਸੰਸਥਾ ’ਚ ਬੱਚਿਆਂ ਨਾਲ ਦੁਰਵਿਹਾਰ ਬਾਰੇ ਰਿਪੋਰਟ ਪੇਸ਼ ਕੀਤੀ ਸੀ। ਇਸ ’ਚ ਦੱਸਿਆ ਗਿਆ ਕਿ ਦੁਰਵਿਹਾਰ ਤੇ ਲਾਪ੍ਰਵਾਹੀ ਕਾਰਨ ਘੱਟ ਤੋਂ ਘੱਟ 3200 ਬੱਚਿਆਂ ਦੀ ਮੌਤ ਹੋ ਗਈ। ਇਸ ’ਚ ਦੱਸਿਆ ਕਿ ਕੈਮਲੂਪਸ ਸਕੂਲ ’ਚ 1905 ਤੋਂ 1963 ਵਿਚਾਲੇ ਘੱਟ ਤੋਂ ਘੱਟ 51 ਮੌਤਾਂ ਹੋਈਆਂ ਸਨ। ਕੈਨੇਡਿਆਈ ਸਰਕਾਰ ਨੇ 2008 ’ਚ ਸੰਸਦ ’ਚ ਮੁਆਫ਼ੀ ਮੰਗੀ ਸੀ ਤੇ ਸਕੂਲਾਂ ’ਚ ਸਰੀਰਕ ਤੇ ਜਿਨਸੀ ਸ਼ੋਸ਼ਣ ਦੀ ਗੱਲ ਸਵੀਕਾਰ ਕੀਤੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਆਗੂ ਜੌਹਨ ਹੌਰਗਨ ਨੇ ਕਿਹਾ ਕਿ ਇਹ ਕੰਕਾਲ ਮਿਲਣ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਮਾਸ ਨੂੰ ਲੈ ਕੇ ਇਜ਼ਰਾਈਲ ਅਤੇ ਮਿਸਰ ਵਿਚਕਾਰ ਵਾਰਤਾ
Next articleਕੈਪਟਨ-ਸਿੱਧੂ ਵਿਵਾਦ: ਦੋ ਉਪ ਮੁੱਖ ਮੰਤਰੀ ਬਣਾਉਣ ਦੇ ਚਰਚੇ