ਸਰੀ (ਸਮਾਜ ਵੀਕਲੀ) – ਭਾਰਤ ਦੇ ਆਜ਼ਾਦੀ ਦਿਹਾੜੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੰਦਿਆਂ ਹੈ ਕਿ ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਸੁਤੰਤਰਤਾ ਦਿਵਸ ਭਾਰਤ ਦੇ ਲੋਕਾਂ ਅਤੇ ਇੰਡੋ-ਕੈਨੇਡੀਅਨ ਭਾਈਚਾਰਿਆਂ ਨਾਲ ਰਲ ਕੇ ਕੈਨੇਡਾ ਭਰ ਵਿਚ ਮਨਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਲੋਕਤੰਤਰ ਅਤੇ ਬਹੁਲਵਾਦ ਦੀਆਂ ਸਾਂਝੀਆਂ ਪਰੰਪਰਾਵਾਂ ਅਤੇ ਡੂੰਘੇ ਸੱਭਿਆਚਾਰਕ ਅਤੇ ਲੋਕਾਂ ਦੇ ਸਬੰਧਾਂ ਤੇ ਆਧਾਰਤ ਲੰਮੇ ਸਮੇਂ ਤੋਂ ਇਕ ਮਜ਼ਬੂਤ ਅਤੇ ਜੀਵੰਤ ਰਿਸ਼ਤਾ ਬਣਿਆ ਹੋਇਆ ਹੈ। ਭਾਰਤੀ ਵਿਰਾਸਤ ਨਾਲ ਸਬੰਧਤ 10 ਲੱਖ ਤੋਂ ਵੱਧ ਕੈਨੇਡੀਅਨਾਂ ਨੇ ਸਾਡੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਲਗਾਤਾਰ ਪਾ ਰਹੇ ਹਨ।
ਕੈਨੇਡਾ ਅਤੇ ਭਾਰਤ ਸੰਯੁਕਤ ਰਾਸ਼ਟਰ, ਰਾਸ਼ਟਰਮੰਡਲ ਅਤੇ ਵਿਸ਼ਵ ਵਪਾਰ ਸੰਸਥਾ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਮਿਲ ਕੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਵਪਾਰ ਅਤੇ ਨਿਵੇਸ਼, ਸਿੱਖਿਆ ਅਤੇ ਹੁਨਰ ਦੀ ਸਿਖਲਾਈ, ਵਿਗਿਆਨ ਅਤੇ ਨਵੀਨਤਾ ਅਤੇ ਮੌਸਮ ਵਿੱਚ ਤਬਦੀਲੀ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੀ ਭਾਈਵਾਲੀ ਹੋਰ ਵੀ ਮਜ਼ਬੂਤ ਹੋਵੇਗੀ।