ਕਨੈਡਾ ਕੈਲਗਰੀ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕੈਲਗਰੀ ਕੈਨੇਡਾ ’ਚ ‘ਸਿੱਖ ਵਿਰਾਸਤੀ ਮਹੀਨਾ’ ਮਨਾਉਣ ਦੇ ਜਸ਼ਨ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ ਹਨ। ਕੈਨੇਡਾ ’ਚ ਅਪ੍ਰੈਲ ਦਾ ਮਹੀਨਾ ਇਸੇ ਨਾਂ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਸਿੱਖਾਂ ਦੇ ਇਸ ਦੇਸ਼ ਵਿੱਚ ਪਾਏ ਜਾਣ ਵਾਲੇ ਮਹਾਨ ਯੋਗਦਾਨ ਨੂੰ ਚੇਤੇ ਕੀਤਾ ਜਾਂਦਾ ਹੈ। 30 ਅਪ੍ਰੈਲ, 2019 ਨੂੰ ਕੈਨੇਡੀਅਨ ਸੰਸਦ ਨੇ ਪੂਰੇ ਦੇਸ਼ ’ਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਕੈਨੇਡਾ ਦੇ ਸਿਰਫ਼ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹੀ ਇਹ ਮਹੀਨਾ ਮਨਾਇਆ ਜਾਂਦਾ ਸੀ। ਇਸ ਵਾਰ ਵੀ ਕੈਨੇਡਾ ਸਰਕਾਰ ਤੇ ਇਸ ਦੇਸ਼ ਦੇ ਸਮੂਹ ਵਾਸੀ ਪੂਰੇ ਜੋਸ਼ੋ-ਖ਼ਰੋਸ਼ ਨਾਲ ਇਹ ਮਹੀਨਾ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦੇਈਏ ਕਿ ਖ਼ਾਲਸਾ ਪੰਥ ਦੀ ਸਾਜਨਾ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ’ਚ ਇਸੇ ਅਪ੍ਰੈਲ ਦੇ ਮਹੀਨੇ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ।
ਕੱਲ੍ਹ 1 ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨਾ’ ਸ਼ੁਰੂ ਹੋਣ ਮੌਕੇ ਕੈਨੇਡਾ ਦੇ ‘ਡਾਇਵਰਸਿਟੀ, ਇਨਕਲੂਜ਼ਨ ਐਂਡ ਯੂਥ’ ਮਾਮਲਿਆਂ ਬਾਰੇ ਮੰਤਰੀ ਬੀਬਾ ਬਰਦੀਸ਼ ਚੈਗਰ (ਜੋ ਪੰਜਾਬੀ ਮੂਲ ਦੇ ਹਨ ਤੇ ਜਿਨ੍ਹਾਂ ਦੇ ਮਾਪੇ 1970ਵਿਆਂ ਦੌਰਾਨ ਭਾਰਤੀ ਪੰਜਾਬ ਤੋਂ ਕੈਨੇਡਾ ਜਾ ਕੇ ਵੱਸ ਗਏ ਸਨ) ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਸਿੱਖਾਂ ਨੇ ਦੇ ਸਮਾਜਕ, ਆਰਥਿਕ, ਸਿਆਸੀ ਤੇ ਸਭਿਆਚਾਰਕ ਤੌਰ ਉੱਤੇ ਆਪਣਾ ਯੋਗਦਾਨ ਪਾਇਆ ਹੈ।
ਕੈਨੇਡਾ ’ਚ 5 ਲੱਖ ਤੋਂ ਵੀ ਵੱਧ ਸਿੱਖ ਵਸਦੇ ਹਨ ਤੇ ਪਹਿਲੇ ਸਿੱਖ ਭਾਰਤ ਤੋਂ ਪ੍ਰਵਾਸ ਕਰ ਕੇ 19ਵੀਂ ਸਦੀ ਦੇ ਅੰਤ ’ਚ ਇੱਥੇ ਪੁੱਜੇ ਸਨ। ਮੰਤਰੀ ਚੈਗਰ ਨੇ ਅੱਗੇ ਕਿਹਾ ਕਿ ਸਿੱਖਾਂ ਨੇ ਕੈਨੇਡੀਅਨ ਸਮਾਜ ਦੇ ਸਾਰੇ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਇਸ ਦੇਸ਼ ਨੂੰ ਵਿਭਿੰਨਤਾਵਾਂ ਨਾਲ ਭਰਪੂਰ ਬਣਾਇਆ ਹੈ। ਉਨ੍ਹਾਂ ਆਪਣੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਨੇਡਾ ਸਰਕਾਰ ਦੀ ਤਰਫ਼ੋਂ ਸਮੂਹ ਕੈਨੇਡੀਅਨਾਂ ਨੂੰ ਸਿੱਖਾਂ ਤੇ ਉਨ੍ਹਾਂ ਦੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਨ ਦਾ ਸੱਦਾ ਵੀ ਦਿੱਤਾ।
ਉੱਧਰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ‘ਨਸਲਵਾਦ ਵਿਰੋਧੀ ਪਹਿਲਕਦਮੀਆਂ’ ਨਾਲ ਸਬੰਧਤ ਮਾਮਲਿਆਂ ਦੇ ਪਾਰਲੀਮਾਨੀ ਸਕੱਤਰ ਰਚਨਾ ਸਿੰਘ ਨੇ ਵੀ ਆਪਣੇ ਇੱਕ ਬਿਆਨ ’ਚ ਕਿਹਾ ਹੈ ਕਿ ਸਿੱਖ ਕੌਮ ਨੇ ਇਸ ਸੂਬੇ ਨੂੰ ਹੋਰ ਵਧੇਰੇ ਅਮੀਰ ਤੇ ਮਜ਼ਬੂਤ ਬਣਾਇਆ ਹੈ। ਪਹਿਲਾ ਗੁਰਦੁਆਰਾ ਸਾਹਿਬ 100 ਸਾਲ ਤੋਂ ਵੀ ਪਹਿਲਾਂ ਇੱਥੋਂ ਦੇ ਸ਼ਹਿਰ ਵੈਨਕੂਵਰ ’ਚ ਸਥਾਪਤ ਹੋ ਗਿਆ ਸੀ। ‘ਅਸੀਂ ਸਮੂਹ ਸਿੱਖ ਕੌਮ ਦੇ ਧੰਨਵਾਦੀ ਹਾਂ ਕਿ ਉਸ ਰਾਹੀਂ ਇਸ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਅਮੀਰ ਸਭਿਆਚਾਰ ਤੇ ਵਿਭਿੰਨਤਾ ਆਈ।’
ਪਾਰਲੀਮਾਨੀ ਸਕੱਤਰ ਰਚਨਾ ਸਿੰਘ ਨੇ ਕੱਲ੍ਹ 1 ਅਪ੍ਰੈਲ ਨੂੰ ਜਾਰੀ ਕੀਤੇ ਆਪਣੇ ਬਿਆਨ ’ਚ ਅੱਗੇ ਕਿਹਾ ਕਿ ਸਿੱਖ ਧਰਮ ਸਮਾਨਤਾ, ਨਿਸ਼ਕਾਮ ਸੇਵਾ ਤੇ ਸਮਾਜਕ ਨਿਆਂ ਦਾ ਪ੍ਰਤੀਕ ਹੈ। ਇਸੇ ਮਹੀਨੇ ਕਿਸਾਨ ਆਪਣੀਆਂ ਫ਼ਸਲਾਂ ਸਾਂਭ ਕੇ ਵਿਹਲੇ ਹੁੰਦੇ ਹਨ ਤੇ ਜਸ਼ਨ ਮਨਾਉਂਦੇ ਹਨ।
ਗ਼ੌਰਤਲਬ ਹੈ ਕਿ ਕੈਨੇਡਾ ਦੇ ਟੋਰਾਂਟੋ (ਉਨਟਾਰੀਓ), ਵੈਨਕੂਵਰ, ਸਰੀ (ਬ੍ਰਿਟਿਸ਼ ਕੋਲੰਬੀਆ), ਕੈਲਗਰੀ, ਐਡਮਿੰਟਨ (ਅਲਬਰਟਾ) ਜਿਹੇ ਸ਼ਹਿਰਾਂ ’ਚ ਵਿਸਾਖੀ ਮੌਕੇ ਬਹੁਤ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ, ਜਿਨ੍ਹਾਂ ਨੂੰ ਇੱਥੇ ‘ਸਿੱਖ ਪਰੇਡ’ ਆਖਿਆ ਜਾਂਦਾ ਹੈ। ਇਨ੍ਹਾਂ ਨਗਰ ਕੀਰਤਨਾਂ ’ਚ ਲੱਖਾਂ ਸਿੱਖ ਸ਼ਰਧਾਲੂ ਹੀ ਨਹੀਂ, ਸਗੋਂ ਅਨੇਕ ਸਥਾਨਕ ਗੋਰੇ ਵੀ ਬਹੁਤ ਸ਼ਰਧਾ ਨਾਲ ਭਾਗ ਲੈਂਦੇ ਹਨ। ਇਸ ਮੌਕੇ ‘ਗੁਰੂ ਕਾ ਲੰਗਰ’ ਅਤੁੱਟ ਵਰਤਦਾ ਹੈ।