ਕੋਨੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲਾ ਵਿਚ ਕਿਹਾ ਕਿ ਸੂਬੇ ਦੇ ਲੋਕ ਸੱਤਾਧਾਰੀ ਐਲਡੀਐਫ ਤੇ ਵਿਰੋਧੀ ਧਿਰ ਯੂਡੀਐਫ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਭਾਜਪਾ ਦੇ ਬਦਲਾਅ ਤੇ ਵਿਕਾਸ ਦੇ ਏਜੰਡੇ ਨੂੰ ਪਹਿਲ ਦੇ ਰਹੇ ਹਨ। ਮੋਦੀ ਨੇ ਕਿਹਾ ਕਿ ਰਾਜ ਦੇ ਲੋਕ ਹੁਣ ਭਾਜਪਾ, ਐਨਡੀਏ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨਾਲ ਜੁੜਾਅ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕੋਨੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਪ੍ਰਸਿੱਧ ਅਯੱਪਾ ਮੰਦਰ ਸਥਿਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਸ਼ੇਵਰ ਭਾਈਚਾਰਾ ਭਾਜਪਾ ਦੀ ਸਿਫ਼ਤ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਪਾਰਟੀ ਸਿਆਸਤ ਵਿਚ ਅਗਾਂਹਵਧੂ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਲਿਆ ਰਹੀ ਹੈ। ਉਨ੍ਹਾਂ ਮੈਟਰੋਮੈਨ ਈ. ਸ੍ਰੀਧਰਨ ਦੀ ਵੀ ਉਦਾਹਰਣ ਦਿੱਤੀ। ਇਸੇ ਦੌਰਾਨ ਤਾਮਿਲਨਾਡੂ ਦੇ ਮਦੁਰਾਇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਡੀਐਮਕੇ ਅਤੇ ਕਾਂਗਰਸ ਉਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ‘ਔਰਤਾਂ ਦਾ ਨਿਰਾਦਰ ਕਰਦੇ ਰਹਿੰਦੇ ਹਨ।’
ਜਦਕਿ ਐਨਡੀਏ ਦੀਆਂ ਸਕੀਮਾਂ ਔਰਤਾਂ ਦੀ ਭਲਾਈ ਵੱਲ ਸੇਧਤ ਹਨ। ਉਨ੍ਹਾਂ ‘ਉੱਜਵਲਾ’ ਸਕੀਮ ਦਾ ਹਵਾਲਾ ਵੀ ਦਿੱਤਾ। ਰੈਲੀ ਦੌਰਾਨ ਮੋਦੀ ਨੇ ਐਨਡੀਏ ਉਮੀਦਵਾਰਾਂ ਲਈ ਵੋਟ ਮੰਗੇ। ਜ਼ਿਕਰਯੋਗ ਹੈ ਕਿ ਭਾਜਪਾ, ਅੰਨਾਡੀਐਮਕੇ ਨਾਲ ਰਲ ਕੇ ਚੋਣ ਲੜ ਰਹੀ ਹੈ। ਤਾਮਿਲਨਾਡੂ ਵਿਚ ਚੋਣਾਂ 6 ਅਪਰੈਲ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਕਿ ਡੀਐਮਕੇ ਸ਼ਾਂਤੀ ਪਸੰਦ ਮਦੁਰਾਇ ਨੂੰ ਆਪਣੇ ਪਰਿਵਾਰਕ ਝਗੜਿਆਂ ਕਰ ਕੇ ‘ਮਾਫ਼ੀਆ ਦਾ ਕੇਂਦਰ’ ਬਣਾਉਣ ਵਿਚ ਲੱਗੀ ਰਹੀ ਹੈ।