ਬੰਗਲੁਰੂ (ਸਮਾਜ ਵੀਕਲੀ) : ਜੇਡੀ(ਐੱਸ) ਆਗੂ ਐਚ.ਡੀ. ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਕ ਕੁਮਾਰਸਵਾਮੀ ਨੇ ਯੇਦੀਯੁਰੱਪਾ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਉਹ ਕਰੀਬ 15 ਮਿੰਟ ਉੱਥੇ ਰਹੇ। ਜੇਡੀ(ਐੱਸ) ਦੇ ਵਿਧਾਇਕ ਸੀ.ਐੱਸ. ਪੁੱਟਾਰਾਜੂ ਵੀ ਉਨ੍ਹਾਂ ਦੇ ਨਾਲ ਸਨ। ਸੂਤਰਾਂ ਮੁਤਾਬਕ ਉਨ੍ਹਾਂ ਵਿਧਾਇਕ ਦੇ ਹਲਕੇ ਨਾਲ ਜੁੜੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਹੈ।
ਹਾਲਾਂਕਿ ਮੁਲਾਕਾਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਭਾਜਪਾ ਦੇ ਪਿਛਲੇ ਸਾਲ ਸੱਤਾ ਵਿਚ ਆਉਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਦੂਜੀ ਅਜਿਹੀ ਮੀਟਿੰਗ ਹੈ। ਜੇਡੀ(ਐੱਸ)-ਕਾਂਗਰਸ ਸਰਕਾਰ ਡਿਗਣ ਤੋਂ ਬਾਅਦ ਪਹਿਲੀ ਮੀਟਿੰਗ 11 ਸਤੰਬਰ ਨੂੰ ਹੋਈ ਸੀ। ਉਸ ਵੇਲੇ ਮੀਟਿੰਗ ਦਾ ਕਾਰਨ ਮੀਂਹ ਕਾਰਨ ਹੋਏ ਨੁਕਸਾਨ ਉਤੇ ਵਿਚਾਰ-ਚਰਚਾ ਦੱਸਿਆ ਗਿਆ ਸੀ। ਪਾਰਟੀ ਦੇ ਇਕ ਵਿਧਾਇਕ ਵੀ ਕੁਮਾਰਸਵਾਮੀ ਦੇ ਨਾਲ ਸਨ। ਅਚਾਨਕ ਹੋਈ ਮੀਟਿੰਗ ਮਗਰੋਂ ਦੋਵਾਂ ਵਿਚਾਲੇ ਸੰਭਾਵੀ ਸਿਆਸੀ ਗੱਲਬਾਤ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕਾਂਗਰਸ ਦੇ ਕੁਝ ਆਗੂ ਪਹਿਲਾਂ ਹੀ ਦੋਸ਼ ਲਾ ਰਹੇ ਹਨ ਕਿ ਕੁਮਾਰਸਵਾਮੀ ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਨਰਮ ਰੁਖ਼ ਅਖ਼ਤਿਆਰ ਕਰ ਰਹੇ ਹਨ।