ਨਵੀਂ ਦਿੱਲੀ (ਸਮਾਜ ਵੀਕਲੀ): ਪੈਗਾਸਸ ਜਾਸੂਸੀ ਕਾਂਡ ’ਤੇ ਸੂਚਨਾ ਤਕਨਾਲੋਜੀ ਸਬੰਧੀ ਸੰਸਦ ਦੀ ਸਥਾਈ ਕਮੇਟੀ ’ਚ ਸਰਕਾਰੀ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰਨ ਦਾ ਭਾਜਪਾ ਮੈਂਬਰਾਂ ਵੱਲੋਂ ਵਿਰੋਧ ਕੀਤੇ ਜਾਣ ਦਰਮਿਆਨ ਕਮੇਟੀ ਦੇ ਮੁਖੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਹੁਕਮਰਾਨ ਧਿਰ ਦੇ ਮੈਂਬਰਾਂ ’ਤੇ ਵਰ੍ਹਦਿਆਂ ਕਿਹਾ ਹੈ ਕਿ ਕੁਝ ਅਨਸਰਾਂ ਨੇ ਇਸ ਨੂੰ ‘ਪਿੰਗ ਪੌਂਗ’ ਦਾ ਮੁਕਾਬਲਾ ਬਣਾ ਲਿਆ ਹੈ ਜੋ ਸੰਸਦ ਦੀ ਭਾਵਨਾ ਮੁਤਾਬਕ ਨਹੀਂ ਹੈ। ਥਰੂਰ ਮੁਤਾਬਕ ਭਾਜਪਾ ਨੇ ਜਾਸੂਸੀ ਕਾਂਡ ਤੋਂ ਧਿਆਨ ਭਟਕਾਉਣ ਲਈ ਹੋਰ ਬੇਤੁਕੇ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਉਨ੍ਹਾਂ ਖ਼ਿਲਾਫ਼ ‘ਮਰਿਆਦਾ ਮਤਾ’ ਪੇਸ਼ ਕਰਨ ਦੀਆਂ ਰਿਪੋਰਟਾਂ ਬਾਰੇ ਥਰੂਰ ਨੇ ਕਿਹਾ ਕਿ ਇਸ ਦੀ ਕੋਈ ਵੈਧਤਾ ਨਹੀਂ ਹੈ ਕਿਉਂਕਿ ਸੰਵਿਧਾਨਕ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਇਸ ਮਤੇ ਨੂੰ ਪੇਸ਼ ਕੀਤਾ ਗਿਆ ਹੈ ਅਤੇ ਸਪੀਕਰ ਨੇ ਇਸ ਦੀ ਸਦਨ ਤੋਂ ਇਜਾਜ਼ਤ ਨਹੀਂ ਲਈ ਹੈ। ਥਰੂਰ ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੂੰ ‘ਬਿਹਾਰੀ ਗੁੰਡਾ’ ਆਖੇ ਜਾਣ ਦੇ ਦੋਸ਼ਾਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਥਰੂਰ ਨੇ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਧਰ ਦੂਬੇ ਨੇ ਕਾਂਗਰਸ ਦੇ ਸੰਸਦ ਮੈਂਬਰ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਥਰੂਰ ਨਿਯਮਾਂ ਤੋਂ ਅਣਜਾਣ ਹੈ ਅਤੇ ਨਿਰਾਸ਼ ਹੈ ਕਿਉਂਕਿ ਉਨ੍ਹਾਂ ਆਪਣਾ ਧਿਆਨ ਲੋਕ ਸਭਾ ’ਚ ਅਧੀਰ ਰੰਜਨ ਚੌਧਰੀ ਦੀ ਥਾਂ ’ਤੇ ਪਾਰਟੀ ਦਾ ਆਗੂ ਬਣਨ ਵੱਲ ਕੇਂਦਰਤ ਕੀਤਾ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly