ਲੰਡਨ, (ਰਾਜਵੀਰ ਸਮਰਾ)- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਕੀਤੀਆਂ ਸੇਵਾਵਾਂ ਲਈ ਬਰਤਾਨੀਆ ਸਰਕਾਰ ਵਲੋਂ ਸ਼ਾਹੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ | ‘ਕੁਈਨ ਐਵਾਰਡ 2021’ ਦੀ ਜਾਰੀ ਸੂਚੀ ‘ਚ ਕਿਹਾ ਗਿਆ ਕਿ ਕੋਰੋਨਾ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਇਸ ਦੀ ਛਤਰ ਛਾਇਆ ਹੇਠ ਚੱਲ ਰਹੇ ਮੇਲ ਗੇਲ ਮਲਟੀਕਲਚਰਲ ਪ੍ਰਾਜੈਕਟ ਸਾਊਥਾਲ ਨੇ ਲੋੜਵੰਦਾਂ ਲਈ ਲੰਗਰ, ਦਵਾਈਆਂ ਅਤੇ ਹੋਰ ਬੇਅੰਤ ਸੇਵਾਵਾਂ ਦਿੱਤੀਆਂ | ਗੁਰੂ ਘਰ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ, ਨੇ ਕਿਹਾ ਕਿ ਇਹ ਸਨਮਾਨ ਸੰਗਤਾਂ ਅਤੇ ਉਨ੍ਹਾਂ ਸੇਵਾਦਾਰਾਂ ਲਈ ਹੈ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਲੋੜਵੰਦਾਂ ਤੱਕ ਲੰਗਰ, ਦਵਾਈਆਂ ਪਹੁੰਚਾਈਆਂ ਅਤੇ ਹੋਰ ਸੇਵਾਵਾਂ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਲੱਗੀ ਤਾਲਾਬੰਦੀ ਦੌਰਾਨ ਸੰਸਥਾਵਾਂ ਨੇ ਈਲਿੰਗ ਕੌਂਸਲ ਅਤੇ ਆਸ ਪਾਸ ਦੇ ਇਲਾਕੇ ਵਿਚ ਲੋਕਾਂ ਨੂੰ ਘਰਾਂ ਵਿਚ ਲੰਗਰ ਅਤੇ ਦਵਾਈਆਂ ਪਹੁੰਚਾਈਆਂ ਅਤੇ ਇਹ ਸੇਵਾਵਾਂ ਅੱਜ ਤੱਕ ਵੀ ਜਾਰੀ ਹਨ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਵੈਕਸੀਨ ਲਗਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ | ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਲੋਹ ਦੀਆਂ ਸੇਵਾਵਾਂ ਲਈ ਵੀ ‘ਕੁਈਨ ਐਵਾਰਡ 2021’ ਦਿੱਤਾ ਗਿਆ ਹੈ |