ਕੁਈਨਜ਼ਲੈਂਡ ਸਰਕਾਰ ਵੱਲੋਂ ਅਡਾਨੀ ਦੀ ਯੋਜਨਾ ਰੱਦ

ਆਸਟਰੇਲੀਆ ਦੇ ਕੁਈਨਜ਼ਲੈਂਡ ਦੀ ਸੂਬਾਈ ਸਰਕਾਰ ਨੇ ਭਾਰਤੀ ਸਨਅਤਕਾਰ ਅਡਾਨੀ ਦੀ ਖ਼ਤਰੇ ਵਿੱਚ ਪਈ ਫਿੰਚ ਨਾਂ ਦੇ ਪੰਛੀ ਦੀ ਪ੍ਰਜਾਤੀ ਨੂੰ ਸੁਰੱਖਿਆ ਦੇਣ ਦੀ ਯੋਜਨਾ ਰੱਦ ਕਰ ਦਿੱਤੀ ਹੈ। ਸੂਬਾਈ ਸਰਕਾਰ ਨੇ ਕਿਹਾ ਕਿ ਅਡਾਨੀ ਦਾ ਅਰਬਾਂ ਡਾਲਰ ਦੀ ਲਾਗਤ ਵਾਲਾ ਤਜਵੀਜ਼ਤ ਖਣਨ ਪ੍ਰਾਜੈਕਟ ਪ੍ਰਵਾਨਗੀ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਮੀਡੀਆ ਰਿਪੋਰਟਾਂ ਮੁਤਾਬਕ ਵਾਤਾਵਰਨ ਵਿਭਾਗ ਦੇ ਇਸ ਫੈਸਲੇ ਨਾਲ ਪਹਿਲਾਂ ਹੀ ਵਿਵਾਦਾਂ ’ਚ ਘਿਰੇ ਕਾਰਮਾਈਕਲ ਕੋਇਲਾ ਖਣਨ ਪ੍ਰਾਜੈਕਟ ਅਣਮਿੱਥੇ ਸਮੇਂ ਲਈ ਪੱਛੜ ਸਕਦਾ ਹੈ। ਕਾਬਿਲੇਗੌਰ ਹੈ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਊਰਜਾ ਜਾਇੰਟ ਅੱਗੇ ਕਾਲੀ ਗਰਦਨ ਵਾਲੇ ਫ਼ਿੰਚ ਪੰਛੀਆਂ ਦੀ ਪ੍ਰਜਾਤੀ ਨੂੰ ਬਚਾਉਣਾ ਤੇ ਜ਼ਮੀਨਦੋਜ਼ ਪਾਣੀ ਦੀ ਯੋਜਨਾ ਦੋ ਮੁੱਖ ਅੜਿੱਕੇ ਹਨ। ਜ਼ਮੀਨਦੋਜ਼ ਪਾਣੀ ’ਤੇ ਪਹਿਲਾਂ ਹੀ ਸੂਬਾਈ ਸਰਕਾਰ ਦੀ ਨਜ਼ਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਈਨਜ਼ਲੈਂਡ ਦੇ ਵਾਤਾਵਰਨ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੇ ਵੀਰਵਾਰ ਨੂੰ ਅਡਾਨੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਵਿਭਾਗੀ ਅਧਿਕਾਰੀਆਂ ਨੇ ਕੰਪਨੀ ਨੂੰ ਸਾਫ਼ ਕਰ ਦਿੱਤਾ ਕਿ ਫ਼ਿੰਚ ਪ੍ਰਬੰਧਨ ਨਾਲ ਸਬੰਧਤ ਯੋਜਨਾ ਨੂੰ ਉਸ ਦੇ ਮੌਜੂਦਾ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਲੋੜੀਂਦੀਆਂ ਸ਼ਰਤਾਂ ’ਤੇ ਖਰਾ ਨਹੀਂ ਉਤਰਦਾ। ਵਾਤਾਵਰਨ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਜਿਸ ਥਾਂ/ਸਾਈਟ ’ਤੇ ਕੋਲਾ ਖਣਨ ਦੀ ਇਜਾਜ਼ਤ ਮੰਗੀ ਜਾ ਰਹੀ ਹੈ, ਉਸ ਥਾਂ ’ਤੇ ਕਾਲੀ ਗਰਦਨ ਵਾਲੇ ਫ਼ਿੰਚ ਪੰਛੀਆਂ ਦੀ ਵੱਡੀ ਆਬਾਦੀ ਹੈ, ਜਿਨ੍ਹਾਂ ਦੀ ਪ੍ਰਜਾਤੀ ਖ਼ਤਰੇ ਵਿੱਚ ਹੈ। m,

Previous articleਖਰਚ ਵੇਰਵਿਆਂ ਬਾਰੇ ਸਚਾਈ ਦੀ ਜਿੱਤ ਹੋਈ: ਸ਼ੇਰਗਿੱਲ
Next articleਬਾਂਸਲ, ਕਿਰਨ ਤੇ ਧਵਨ ਇਕ ਮੰਚ ’ਤੇ ਹੋਏ ਇਕੱਠੇ