ਕੀ ਬਾਬਾ ਸਾਹਿਬ ਨੇ ਘਰ ਵਾਪਸੀ, ਜਲਦਬਾਜ਼ੀ ਵਿੱਚ ਕੀਤੀ ?

(ਸਮਾਜ ਵੀਕਲੀ)- ਜਿਨ੍ਹਾਂ ਲੋਕਾਂ ਦੇ ਦਿਮਾਗ ਬਾਮਣਾਂ ਦੇ ਗੁਲਾਮ ਹਨ ਜਾਂ ਜੱਗੂ (ਜਗਜੀਵਨ ਰਾਮ) ਵਰਗਿਆਂ ਦੇ ਚੇਲੇ ਹਨ, ਜਿਸ ਨੂੰ ਬਾਮਣਾਂ ਅਤੇ ਕਾਂਗਰਸ ਨੇ ਬਾਬਾ ਸਾਹਿਬ ਦੀ ਮੁਖ਼ਾਲਫ਼ਤ ਕਰਨ ਲਈ ਹੀ ਖਰੀਦਿਆ ਹੋਇਆ ਸੀ। ਉਹ ਲੋਕ ਬਾਬਾ ਸਾਹਿਬ ਉੱਤੇ ਕੋਈ ਨਾ ਕੋਈ ਤੋਹਮੱਤ ਲਾਉਂਦੇ ਹੀ ਰਹਿੰਦੇ ਹਨ। ਇਹ ਕੰਮ ਜ਼ਿਆਦਾਤਰ ਸਾਡੇ ਹੀ ਲੋਕ ਜੋ ਬਾਬਾ ਸਾਹਿਬ ਦੀ ਹਰ ਸਹੂਲਤ ਦਾ ਫਾਇਦਾ ਲੈ ਰਹੇ ਹਨ, ਉਹ ਹੀ ਕਰਦੇ ਹਨ। ਬਾਬਾ ਸਾਹਿਬ ਨੇ ਬਾਮਣੀ ਨਾਲ ਵਿਆਹ ਕਿਊਂ ਕਰਾਇਆ ? ਅਗਰ ਬਾਬਾ ਸਾਹਿਬ ਆਪਣੇ ਹੀ ਸਮਾਜ ਵਿੱਚੋਂ ਕਿਸੇ ਔਰਤ ਨਾਲ ਸ਼ਾਦੀ ਕਰ ਲੈਂਦੇ ਤਾਂ ਇਨ੍ਹਾਂ ਨੇ ਹੀ ਕਹਿਣਾ ਸੀ ਕਿ “ਮਜ਼ਾ ਤਾਂ ਫਿਰ ਆਉਂਦਾ ਅਗਰ ਬਾਬਾ ਸਾਹਿਬ ਕਿਸੇ ਬਾਮਣਾਂ ਦੀ ਔਰਤ ਨਾਲ ਸ਼ਾਦੀ ਕਰਾਕੇ ਦੱਸਦੇ” ! ਬਾਬਾ ਸਾਹਿਬ ਨੇ ਪੂਨਾ ਪੈਕਟ ਦਾ ਸਮਝੌਤਾ ਕਿਉਂ ਕੀਤਾ। ਸਿੱਖ ਵੀ ਸਟੇਜਾਂ ਤੋਂ, ਕਿਤਾਬਾਂ ਅਤੇ ਅਖਬਾਰਾਂ ਰਾਹੀਂ ਕਹਿੰਦੇ ਹਨ ਕਿ ਗਾਂਧੀ ਨੇ ਡਾ: ਅੰਬੇਡਕਰ ਨੂੰ ਕਿਹਾ ਸੀ ਕਿ ਸਿੱਖ ਨਾ ਬਣਿਓ ਬਾਕੀ ਜੋ ਮਰਜੀ ਬਣ ਜਾਇਓ। ਇਹ ਤਾਂ ਘੱਟ-ਵੱਧ ਹੀ ਕਹਿੰਦੇ ਹਨ ਪਰ ਬਾਬਾ ਸਾਹਿਬ ਨੇ ਬੁੱਧ ਧੰਮ ਕਿਉਂ ਅਪਣਾਇਆ?, ਇਸ ਨੂੰ ਬਹੁਤ ਘਰੋੜ੍ਹ ਘਰੋੜ੍ਹ ਕੇ ਕਹਿੰਦੇ ਹਨ। ਫਿਰ ਕੁਝ ਸਿਰ ਫਿਰੇ ਕਹਿੰਦੇ ਹਨ ਕਿ ਬਾਬਾ ਸਾਹਿਬ ਦੀ ਸਿਹਤ ਬਹੁਤ ਖਰਾਬ ਰਹਿੰਦੀ ਸੀ, ਉ੍ਹਨ੍ਹਾਂ ਨੂੰ ਪਤਾ ਸੀ ਕਿ ਉਹ ਬਹੁਤ ਦੇਰ ਨਹੀਂ ਜਿਉਣਗੇ ਇਸ ਲਈ ਬਾਬਾ ਸਾਹਿਬ ਨੇ ਜਲਦਬਾਜੀ ਵਿੱਚ ਬੁੱਧ ਧੰਮ ਅਪਣਾਇਆ ਸੀ। ਇਹ ਗੱਲਾਂ ਪੰਜਾਬ ਦੇ ਸਫਾਈ ਮਜ਼ਦੁੂਰ ਅਤੇ ਚਮਾਰ ਹੀ ਜ਼ਿਆਦਾ ਕਰਦੇ ਹਨ। ਇਸਦਾ ਜਵਾਬ ਹੇਠਾਂ ਦਰਜ ਹੈ, ਹਾਂ ਇੱਕ ਗੱਲ ਯਾਦ ਆ ਗਈ:- ਇੱਕ ਮਰਾਸੀ ਨੇ ਪਿੰਡ ਵਿੱਚ ਢੰਡੋਰਾ ਪਿਟਵਾਇਆ ਕਿ ਜੋ ਵੀ ਦੁੱਧ ਦਾ ਰੰਗ ਦੱਸ ਦੇਵੇਗਾ, ਮੈਂ ਆਪਣੀ ਮਰਾਸਣ ਨੂੰ ਇੱਕ ਰਾਤ ਲਈ ਉਸਨੂੰ ਦੇ ਦੇਵਾਂਗਾ। ਮਰਾਸਣ ਆਪਣੀਆ ਸਹੇਲੀਆਂ ਨਾਲ ਬੈਠੀ ਸੀ ਜਦੋਂ ਉਸਨੇ ਇਹ ਗੱਲ ਸੁਣੀ ਤਾਂ ਉਹ ਨੱਠੀ ਨੱਠੀ ਘਰ ਆਕੇ ਮਰਾਸੀ ਨੂੰ ਬਹੁਤ ਗੁੱਸੇ ਨਾਲ ਕਹਿਣ ਲੱਗੀ ਕਿ ਆਪਦਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ? ਕਿਸਨੂੰ ਨਹੀਂ ਪਤਾ ਕਿ ਦੁੱਧ ਦਾ ਰੰਗ ਚਿੱਟਾ ਹੁੰਦਾ ਹੈ। ਤੂੰ ਮੈਨੂੰ ਕਿਸ ਕਿਸ ਕੋਲ ਭੇਜੇਂਗਾ ? ਮਰਾਸੀ ਨੇ ਹੱਸਕੇ ਕਿਹਾ ਪਗਲੀ, ਜਦੌਂ ਮੈਂ ਹੀ ਨਹੀਂ ਮੰੰਨਣਾ ਕਿ ਦੁੱਧ ਦਾ ਰੰਗ ਚਿੱਟਾ ਹੈ ਤਾਂ ਤੈਨੂੰ ਕੌਣ ਲੈ ਜਾਵੇਗਾ? ਦੁਨੀਆ ਵਿੱਚ ਇਹੋ ਜਿਹੇ ਇਨਸਾਨ ਹਨ, ਜਿਨੂਾਂ ਨੂੰ ਸਭ ਕੁਛ ਦੱਸਣ ਦੇ ਬਾਬਜੂਦ ਨਹੀਂ ਮੰਨਦੇ।

ਦਸਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਜਿਸ ਬਾਗ ਵਿੱਚ ਭੀਮ ਰਾਓ ਏਕਾਂਤ ਵਿੱਚ ਪੜ੍ਹਨ ਜਾਂਦੇ ਸਨ ਉੱਥੇ ਕੁਲੇਸਕਰ ਜੀ ਵੀ ਆਇਆ ਕਰਦੇ ਸਨ। ਉਨ੍ਹਾਂ ਨਾਲ ਭੀਮ ਰਾਓ ਦੀ ਜਾਣ ਪਛਾਣ ਹੋ ਗਈ ਅਤੇ ਕੁਲੇਸਕਰ ਜੀ ਭੀਮ ਰਾਓ ਦੇ ਪਿਤਾ ਰਾਮਜੀ ਦੇ ਦੋਸਤ ਬਣ ਗਏ।

1907 ਈਸਵੀ ਵਿੱਚ ਜਦੋਂ ਭੀਮ ਰਾਓ ਨੇ ਮੈਟਰਿਕ ਪਾਸ ਕੀਤੀ, ਕਿਉਂਕਿ ਅਨੁਸੂਚਿਤ ਜਾਤੀਆਂ ਵਿੱਚੋਂ ਅੰਬੇਡਕਰ ਪਹਿਲੇ ਵਿਅਕਤੀ ਸਨ ਜਿਸ ਨੇ ਮੈਟਰਿਕ ਪਾਸ ਕੀਤੀ ਸੀ, ਇਸ ਖੁਸ਼ੀ ਵਿੱਚ ਭੀਮ ਰਾਓ ਨੂੰ ਸਨਮਾਨਤ ਕਰਨ ਲਈ ਇੱਕ ਸਭਾ ਰੱਖੀ ਗਈ ਜਿਸ ਦੀ ਪ੍ਰਧਾਨਗੀ ਕੁਲੇਸਕਰ ਜੀ ਨੇ ਕੀਤੀ। ਉਸ ਸਭਾ ਵਿੱਚ ਕੁਲੇਸਕਰ ਜੀ ਨੇ 1889 ਵਿੱਚ ਆਪਣੀ ਮਰਾਠੀ ਵਿੱਚ “ਬੁੱਧ ਚਰਿਤਰ” ਲਿਖੀ ਕਿਤਾਬ ਭੀਮ ਰਾਓ ਨੂੰ ਇਨਾਮ ਵਿੱਚ ਦਿੱਤੀ ਜੋ ਕਿ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ ਵਾਰੇ ਬਹੁਤ ਹੀ ਵਧੀਆ ਕਿਤਾਬ ਸੀ। ਜਿਸ ਵਿੱਚ ਤ੍ਰੀ ਸ਼ਰਣ, ਪੰਚ ਸ਼ੀਲ, ਚਾਰ ਆਰੀਯ ਸੱਤਯ, ਅਸ਼ਟਸ਼ੀਲ, ਅਨਿੱਚਾ ਅਨਿੱਤਾ, ਦੁੱਖਾ, ਦਸ ਪਾਰਮਿਤਾਵਾਂ ਆਦਿ ਉਸ ਕਿਤਾਬ ਵਿੱਚ ਵਿਸਤਾਰ ਪੂਰਵਕ ਸਨ। ਉੇਸ ਕਿਤਾਬ ਨੂੰ ਬਾਬਾ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੇ ਵਾਰ ਵਾਰ ਪੜ੍ਹਿਆ। ਜਿਸ ਦਾ ਉਨ੍ਹਾਂ ਦੇ ਦਿਮਾਗ ਉੱਤੇ ਬਹੁਤ ਗਹਿਰਾ ਅਸਰ ਪਿਆ। ਬੁੱਧ ਧੰਮ ਦਾ ਬੀਜ ਭੀਮ ਰਾਓ ਦੇ ਦਿਮਾਗ ਵਿੱਚ ਮੈਟਰਿਕ ਪਾਸ ਕਰਨ ਤੋਂ ਬਾਦ ਹੀ ਉੱਗ ਗਿਆ ਸੀ।

1920 ਈ: ਨਾਗਪੁਰ ਵਿੱਚ ਬਹਿਸ਼ਕਰਿਤ ਲੋਕਾਂ ਦੀ ਇੱਕ ਸਭਾ ਹੋਈ ਸੀ, ਜਿਸ ਵਿੱਚ ਸ਼ਾਹੂ ਜੀ ਮਹਾਰਾਜ ਖਾਸ ਮਹਿਮਾਨ ਸਨ। ਉਸ ਸਭਾ ਵਿੱਚ ਹੀ ਸ਼ਾਹੂ ਜੀ ਮਹਾਰਾਜ ਨੇ ਭਵਿੱਖ ਬਾਣੀ ਕੀਤੀ ਸੀ ਕਿ “ਅੰਬੇਡਕਰ ਦੇ ਰੂਪ ਵਿੱਚ ਅਛੂਤਾਂ ਦੀ ਗੁਲਾਮੀ ਦੀਆਂ ਜੰਜੀਰਾਂ ਤੋੜ੍ਹਨ ਵਾਲਾ ਨੇਤਾ ਉਨ੍ਹਾਂ ਨੂੰ ਮਿਲ ਗਿਆ ਹੈ”। ਉਸ ਸਭਾ ਵਿੱਚ ਭੀਮ ਰਾਓ ਅੰਬੇਡਕਰ ਨੇ ਆਪਣੇ ਭਾਸ਼ਣ ਵਿੱਚ ਬੁੱਧ ਦਾ ਜ਼ਿਕਰ ਕੀਤਾ ਸੀ।

1923 ਈਸਵੀ ਵਿੱਚ ਇੱਕ ਸਮਾਜਿਕ ਸੰਸਥਾ “ਬਹਿਸ਼ਕਰਿਤ ਹਿਤਕਾਰਣੀ ਸਭਾ” ਦਾ ਅੰਬੇਡਕਰ ਨੇ ਨਿਰਮਾਣ ਕੀਤਾ ਸੀ। ਇਸ ਸੰਸਥਾ ਦੇ ਉਦੇਸ਼ ਅੰਬੇਡਕਰ ਨੇ ਬੁੱਧ ਦੀ ਸਿੱਖਿਆ ਤੋਂ ਲਏ ਸਨ। ਇਸ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਪਛਾੜੇ ਹੋਏ ਲੋਕਾਂ ਵਿੱਚ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਿਵੇਂ ਕਰਨਾ ਹੈ, ਸਮਾਜ ਸੁਧਾਰ ਵਾਰੇ ਵੀ ਗੰਭੀਰਤਾ ਨਾਲ ਗੱਲ ਬਾਤ ਹੋਈ।

1927 ਵਿੱਚ ਬਾਬਾ ਸਾਹਿਬ ਨੇ ਇੱਕ ਐਸਾ ਸੰਗਰਾਮ ਕੀਤਾ ਸੀ, ਜੋ ਕਿ ਇਨਸਾਨੀ ਹੱਕਾਂ ਲਈ ਬਹੁਤ ਇਤਹਾਸਕ ਸੀ। ਪਾਣੀ ਪੀਣ ਦਾ ਅੰਦੋਲਨ, 19-20 ਮਾਰਚ ਨੂੰ ਮਹਾਰਸ਼ਟਰਰ ਦੇ ਮਹਾੜ ਜੋ ਕਿ ਕੋਕਣ ਵਿੱਚ ਹੈ, ਸ਼ੁਰੂ ਕੀਤਾ। ਇੱਕ ਵਾਰ ਮਹਾੜ ਤੋਂ ਵਾਪਸ ਲੌਟਦੇ ਸਮੇਂ ਮਹਾੜ ਵਿੱਚ ਹੀ 10-12 ਬੋਧੀ ਗੁਫਾਵਾਂ ਹਨ। ਬਾਬਾ ਸਾਹਿਬ ਆਪਣੇ ਸਾਥੀਆਂ ਨਾਲ ਦੇਖਣ ਗਏ, ਜ਼ਿਆਦਾ ਖੰਡਰਾਤ ਸਨ। ਕੁਛ ਗੁਫਾਵਾਂ ਬਚੀਆਂ ਹੋਈਆਂ ਸੀ। ਇੱਕ ਸਾਥੀ ਇੱਕ ਥੜ੍ਹੇ ਜਿਹੇ ਤੇ ਬੈਠਣ ਲੱਗਾ ਤਾਂ ਬਾਬਾ ਸਾਹਿਬ ਨੇ ਉਸਨੂੰ ਡਾਂਟਦਿਆਂ ਕਿਹਾ ਕਿ ਇਸ ਉੱਪਰ ਨਹੀ ਬੈਠਣਾ, ਲੰਮੇ ਸਮੇਂ ਕਰਕੇ ਇਸ ਦੇ ਉਪਰਲਾ ਹਿੱਸਾ ਡਿਗ ਪਿਆ ਹੈ ਪਰ ਇਸ ਦੇ ਹੇਠਾਂ ਅਰਹਤ ਭਿੱਖੂ ਦੀਆਂ ਅਸਤੀਆਂ ਰੱਖਕੇ ਸਤੂਪ ਬਣਾਇਆ ਗਿਆ ਸੀ। ਬੁੱਧ ਭਾਰਤ ਦੇ ਬਹੁਤ ਬੜੇ ਚਿੰਤਕ ਹੋਏ ਹਨ ਉਨ੍ਹਾਂ ਦੀਆਂ ਯਾਦਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ “ਵਿਚਾਰ ਯੋਗ ਗੱਲ ਹੈ ਕਿ 1926-27 ਵਿੱਚ ਬਾਬਾ ਸਾਹਿਬ ਨੂੰ ਬੁੱਧ ਧੰਮ ਵਾਰੇ ਕਿੰਨਾ ਗਹਿਰਾ ਗਿਆਨ ਸੀ” ਮਗਰ ਜਿਹੜੇ ਖੁਦ ਅ-ਧਰਮੀ (ਧਰਮ ਤੋਂ ਵਾਂਝੇ) ਜਾਂ 7-8 ਵੀਂ ਫੇਲ, ਕਹਿੰਦੇ ਹਨ ਕਿ ਬਾਬਾ ਸਾਹਿਬ ਨੇ ਜਲਦਬਾਜ਼ੀ ਵਿੱਚ ਬੁੱਧ ਧੰਮ ਅਪਣਾਇਆ ਸੀ ! “ਵਾਹ ਬਈ ਵਾਹ”

1930, 31, 32 ਲੰਡਨ ਦੀਆਂ ਰਾਉਂਡ ਟੇਬਲ ਕਾਨਫਰਾਂਸਾਂ ਵਿੱਚ ਵੀ ਬਾਬਾ ਸਾਹਿਬ ਨੇ ਬੁੱਧ ਦਾ ਜ਼ਿਕਰ ਕੀਤਾ ਹੈ। 1935 ਵਿੱਚ ਬਾਬਾ ਸਾਹਿਬ ਨੇ “ਜਾਤ ਪਾਤ ਦਾ ਬੀਜਨਾਸ਼” ਭਾਸ਼ਣ ਲਿਖਿਆ ਜੋ ਉਨ੍ਹਾਂ ਨੇ ਜਾਤ ਪਾਤ ਤੋੜਕ ਮੰਡਲ ਦੇ 1936 ਵਾਲੇ ਸਲਾਨਾ ਫੰਕਸ਼ਨ ਵਿੱਚ ਚੀਫ ਗਿਸਟ ਦੇ ਤੌਰ ਤੇ ਕਰਨਾ ਸੀ। ਉਸ ਵਿੱਚ ਬਾਬਾ ਸਾਹਿਬ ਨੇ ਜਾਤ ਪਾਤ ਦਾ ਬੀਜਨਾਸ਼ ਕਰਨ ਲਈ ਲਿਖਿਆ ਸੀ ਕਿ ਇਹ ਕਰਨ ਲਈ “ਹਿੰਦੂਆਂ ਦੇ ਵੇਦਾਂ ਸ਼ਾਸਤਰਾਂ ਨੂੰ ਬੰਬਾਂ ਨਾਲ ਉਡਾਉਣਾ ਹੋਵੇਗਾ” ਮੰਡਲ ਨੇ ਬਾਬਾ ਸਾਹਿਬ ਨੂੰ ਇਹ ਕੱਟਣ ਲਈ ਕਿਹਾ ਪਰ ਬਾਬਾ ਸਾਹਿਬ ਨੇ ਇਸ ਲਫ਼ਜ਼ ਕੱਟਣ ਦੀ ਬਜਾਏ ਭਾਸ਼ਣ ਨਾ ਕਰਨਾ ਹੀ ਮਨਜੁਰ ਕਰ ਲਿਆ। ਜਿਸਨੂੰ ਬਾਦ ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਛਪਵਾ ਦਿੱਤਾ ਗਿਆ। ਇਸ ਕਿਤਾਬ ਵਿੱਚ ਬਾਬਾ ਸਾਹਿਬ ਨੇ ਕਈ ਵਾਰ ਬੁੱਧ ਦਾ ਜ਼ਿਕਰ ਕੀਤਾ ਕਿ ਰਾਜਨੀਤਿਕ ਕ੍ਰਾਂਤੀ ਸਮਾਜਕਿ ਕ੍ਰਾਤੀ ਤੋਂ ਬਾਦ ਆਉਂਦੀ ਹੈ ਅਤੇ ਸਮਾਜਿਕ ਕ੍ਰਾਂਤੀ ਧਾਰਮਿਕ ਵਿਚਾਰਾਂ ਨਾਲ ਆਉਂਦੀ ਹੈ। ਮੌਰੀਆ ਵੰਸ਼ ਨੇ ਢਾਈ ਸੌ ਸਾਲ ਪਹਿਲਾਂ ਬੁੱਧ ਦੀ ਇਸ ਕ੍ਰਾਂਤੀ ਤੋਂ ਬਾਦ ਧਾਰਮਿਕ ਕ੍ਰਾਂਤੀ ਦੁਆਰਾ ਹੀ ਜੰਬੂਦੀਪ ਦੇ ਸੰਘਾਸਨ ਉੱਤੇ ਦਸ ਪੀੜ੍ਹੀਆਂ ਰਾਜ ਕੀਤਾ ਜੋ ਕਿ ਅੱਜ ਦੇ ਭਾਰਤ ਨਾਲੋਂ ਦੋ ਗੁਣਾ ਵੱਡਾ ਸੀ।

1931 ਈ: ਵਿੱਚ ਬਾਬਾ ਸਾਹਿਬ ਨੇ ਆਪਣੀ ਰਹਾਇਸ਼ ਲਈ ਹਿੰਦੂ ਕਲੋਨੀ, ਦਾਦਾਰ, ਬੰਬਈ ਵਿਖੇ ਇਮਾਰਤ ਬਣਾਉਣੀ ਸ਼ੁਰੂ ਕੀਤੀ ਜੋ ਕਿ 1933 ਵਿੱਚ ਮੁਕੰਮਲ ਹੋਈ। ਜਿਸਦਾ ਨਾਂਅ ਬਾਬਾ ਸਾਹਿਬ ਨੇ “ਰਾਜਗ੍ਰਹਿ” ਰੱਖਿਆ। ਰਾਜਗ੍ਰਹਿ ਮਗਧ ਦੇ ਮਹਾਰਾਜਾ ਬਿੰਬਸਾਰ ਦੀ ਰਾਜਧਾਨੀ ਸੀ। ਬੁੱਧਤਵ ਪ੍ਰਾਪਤ ਕਰਬ ਤੋਂ ਬਾਦ ਮਹਾਰਾਜਾ ਬਿੰਬਸਾਰ ਨੇ ਬੁੱਧ ਨੂੰ ਰਾਜਗ੍ਰਹਿ ਵਿੱਚ ਸੱਦਿਆ ਅਤੇ ਉਨ੍ਹਾਂ ਦੇ ਧੰਮ ਦੀ ਦੀਕਸ਼ਾ ਲਈ। ਬਾਬਾ ਸਾਹਿਬ ਨੇ ਆਪਣੀ ਇਸ ਰਹਾਇਸ਼ ਦਾ ਦਾ ਨਾਂਅ ਇੱਕ ਬੌਧ ਇਤਹਾਸਕ ਨਾਂਅ ਰੱਖਿਆ।

1936 ਬੰਬਈ ਦੀ ਨਰੇਯ ਪਾਰਕ ਵਿੱਚ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ। ਜਿਸ ਵਿੱਚ ਬਾਬਾ ਸਾਹਿਬ ਨੇ “ਸਾਡੀ ਮੁਕਤੀ ਕਿਸ ਰਾਹ ਪਰ ਹੈ” ਬਾਬਾ ਸਾਹਿਬ ਨੇ ਕਿਹਾ ਕਿ ਸਾਨੂੰ ਬੁੱਧ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਰਸਤੇ ਚੱਲਕੇ ਹੀ ਸਾਡੀ ਮੁਕਤੀ ਹੋ ਸਕਦੀ ਹੈ।

1942 ਨਾਗਪੁਰ ਵਿੱਚ ਜੋ ਸ਼ਡੁਲਡ ਕਾਸਟ ਫੈਡਰੇਸ਼ਨ ਦੀ ਸਲਾਨਾ ਕਾਫਰੰਸ ਹੋਈ ਜਿਸ ਵਿੱਚ 50 ਹਜ਼ਾਰ ਮਰਦ ਅਤੇ 25 ਹਜ਼ਾਰ ਤੋਂ ਵੱਧ ਔਰਤਾਂ ਸਨ। ਉਸ ਵਿੱਚ ਬਾਬਾ ਸਾਹਿਬ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਉਨਤੀ ਮੈਂ ਉਸ ਸਮਾਜ ਦੀਆਂ ਔਰਤਾਂ ਦੇ ਦਰਜੇ ਤੋਂ ਲਗਾਉਂਦਾ ਹਾਂ ਕਿ ਇਸ ਸਮਾਜ ਵਿੱਚ ਅੋਰਤਾਂ ਦਾ ਕੀ ਦਰਜਾ ਹੈ, ਕਿਸ ਦਰਜੇ ਤੱਕ ਪੜ੍ਹੀਆਂ ਲਿਖੀਆਂ ਹਨ, ਕੀ ਅੋਰਤ ਨੂੰ ਬਰਾਬਰ ਦਾ ਹੱਕ ਹੈ? ਆਦਿ। ਬੁੱਧ ਧੰਮ ਨਾਲ ਅੋਰਤ ਵਿੱਚ ਵੀ ਬਰਾਬਰਤਾ ਆਏਗੀ।

20 ਜੁਲਾਈ 1946 ਨੂੰ ਬਾਬਾ ਸਾਹਿਬ ਨੇ ਪਿਊਪਲਜ਼ ਐਜ਼ੂਕੇਸ਼ਨ ਸੁਸਾਇਟੀ (People’s Education Society) ਦੀ ਨੀਂਹ ਰੱਖੀ ਸਭ ਤੋਂ ਪਹਿਲਾਂ ਬੁੱਧ ਦੇ ਬਚਪਨ ਦੇ ਨਾਂਅ ਤੇ ਸਿਧਾਰਥ ਕੌਲਿਜ ਤੰਬੂਆਂ ਵਿੱਚ ਖੋਲਿਆ ਗਿਆ। ਬਾਅਦ ਵਿੱਚ ਬੰਬਈ ਦੇ ਫੋਰਟ ਇਲਾਕੇ ਵਿੱਚ ਦੋ ਇਮਾਰਤਾਂ ਖਰੀਦੀਆਂ। ਪਹਿਲੀ ਦਾ ਨਾਂਅ ਬੁੱਧ ਭਵਨ ਅਤੇ ਦੂਸਰੀ ਦਾ ਆਨੰਦ ਭਵਨ ਰੱਖਿਆ। 1951 ਵਿੱਚ ਸਿਧਾਰਥ ਕੌਲਿਜ ਇਨ੍ਹਾਂ ਸ਼ਾਨਦਾਰ ਇਮਾਰਤਾਂ ਵਿੱਚ ਲਿਆਂਦਾ ਗਿਆ, ਇਨ੍ਹਾਂ ਹੀ ਇਮਾਰਤਾਂ ਵਿੱਚ 1951 ਵਿੱਚ ਸਿਧਾਰਥ ਕੌਲਿਜ ਔਫ ਆਰਟਸ ਐਂਡ ਸਾਇੰਸ, 1953 ਤੋਂ ਸਿਧਾਰਥ ਕੌਲਿਜ ਔਫ ਕੌਮਰਜ਼ ਅਤੇ 1955 ਵਿੱਚ ਸਿਧਾਰਥ ਕੌਲਿਜ ਔਫ ਲੌਅ ਚਲਾਏ ਜਾ ਰਹੇ ਹਨ।

19 ਜੂਨ 1950 ਨੂੰ ਔਰੰਗਾਬਾਦ ਵਿੱਚ ਬਾਬਾ ਸਾਹਿਬ ਨੇ ਸੱਤਵੇਂ ਨਜ਼ਾਮ ਹੈਦਰਾਬਾਦ ਮੀਰ ਉਸਮਾਨ ਅਲੀ ਖਾਨ ਤੋਂ ਨਾਮਾਤਰ ਕੀਮਤ ਤੇ 54 ਏਕੜ ਜ਼ਮੀਨ ਖਰੀਦ ਕੇ ਉਸ ਵਿੱਚ “ਮਲਿਂਦ ਕੌਲਿਜ” ਦੀ ਸਥਾਪਨਾ ਕੀਤੀ। ਮਾਨੇਂਦਰ ਜੋ ਕਿ ਇੱਕ ਗਰੀਸ ਦਾ ਰਾਜਾ ਸੀ। ਜਿਸਨੇ ਦੁਨੀਆ ਵਿੱਚ ਚੈਲਿਂਜ ਕੀਤਾ ਹੋਇਆ ਸੀ ਕਿ ਧਰਮ ਦੇ ਵਿਸ਼ੇ ਵਿੱਚ ਮੇਰੇ ਨਾਲ ਕੋਈ ਵੀ ਚਰਚਾ ਕਰ ਲਵੇ। ਜੇ ਮੈਂ ਹਾਰ ਗਿਆ ਤਾਂ ਮੈਂ ਜਿੱਤਣ ਵਾਲੇ ਦਾ ਧਰਮ ਅਪਣਾ ਲਵਾਂਗਾ। ਅਗਰ ਦੂਜੇ ਧਰਮ ਵਾਲਾ ਹਾਰ ਜਾਵੇ ਤਾਂ ਉਸਨੂੰ ਮੇਰਾ ਧਰਮ ਅਪਣਾਉਣਾ ਹੋਵੇਗਾ। ਉਸ ਸਮੇਂ ਦੇ ਮਹਾ ਵਿਦਵਾਨ ਭਿੱਖੂ ਨਾਗਸੈਨ ਨੇ ਉਸਦੇ ਚੈਲੰਜ ਨੂੰ ਸਵੀਕਾਰ ਕੀਤਾ। ਕਈ ਦਿਨ ਚਰਚਾ ਚੱਲੀ, ਅਖਿਰ ਰਾਜਾ ਮਾਨੇਂਦਰ ਹਾਰ ਗਿਆ ਤਾਂ ਉਸਨੇ ਬੁੱਧ ਧੰਮ ਸਵੀਕਾਰ ਕਰ ਲਿਆ । ਭਾਰਤ ਦੇ ਲੋਕ ਉਸਨੂੰ ਮਲਿਂਦ ਦੇ ਨਾਂਅ ਨਾਲ ਜਾਣਦੇ ਹਨ। ਮਲਿਂਦ ਇੱਕ ਮਹਾਨ ਬੁਧਿੱਸਟ ਸਮਰਾਟ ਸਨ। ਇਸ ਕੌਲਿਜ ਦਾ ਨੀਂਹ ਪੱਥਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਜਿੰਦਰ ਪ੍ਰਸ਼ਾਦ ਤੋਂ ਰਖਵਾਇਆ ਸੀ।

1946, 47, 48 ਤੋਂ 1950 ਤੱਕ ਸੰਵਿਧਾਨ ਲਿਖਣ ਵੇਲੇ, ਫਿਰ 21 ਫਰਵਰੀ 1948 ਨੂੰ ਬਾਬਾ ਸਾਹਿਬ ਨੇ ਸੰਵਿਧਾਨ ਅਸੰਬਲੀ ਅੱਗੇ ਸੰਵਿਧਾਨ ਦਾ ਕੱਚਾ ਮਸੌਦਾ ਰੱਖਿਆ। ਬਾਬਾ ਸਾਹਿਬ ਨੇ ਬੋਲਦਿਆਂ ਕਿਹਾ ਕਿ ਲੋਕ ਸਭਾ, ਰਾਜ ਸਭਾ, ਹਰ ਪ੍ਰਾਂਤ ਦੀਆਂ ਅਲੱਗ ਅਲੱਗ ਅਸੰਬਲੀਆਂ ਵਿੱਚ ਹਰ ਮਤੇ ਤੇ ਵਿਚਾਰ ਕਰਨੇ, ਪ੍ਰਸਤਾਵ ਪਾਸ ਕਰਨੇ, ਵੋਟਿੰਗ ਕਰਨੀ ਮੈਂ ਇਹ ਸਭ ਬੁੱਧ ਦੇ ਭਿੱਖੂ ਸੰਘ ਦੀ ਲੋਕਤੰਤਰ ਫਿਲੌਸਫੀ ਤੋਂ ਲਏ ਹਨ।

1950 “ਮਹਾ ਬੋਧੀ ਸੁਸਾਇਟੀ” ਦੇ ਹਫਤਾਵਾਰ ਮੈਗਜ਼ੀਨ ਵਿੱਚ ਇੱਕ ਮੰਨੂਵਾਦੀ ਨੇ ਲੇਖ ਲਿਖਿਆ ਕਿ ਭਾਰਤ ਦੀ ਔਰਤ ਦੀ ਦੁਰਦਿਸ਼ਾ ਬੁੱਧ ਧੰਮ ਕਾਰਨ ਹੋਈ। ਬਾਬਾ ਸਾਹਿਬ ਨੇ ਉਸ ਮੰਨੂਵਾਦੀ ਨੂੰ ਜਬਾਬ ਦੇਣ ਲਈ Rise and fall of Hindu woman (ਹਿੰਦੂ ਔਰਤ ਦਾ ਉਥਾਨ ਅਤੇ ਪਤਨ) ਲੇਖ ਲਿਖਿਆ। ਜਿਸ ਵਿੱਚ ਬਾਬਾ ਸਾਹਿਬ ਨੇ ਲਿਖਿਆ ਕਿ ਬੁੱਧ ਦੀ ਸਿੱਖਿਆਂ ਕਾਰਨ ਹੀ ਜੰਬੂਦੀਪ ਵਿੱਚ ਔਰਤ ਦੀ ਤਰੱਕੀ ਹੋਈ ਹੈ, ਜਦੋਂ ਕਿ ਮੰਨੂਵਾਦ ਦੇ ਕਰਨ ਭਾਰਤ ਦੀ ਮਹਿਲਾ ਦੀ ਬਹੁਤ ਬੁਰੀ ਦੁਰਦਸ਼ਾ ਹੋਈ ਹੈ। ਭਾਰਤ ਦੇ ਸੰਵਿਧਾਨ ਦਾ ਜੋ ਮੂਲ ਸਿਧਾਂਤ ਆਜ਼ਾਦੀ, ਬਰਾਬਰਤਾ, ਭਾਈਚਾਰਾ, ਇਨਸਾਫ ਇਹ ਸਿਧਾਂਤ ਫਰਾਂਸ ਦੇ ਇਨਕਲਾਬ ਤੋਂ ਨਹੀਂ ਬਲਕਿ ਆਪਣੇ ਗੁਰੂ ਗੌਤਮ ਬੁੱਧ ਤੋਂ ਲਏ ਹਨ।ਬੁੱਧ ਦੇ ਪੰਚ ਸ਼ੀਲ, ਚਾਰ ਆਰੀਯ ਸੱਤਯ, ਆਰੀਯ ਅਸ਼ਟਾਂਗਿਕ ਮਾਰਗ, ਦਸ ਪਾਰਮਤਾਂ ਆਦਿ ਸਿਖਿਆਵਾਂ ਦਾ ਬਾਬਾ ਸਾਹਿਬ ਉੱਤੇ ਬਹੁਤ ਗਹਿਰਾ ਅਸਰ ਸੀ। ਇਸ ਦਾ ਜ਼ਿਕਰ ਵਾਰ ਵਾਰ ਭਾਰਤ ਦੇ ਸੰਵਿਧਾਨ ਵਿੱਚ ਆਉਂਦਾ ਹੈ।

6 ਜੂਨ 1950 ਵਿੱਚ ਹੀ ਬਾਬਾ ਸਾਹਿਬ ਸ਼੍ਰੀ ਲੰਕਾ ਵਿਖੇ ਇੱਕ ਬੁਧਿੱਸਟ ਕਾਨਫਰੰਸ ਵਿੱਚ ਹਿੱਸਾ ਲਿਆ। ਜਿਸ ਵਿੱਚ ਉਨ੍ਹਾਂ ਨੇ ਹਿੰਦੂਆਂ ਦੇ ਵੈਦਿਕ ਧਰਮ ਨੂੰ ਲੰਮੇ ਹੱਥੀਂ ਲਿਆ ਅਤੇ ਬੁੱਧ ਧੰਮ ਉੱਤੇ ਇੱਕ ਖੋਜ ਭਰਪੂਰ ਭਾਸ਼ਣ ਦਿੱਤਾ। 1951-52 ਵਿੱਚ ਵੀ ਬਾਬਾ ਸਾਹਿਬ ਨੇ ਬਹੁਤ ਸਾਰੇ ਗਿਆਨ ਵਾਲੇ ਲੇਖ ਅਤੇ ਭਾਸ਼ਣ ਕੀਤੇ। ਬਾਬਾ ਸਾਹਿਬ ਦਾ ਮਹਾਨ ਗਰੰਥ “ਬੁੱਧ ਅਤੇ ਉਨ੍ਹਾਂ ਦਾ ਧੰਮ” 1952 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ 5 ਦਸੰਬਰ 1956 ਦੀ ਰਾਤ ਨੂੰ ਉਸਦੀ ਮੁੱਖ ਭੂਮਿਕਾ ਲਿਖਕੇ ਕੰਪਲੀਟ ਕੀਤਾ।

1954 ਵਿੱਚ ਮਾਇਨਮਾਰ (ਬ੍ਰਮਾ) ਦੀ ਰਾਜਧਾਨੀ ਰੰਗੂਨ ਤੋਂ ਸੱਤ ਮੀਲ ਦੂਰ ਕਵਾਏਂ ਨਾਂਅ ਦੇ ਅਸਥਾਨ ਤੇ “ਵਿਸ਼ਵ ਬੌਧ ਸਮੇੇਲਨ” ਦਾ ਤੀਸਰਾ ਸਮਾਗਮ ਹੋਇਆ ਸੀ। ਜਿਸ ਵਿੱਚ ਬਾਬਾ ਸਾਹਿਬ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।

1955 ਵਿੱਚ ਬਾਬਾ ਸਾਹਿਬ ਡਾ: ਅੰਬੇਡਕਰ ਨੇ ਭਾਰਤੀਯ ਬੁੱਧ ਮਹਾ ਸਭਾ ਬਣਾਈ, ਜਿਸ ਦੁਆਰਾ ਸਾਰੇ ਭਾਰਤ ਵਿੱਚ ਸਾਕੀਆ ਮੁਨੀ ਗੌਤਮ ਬੁੱਧ ਦੇ ਧੰਮ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਬੀੜਾ ਚੁੱਕਿਆ।

12 ਮਈ 1956 ਨੂੰ ਬਾਬਾ ਸਾਹਿਬ ਨੇ BBC ਨੂੰ ਇੱਕ ਇੰਟਰਵਿਉ ਦਿੱਤੀ ਜਿਸ ਵਿੱਚ ਬਾਬਾ ਸਾਹਿਬ ਨੇ ਬੁੱਧ ਧੰਮ ਅਤੇ ਕੌਮਨਿਜ਼ਮ ਵਾਰੇ ਚਰਚਾ ਕੀਤੀ ਕਿ ਕਿਵੇਂ ਕੌਮਨਿਜ਼ਮ ਖੂਨ-ਖਰਾਬੇ ਅਤੇ ਬੰਦੂਕ ਦੀ ਨਾਲ੍ਹੀ ਨਾਲ ਆਉਂਦਾ ਹੈ ਜਦੋਂ ਕਿ ਬੁੱਧ ਦਾ ਰੈਵੋਲੂਸ਼ਨ ਇੱਕ ਵੀ ਖੂਨ ਦਾ ਕਤਰਾ ਵਹਾਏ ਬਗੈਰ ਆਉਂਦਾ ਹੈ।

ਉਰੋਕਤ ਲਿਖਤਾਂ ਤੋਂ ਸਾਫ ਜ਼ਾਹਿਰ ਹੈ ਕਿ ਬਾਬਾ ਸਾਹਿਬ ਨੇ 50 ਸਾਲ ਬਹੁਤ ਗੰਭੀਰਤਾ ਨਾਲ ਅਧਿਅਨ ਕਰਨ ਤੋਂ ਬਾਦ ਆਪਣੇ ਬਜ਼ੁਰਗਾਂ ਦਾ ਹੀ ਬੁੱਧ ਧੰੰਮ ਅਪਣਾ ਕੇ ਘਰ ਵਾਪਸੀ ਕੀਤੀ ਸੀ। ਨਾ ਕਿ ਆਪਣੀ ਸਿਹਤ ਖਰਾਬ ਕਰਕੇ ਜਲਦਬਾਜ਼ੀ ਵਿੱਚ !

ਹਰਬੰਸ ਵਿਰਦੀ, ਵੈਸਟ ਲੰਡਨ
ਬੁੱਧ ਪੂਰਨਿਮਾ (26 ਮਈ 2021)

Previous articleIsrael determined to continue Gaza operation: Netanyahu
Next articleक्यों सरकारों ने अधिकतम गति सीमा 30 किमी प्रति घंटे करने का वादा किया है?