ਹਰਪ੍ਰੀਤ ਸਿੰਘ ਬਰਾੜ – ਬਠਿੰਡਾ
ਦੇਸ਼ ਦੇ ਕਿਸੇ ਵੀ ਮਾਮਲੇ ‘ਚ ਸਿਆਸਤ ਹੋਣੀ ਕੋਈ ਵੱਡੀ ਗੱਲ ਨਹੀਂ ਹੈ। ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟੰਰਪ ਦੇ ਭਾਰਤ ਦੌਰੇ ਤੋਂ ਪਹਿਲਾਂ ਸਿਆਸਤ ਸ਼ੁਰੂ ਹੋਣੀ ਕੋਈ ਹੈਰਾਨੀ ਵਾਲੀ ਗੱਲ੍ਹ ਨਹੀਂ ਹੈ।ਜਿੱਥੇ ਕਾਂਗ੍ਰਸ ਨੇ ਡੋਨਾਲਡ ਟ੍ਰੰਪ ਦੇ ਸਵਾਗਤ ‘ਚ 70 ਲੱਖ ਲੋਕਾਂ ਦਾ ਇਕੱਠ ਹੋਣ ਵਾਲੇ ਭਾਜਪਾ ਦੇ ਦਾਅਵੇ ਦੀ ਖਿੱਲੀ ਉਡਾਈ ਹੈ, ਉਥੇ ਸ਼ਿਵਸ਼ੈਨਾ ਨੇ ਵੀ ਟ੍ਰੰਪ ਦੇ ਸ਼ਾਹੀ ਸਵਾਗਤ ‘ਤੇ ਤੰਜ਼ ਕਸਦੇ ਹੋਏ ਇਸ ਨੂੰ ਗੁਲਾਮ ਮਾਨਸਿਕਤਾ ਦੱਸਿਆ ਹੈ। ਦੱਸਣਸੋਗ ਹੈ ਕਿ ਟ੍ਰੰਪ ਨੇ ਆਪਣੇ ਭਾਰਤ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਅਹਿਮਦਾਬਾਦ ਏਅਰਪੋਰਟ ਤੋਂ ਲੈਕੇ ਮੈਟਰੋ ਸਟੇਡੀਅਮ ਤੱਕ 70 ਲੱਖ ਲੋਕ ਉਨ੍ਹਾਂ ਦਾ ਸਵਾਗਤ ਕਰਣਗੇ। ਸਵਾਲ ਇਹ ਹੈ ਕਿ 70 ਲੱਖ ਲੋਕਾਂ ਦਾ ਅਹਿਮਦਾਬਾਦ ਦੀਆਂ ਸੜਕਾਂ ‘ਤੇ ਇਕੱਠਾ ਕਰਨਾ ਕੋਈ ਮਾਮੂਲੀ ਗੱਲ ਹੈ? ਹਾਂ ਇਹ ਆਂਕੜਾ ਅਹਿਮਦਾਬਾਦ ਦੀ ਜਨਸੰਖਿਆ ਦਾ ਜ਼ਰੂਰ ਹੈ। ਤਾਂ ਕੀ ਸਾਰਾ ਸ਼ਹਿਰ ਟ੍ਰੰਪ ਦੇ ਰੋਡ ਸ਼ੋ ਦਾ ਸਵਾਗਤ ਕਰਨ ਸੜਕਾਂ ‘ਤੇ ਆ ਜਾਵੇਗਾ? ਦਰਅਸਲ ਇਹ ਵੀ ਝੂਠ ਦਾ ਪੁਲੰਦਾ ਹੈ। ਸਭ ਜਾਣਦੇ ਹਨ ਕਿ ਦੋਹਾਂ ਦੇਸ਼ਾਂ (ਅਮਰੀਕਾ—ਭਾਰਤ) ਦੇ ਇਹ ਦੋਹੇਂ ਲੀਡਰ ਬੜਬੋਲੇ ਹਨ। ਇਹੋ ਕਾਰਨ ਹੈ ਕਿ ਦੋਹਾਂ ਦੇਸ਼ਾਂ ਦੇ ਜਿਆਦਾਤਰ ਲੋਕ ਇਹਨਾਂ ਵੱਲੋਂ ਛੱਡੇ ਜਾਂਦੇ ਜੁਮਲਿਆਂ ਨੂੰ ਹੁਣ ਗੰਭੀਰਤਾ ਨਾਲ ਨਹੀਂ ਲੈਂਦੇ। ਕੋਈ ਮੰਨੇ ਜਾਂ ਨਾ ਮੰਨੇ, ਸੱਚ ਤਾਂ ਇਹੋ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਨਿਜੀ ਸਵਾਰਥ ਅਤੇ ਫਾਇਦੇ ਦੇ ਲਈ ਭਾਰਤ ਆ ਰਹੇ ਹਨ।ਇਹੋ ਕਾਰਨ ਹੈ ਕਿ ਟਰੰਪ ਨੇ ਭਾਰਤ ਦੌਰੇ ਦੌਰਾਨ ਕੋਈ ਵੀ ਵਪਾਰਕ ਸਮਝੌਤਾ ਨਾ ਕਰਨ ਵਾਲਾ ਬਿਆਨ ਦੇਕੇ ਨਾ ਸਿਰਫ਼ ਭਾਰਤ, ਸਗੋਂ ਮੋਦੀ ਸਰਕਾਰ ਨੂੰ ਵੀ ਬਗਲੇ ਝਾਕਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਭਾਰਤ ਨੂੰ ਲੱਗਦਾ ਹੈ ਕਿ ਟਰੰਪ ਆਪਣੇ ਨਾਲ ਅਮਰੀਕਾ ਦੇ ਉਦਯੋਗ—ਵਪਾਰ ਮੰਤਰੀ ਨੂੰ ਵੀ ਲੈਕੇ ਆਉਣਗੇ, ਪਰ ਉਹ ਆਪਣੀ ਧੀ ਅਤੇ ਜਵਾਈ ਨੂੰ ਨਾਲ ਲੈਕੇ ਆ ਰਹੇ ਹਨ।
ਇਸ ਨਾਲ ਭਾਰਤ ਦੀਆਂ ੳਮੀਦਾਂ ਚਕਣਾਚੂਰ ਹੋ ਗਈਆਂ ਹਨ। ਯਾਨੀ ਟਰੰਪ ਤਾਂ ਆ ਰਹੇ ਹਨ ਪਰ ਦੋਹਾਂ ਦੇਸ਼ਾਂ ਵਿਚਕਾਰ ਕੋਈ ਵਪਾਰਕ ਵਾਧਾ ਸੰਧੀ ਨਹੀਂ ਹੋਵੇਗੀ।
ਇਕ ਕੌੜਾ ਸੱਚ ਇਹ ਵੀ ਹੈ ਕਿ ਟੰਰਪ ਅਮਰੀਕੀ ਬਜਾਰਾਂ ‘ਚ ਭਾਰਤ ਨੂੰ ਦਾਖਲ ਨਹੀਂ ਹੋਣ ਦੇਣਾ ਚਾਹੁੰਦਾ ਹੈ। ਬਾਵਜੂਦ ਇਸਦੇ ਉਨ੍ਹਾਂ ਦਾ ਐਨਾ ਸ਼ਾਹੀ ਸਵਾਗਤ ਕਰਨਾ ਸਮਝ ਤੋਂ ਬਾਹਰ ਹੈ। ਅਮਰੀਕਾ ਨੇ ਤਾਂ ਇਹ ਐਲਾਨ ਵੀਕ ਕਰ ਦਿੱਤਾ ਹੈ ਕਿ ਭਾਰਤ ਹੁਣ ਵਿਕਸਤ ਦੇਸ਼ ਹੋ ਗਿਆ ਹੈ। ਉਸ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ‘ਚੋਂ ਕੱਢ ਦਿੱਤਾ ਹੈ। ਭਾਰਤ ਦੀ ਵਿਗੜਦੀ ਅਰਥਵਿਵਸਥਾ ‘ਤੇ ਇਸਦਾ ਉਲਟਾ ਅਸਰ ਪਿਆ ਹੈ। ਇਹ ਚਲਾਕ ਟਰੰਪ ਦੀ ਡੂੰਘੀ ਚਾਲ ਨਹੀਂ ਤਾਂ ਹੋਰ ਕੀ ਹੈ? ਜਿਸ ਵਿਚ ਭਾਰਤ ਫਸ ਚੁੱਕਿਆ ਹੈ ਕਿਉਂਕਿ ਵਪਾਰਕ ਸਾਂਝ ਵਧਣ ਦੀ ਉਮੀਦ ‘ਚ ਹੀ ਡੋਨਾਲਡ ਟਰੰਪ ਨੂੰ ਭਾਰਤ ਸੱਦ ਕੇ ਉਨ੍ਹਾਂ ਲਈ “ਨਮਸਤੇ ਟਰੰਪ” ਜਿਹੇ ਸ਼ਾਨਦਾਰ ਪ੍ਰੋਗਰਾਮ ਦੀ ਸਾਰੀ ਤਿਆਰੀ ਭਾਜਪਾ ਸਰਕਾਰ ਨੇ ਹੀ ਕੀਤੀ ਹੈ। 24 ਫਰਵਰੀ ਨੂੰ ਅਹਿਮਦਾਬਾਦ ਨੇੜੇ ਮੋਟੇਰਾ ‘ਚ ਬਣੇ ਇਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲੇ ਸਰਦਾਰ ਵੱਲਭ ਭਾਈ ਪਟੇਲ ਸਟੇਡੀਯਮ ‘ਚ ਹੋਣ ਵਾਲੇ ਇਸ ਪੋ੍ਰਗਰਾਮ ਦੇ ਲਈ ਗੁਜਰਾਤ ਦੀ ਭਾਜਪਾ ਸਰਕਾਰ ਪੂਰੇ 120 ਕਰੋੜ ਖਰਚ ਕਰ ਰਹੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦਾ ਖ਼ਰਚ ਅਲੱਗ ਹੋਵੇਗਾ। ਯਾਨੀ ਟਰੰਪ ਜਾਂ ਅਮਰੀਕਾ ਦਾ ਤਾਂ ਫਾਇਦਾ ਹੋਵੇਗਾ, ਪਰ ਭਾਰਤ ਨੂੰ ਸਿਰਫ਼ ਛਿੱਕੂ ਮਿਲਣ ਵਾਲਾ ਹੈ। ਟਰੰਪ ਦੇ ਦਾਅਵੇ ‘ਤੇ ਹੁਣ ਹਰ ਕੋਈ ਇਹ ਸਵਾਲ ਵੀ ਪੁੱਛ ਰਿਹਾ ਹੈ ਕਿ ਆਖ਼ਰ ਭਾਰਤ ਵਿਕਸਤ ਦੇਸ਼ ਕਿਵੇਂ ਬਣ ਹੋ ਗਿਆ ?