(ਸਮਾਜ ਵੀਕਲੀ)
ਕੀ ਕਰਨੇ ਕੁਦਰਤ ਦੇ ਨਜ਼ਾਰੇ,
ਧਰਤੀ, ਸੂਰਜ, ਚੰਨ, ਸਿਤਾਰੇ ।
ਮਸਲਾ ਜੇ ਹੋਵੇ ਰੋਟੀ ਦਾ,
ਫਿਰ ਮਸਲ਼ੇ ਜਾਂਦੇ ਚਾਅ ਕੁਆਰੇ ।
ਸੁੰਨਾ ਸ਼ਹਿਰ ਤੇ ਸੁੰਨੀਆਂ ਗਲ਼ੀਆਂ,
ਕੰਧਾਂ ਅੰਦਰ ਚੀਕਾਂ ਰਲ਼ੀਆਂ।
ਅੱਖੀਆਂ ਦੇ ਵਿੱਚ ਸੁਪਨੇ ਮਰ ਗਏ,
ਕੀ ਕਰਨੇ ਅਸੀਂ ਮਹਿਲ ਚੁਬਾਰੇ।
ਮਹਿੰਦੀ ਵਾਲੇ ਹੱਥ ਨੇ ਖ਼ਾਲੀ,
ਬਿੰਦੀ ਨਾ ਮੁਖੜੇ ਤੇ ਲਾਲੀ।
ਰਾਤ ਹਨ੍ਹੇਰੀ ਜ਼ਿੰਦਗੀ ਬਣ ਗਈ,
ਮਾਰੇ ਨਾ ਕਿਤੇ ਚੰਨ ਲਿਸ਼ਕਾਰੇ।
ਹੁਣ ਨਾ ਮਹਿਕ ਮਨਾਂ ਨੂੰ ਭਾਵੇ,
ਸ਼ੀਤ ਹਵਾ ਅੱਗ ਰੂਹ ਨੂੰ ਲਾਵੇ।
ਵੱਜਦੇ ਨਾ ਕਿਤੇ ਢੋਲ – ਨਗਾਰੇ,
ਗਲ਼ੀਆਂ ਵਿੱਚ ਰੋਂਦੇ ਵਣਜਾਰੇ।
ਕਰਜ਼ੇ ਚੁੱਕ ਚੁੱਕ ਫਾਹੇ ਲਾਵਣ,
ਡਿਗਰੀਆਂ ਵੀ ਹੁਣ ਮੂੰਹ ਚਿੜਾਵਣ।
ਕਿਸ਼ਤੀ ਬਾਝ ਡੁੱਬੇ ਵਿੱਚ ਦਰਿਆ,
ਹੁਣ ਨਾ ਕਿਧਰੇ ਦਿਸਣ ਕਿਨਾਰੇ।
ਮਨਦੀਪ ਰਿੰਪੀ।
ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਰੋਪੜ
9814385918