(ਸਮਾਜ ਵੀਕਲੀ)
ਕੇਂਦਰ ਸਰਕਾਰ ਦੇ ਖੇਤੀ ਆਧਾਰ ਨੂੰ ਖ਼ਤਮ ਕਰਨ ਲਈ ਬਣਾਏ ਹੋਏ ਕਾਲੇ ਕਾਨੂੰਨਾਂ ਦੇ ਤਪਾਏ ਹੋਏ ਕਿਸਾਨਾਂ ਨੇ ਰੇਲ ਰੋਕੋ ਧਰਨਿਆਂ ਨਾਲ ਆਪਣਾ ਰੋਸ ਚਾਲੂ ਕੀਤਾ।ਦੋ ਮਹੀਨੇ ਲਗਾਤਾਰ ਧਰਨੇ ਜਾਰੀ ਰਹੇ ਪਰ ਸਰਕਾਰਾਂ ਨੂੰ ਕੁਝ ਵਿਖਾਈ ਹੀ ਨਹੀਂ ਦਿੱਤਾ।ਆਜ਼ਾਦੀ ਤੋਂ ਬਾਅਦ ਕਿਸਾਨਾਂ ਨੇ ਹਰ ਪੱਧਰ ਤੇ ਖੇਤੀਬਾੜੀ ਨੂੰ ਮਜ਼ਬੂਤ ਕਰਕੇ ਅਨਾਜ ਦੇ ਭੰਡਾਰੇ ਭਰ ਦਿੱਤੇ।
ਪਰ ਇਹ ਮਿਹਨਤਕਸ਼ ਕਿਸਾਨ ਤੇ ਮਜ਼ਦੂਰ ਕੀ ਤੇ ਕਿਵੇਂ ਕਰਦੇ ਹਨ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਪਰ ਕਿਸੇ ਨੇ ਵੇਖਿਆ ਸੋਚਿਆ ਕੁਝ ਨਹੀਂ ਸੀ।ਕਿਸਾਨਾਂ ਦੀਆਂ ਖ਼ਾਸ ਮੰਗਾਂ ਨੂੰ ਵੀ ਹਮੇਸਾ ਅਣਡਿੱਠ ਕੀਤਾ ਜਾਂਦਾ ਰਿਹਾ ਹੈ,ਦੋ ਮਹੀਨਿਆਂ ਦੇ ਧਰਨੇ ਜੋ ਰੇਲ ਰੋਕੂ ਦੇ ਨਾਲ ਟੌਲ ਪਲਾਜ਼ਾ ਤੇ ਵੀ ਮਜ਼ਬੂਤ ਸਨ ਕਿਸਾਨ ਜਥੇਬੰਦੀਆਂ ਨੂੰ ਪਤਾ ਸੀ ਕਿ ਸਰਕਾਰ ਕੁਝ ਕਰਨ ਵਾਲੀ ਨਹੀਂ ਤਾਂ ਉਨ੍ਹਾਂ ਨੇ ਅਗਲੀ ਆਪਣੀ ਰਣ ਨੀਤੀ ਨੂੰ ਦੋ ਮਹੀਨਿਆਂ ਵਿੱਚ ਸਾਰਥਕ ਰੂਪ ਵਿਚ ਤਿਆਰ ਕਰ ਲਿਆ ਸੀ।
ਕਿਸਾਨਾਂ ਤੇ ਮਜ਼ਦੂਰਾਂ ਨੂੰ ਹਮੇਸ਼ਾ ਰਾਜਨੀਤਕ ਲੋਕ ਅਨਪੜ੍ਹ ਹੀ ਸਮਝਦੇ ਰਹੇ ਹਨ।ਇਹ ਜ਼ਰੂਰੀ ਨਹੀਂ ਹੁੰਦਾ ਕਿ ਅਕਾਦਮਿਕ ਸਿੱਖਿਆ ਨਾਲ ਹੀ ਕੋਈ ਵਿਦਵਾਨ ਬਣਦਾ ਹੈ,ਖ਼ੁਦ ਉਹ ਕੰਮ ਕਰਕੇ ਆਦਮੀ ਮਹਾਨ ਬਣ ਜਾਂਦਾ ਹੈ।ਇਹ ਮਹਾਨਤਾ ਦਾ ਪ੍ਰਮਾਣ ਪੱਤਰ ਸਾਡੀਆਂ ਸਾਰੀਆਂ ਕਿਸਾਨ ਯੂਨੀਅਨ ਦੇ ਮੁਖੀਆਂ ਕੋਲ ਮੌਜੂਦ ਹੈ।ਛੋਟੇ ਜਿਹੇ ਪੰਜਾਬ ਵਿੱਚ ਇਕੱਤੀ ਕਿਸਾਨ ਯੂਨੀਅਨਾਂ ਆਪਣੇ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਲੈ ਕੇ ਸਥਾਪਤ ਹੋਈਆਂ ਸਨ।
ਪਰ ਅੱਜ ਸਾਡੀ ਪੂਰੀ ਜ਼ਮੀਨ ਹੀ ਵਪਾਰੀਆਂ ਦੇ ਹੱਥ ਵਿੱਚ ਦੇਣ ਦਾ ਖ਼ਾਸ ਕਾਨੂੰਨ ਹੀ ਪਾਸ ਕਰ ਦਿੱਤਾ ਫੇਰ ਸਾਡੀਆਂ ਸਾਰੀਆਂ ਯੂਨੀਅਨਾਂ ਦੇ ਮੁੱਖ ਨੇਤਾ ਸਿਰ ਨਾਲ ਸਿਰ ਜੋੜ ਕੇ ਬੈਠ ਗਏ ਤੇ ਅਨੇਕਾਂ ਮੁਸ਼ਕਲਾਂ ਸਹਿੰਦੇ ਹੋਏ ਜਾ ਕੇ ਕਿਸਾਨ ਮੋਰਚੇ ਦਾ ਦਿੱਲੀ ਝੰਡਾ ਗੱਡ ਦਿੱਤਾ। ਮੋਰਚੇ ਨੂੰ ਵੇਖ ਕੇ ਕੇਂਦਰ ਸਰਕਾਰ ਕਾਫ਼ੀ ਦਿਨ ਅਣਡਿੱਠ ਕਰਦੀ ਰਹੀ,ਕੁਝ ਆਪਣੇ ਵੱਲੋਂ ਘੜੇ ਘੜਾਏ ਲੀਡਰ ਵਿੱਚ ਭੇਜ ਕੇ ਮੋਰਚੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ।ਜਦੋਂ ਗੁਆਂਢੀ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਆ ਕੇ ਨਾਲ ਜੁੜਨ ਲੱਗੀਆਂ ਤਾਂ ਕੇਂਦਰ ਸਰਕਾਰ ਨੂੰ ਤਾਕਤ ਤੋਂ ਡਰਦੇ ਹੋਏ ਅੱਕ ਚੱਬਣਾ ਪਿਆ।
ਖੇਤੀ ਮੰਤਰੀ ਜੀ ਆਪਣੇ ਨਾਲ ਖ਼ਾਸ ਸਕੱਤਰਾਂ ਨੂੰ ਲੈ ਕੇ ਆਏ ਕਿ ਭੋਲੇ ਭਾਲੇ ਕਿਸਾਨਾਂ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਲੈਣਗੇ।ਜਦੋਂ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਨੇ ਅਜਿਹੇ ਠੋਸ ਸਵਾਲ ਕੀਤੇ ਜੋ ਕਿ ਮੁੱਖ ਅਧਿਕਾਰੀਆਂ ਤੇ ਨੇਤਾਵਾਂ ਨੂੰ ਪਤਾ ਜਿੰਨੀਆਂ ਵੀ ਕੇਂਦਰ ਸਰਕਾਰ ਨਾਲ ਕਿਸਾਨ ਮੁਖੀਆਂ ਦੀਆਂ ਮੀਟਿੰਗਾਂ ਹੋਈਆਂ ਉਸ ਵਿਚ ਕਿਸਾਨਾਂ ਦੇ ਖ਼ਾਸ ਤਜਰਬੇ ਅਤੇ ਸ਼ੁੱਧ ਵਿਚਾਰਾਂ ਵਿਚੋਂ ਮੁੱਖ ਅਧਿਕਾਰੀਆਂ ਤੇ ਮੰਤਰੀਆਂ ਨੇ ਸਿੱਖਿਆ ਪ੍ਰਾਪਤ ਕੀਤੀ।
ਮੀਟਿੰਗ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦੇ ਸਮੇਂ ਸਿੱਖਿਆ ਪ੍ਰਾਪਤ ਕੀਤੀ ਦਾ ਨੂਰ ਸਬੰਧਤ ਮੰਤਰੀਆਂ ਦੇ ਚਿਹਰਿਆਂ ਤੇ ਉੱਕਰਿਆ ਹਰ ਵਾਰ ਵਿਖਾਈ ਦਿੰਦਾ ਹੈ।ਜਦੋਂ ਗਲਤ ਤਰੀਕੇ ਨਾਲ ਕਿਸਾਨ ਮੁਖੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੌਨ ਉਨ੍ਹਾਂ ਦੇ ਦਿਮਾਗ਼ ਦੇ ਬੰਦ ਕੀਤੇ ਜਿੰਦਰੇ ਖੋਲ੍ਹ ਗਿਆ ਇਹ ਸਾਡੇ ਕਿਸਾਨ ਯੋਧਿਆਂ ਦੀ ਇੱਕ ਖ਼ਾਸ ਪ੍ਰਾਪਤੀ ਸੀ। ਰਾਜਨੀਤੀਵਾਨਾਂ ਨੇ ਪੰਜਾਬ ਦੇ ਟੁਕੜੇ ਕਰਕੇ ਭਾਈਆਂ ਨੂੰ ਬਹੁਤ ਗਲਤ ਤਰੀਕੇ ਨਾਲ ਵੰਡ ਦਿੱਤਾ ਸੀ ਤੇ ਆਏ ਦਿਨ ਝਗੜੇ ਦੀਆਂ ਅਨੇਕਾਂ ਸ਼ੁਰਲੀਆਂ ਛੱਡਦੇ ਹੀ ਰਹਿੰਦੇ ਸਨ।
ਸਤਲੁਜ ਯਮੁਨਾ ਲਿੰਕ ਨਹਿਰ ਭਾਈਆਂ ਵਿੱਚ ਵੰਡੀਆਂ ਪਾਉਣ ਦਾ ਪੱਕਾ ਉਪਰਾਲਾ ਸੀ।ਅੱਜਕੱਲ੍ਹ ਜਾਟ ਤੇ ਜੱਟ ਇਕੱਠੇ ਬੈਠ ਕੇ ਪ੍ਰਸ਼ਾਦੇ ਛਕਦੇ ਹਨ ਤੇ ਵਿਚਾਰ ਚਰਚਾ ਕਰਦੇ ਹਨ ਉਸ ਵਿੱਚੋਂ ਪਿਆਰ ਦੀ ਲਿੰਕ ਨਹਿਰ ਚਲਦੀ ਸਾਫ਼ ਵਿਖਾਈ ਦਿੰਦੀ ਹੈ।ਰਾਜਨੀਤੀਵਾਨਾਂ ਦੇ ਭੂੰਡ ਲੜਦਾ ਸਾਫ਼ ਵਿਖਾਈ ਦਿੰਦਾ ਹੈ, ਕਿਸਾਨ ਯੂਨੀਅਨ ਦਾ ਹਰੇ ਰੰਗ ਦਾ ਕੱਪੜਾ ਗਲ ਵਿੱਚ ਪਾਉਣ ਤੇ ਸਿਰ ਤੇ ਟੋਪੀ ਚੜ੍ਹਾਉਣ ਲਈ ਲੋਕਾਂ ਨੂੰ ਲੱਭਦੇ ਫਿਰਦੇ ਹਨ।ਜਿਸ ਦੀ ਝਲਕ ਕੱਲ੍ਹ ਖੇਤੀ ਮੰਤਰੀ ਜੀ ਨੂੰ ਕਾਨੂੰਨ ਰੱਦ ਨਾ ਕਰਨ ਲਈ ਪੱਤਰ ਦਿੰਦੇ ਵਿਖਾਏ ਹੀ ਹਨ।
ਸਤਲੁਜ ਯਮੁਨਾ ਲਿੰਕ ਨਹਿਰ ਦਾ ਜਿੰਨ ਜੋ ਕੱਢਿਆ ਹੈ ਉਸ ਨੂੰ ਭਾਊ ਤੇ ਤਾਊ ਨੇ ਸਹੀ ਕੀਲਣ ਦਾ ਉਪਰਾਲਾ ਕੀਤਾ ਹੈ,ਕਿ ਸਾਨੂੰ ਪਾਣੀ ਦੀ ਜ਼ਰੂਰਤ ਹੋਵੇਗੀ ਸਾਡੇ ਵੱਡੇ ਵੀਰ ਸਾਡੇ ਖੇਤਾਂ ਵਿੱਚ ਪਾਣੀ ਆਪਣੇ ਆਪ ਪਹੁੰਚਾ ਦੇਣਗੇ।ਸਤਲੁਜ ਯਮੁਨਾ ਲਿੰਕ ਨਹਿਰ ਦੀ ਲੜਾਉਣ ਦੀ ਨੀਤੀ ਤੇ ਸਿਖਾਏ ਲੋਕਾਂ ਦੇ ਗਲੇ ਵਿੱਚ ਹਰੇ ਰੰਗ ਦਾ ਪਰਨਾ ਪਾ ਕੇ ਪੱਤਰ ਫੜਨ ਦੀ ਨੀਤੀ ਗਲਤ ਸਿੱਧ ਹੋ ਗਈ,ਇਹ ਵੱਡੇ ਤੇ ਛੋਟੇ ਭਾਈਆਂ ਦੀ ਖ਼ਾਸ ਪ੍ਰਾਪਤੀ ਹੈ।ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਟਿਕੈਤ ਨੂੰ ਕਿਹਾ ਕਿ ਇਹ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਚੁੱਭਦੇ ਹਨ ਤਾਂ ਉਸ ਦਾ ਜਵਾਬ ਸੀ ਕਿ ਸਾਡੇ ਵੱਡੇ ਭਰਾਵਾਂ ਨੇ ਸਾਨੂੰ ਸੁੱਤੇ ਪਿਆਂ ਨੂੰ ਜਗਾ ਦਿੱਤਾ ਹੈ।
ਪੰਜਾਬ ਦੇ ਕਿਸਾਨਾਂ ਦੀ ਨੰਗੇ ਧੜ ਲੜੇ ਯੁੱਧ ਨੇ ਪੂਰੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਨੂੰ ਇਕ ਥਾਂ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਕਰ ਦਿੱਤਾ ਹੈ। ਗੋਦੀ ਮੀਡੀਆ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਅਤਿਵਾਦੀ ਦੱਸਦਾ ਸੀ,ਭੁੱਲ ਭੁਲੇਖੇ ਕੋਈ ਉਨ੍ਹਾਂ ਦਾ ਪੱਤਰਕਾਰ ਸਾਡੇ ਨੌਜਵਾਨਾਂ ਦੇ ਧੱਕੇ ਚੜ੍ਹ ਜਾਂਦਾ ਹੈ ਸਾਡੀ ਨਵੀਂ ਪੀੜ੍ਹੀ ਦੇ ਕੀਤੇ ਸਵਾਲ ਉਨ੍ਹਾਂ ਨੂੰ ਵਾਹਣੀ ਪਾ ਲੈਂਦੇ ਹਨ।ਸਾਡੀਆਂ ਮਾਵਾਂ ਧੀਆਂ ਤੇ ਭੈਣਾਂ ਜੋ ਮੋਰਚੇ ਵਿਚ ਬੈਠੀਆਂ ਹਨ ਉਨ੍ਹਾਂ ਦਾ ਹਰਿਆਣਵੀ ਬੀਬੀਆਂ ਭੈਣਾਂ ਨਾਲ ਬਹੁਤ ਵਧੀਆ ਤਾਲਮੇਲ ਹੈ ਇੱਕ ਦੂਜੇ ਦੇ ਦੁੱਖ ਸੁਖ ਵਿਚ ਸਾਂਝ ਪਾਉਣ ਲਈ ਫੋਨ ਨੰਬਰ ਲੈ ਰਹੀਆਂ ਹਨ।ਸਾਡੇ ਪੰਜਾਬੀਆਂ ਦੀ ਖ਼ਾਸ ਰਿਸ਼ਤੇ ਨਾਤੇ ਸੱਭਿਆਚਾਰ ਵਾਪਸ ਆਉਣਾ ਇਕ ਖ਼ਾਸ ਪ੍ਰਾਪਤੀ ਹੈ ਜੋ ਹਮੇਸ਼ਾ ਚੱਲਦੀ ਰਹੇਗੀ।
ਇਹ ਪਹਿਲੀ ਵਾਰ ਹੈ ਜਦੋਂ ਸਾਡੇ ਪਰਿਵਾਰ ਦੇ ਹਰ ਵਰਗ ਦੇ ਲੋਕ ਮੋਰਚੇ ਵਿੱਚ ਬੈਠੇ ਹਨ।ਸਾਡੀ ਨਵੀਂ ਪੀੜ੍ਹੀ ਪੰਜਾਬੀਆਂ ਦੇ ਜਿੱਤੇ ਖ਼ਾਸ ਯੁੱਧਾਂ ਦਾ ਵਰਣਨ ਕਿਤਾਬਾਂ ਵਿੱਚ ਪੜ੍ਹਦੀ ਸੀ ਉਹ ਖੁਦ ਅੱਜ ਸਭ ਕੁਝ ਅੱਖੀਂ ਵੇਖਿਆ ਤੇ ਹੰਢਾਇਆ ਜਾ ਰਿਹਾ ਹੈ।ਆਉਣ ਵਾਲੀਆਂ ਚਾਰ ਪੰਜ ਪੀੜ੍ਹੀਆਂ ਤਕ ਪੰਜਾਬ ਦੇ ਇਤਿਹਾਸ ਨੂੰ ਪਡ਼੍ਹਾਉਣ ਦੀ ਜ਼ਰੂਰਤ ਨਹੀਂ ਪਵੇਗੀ।ਜੋ ਕਿ ਅੱਜ ਉਨ੍ਹਾਂ ਦੇ ਖ਼ੂਨ ਵਿੱਚ ਪੂਰਨ ਰੂਪ ਵਿਚ ਸਮਾ ਰਿਹਾ ਹੈ।ਸਾਡੇ ਕਿਸਾਨ ਮੁਖੀਆਂ ਦੇ ਦਹਾਕਿਆਂ ਦੇ ਤਜਰਬੇ ਮਨ ਨੀਵਾਂ ਮੱਤ ਉੱਚੀ ਵਾਲਾ ਆਧਾਰ ਹੈ।ਬੇਸ਼ੱਕ ਸੋਸ਼ਲ ਮੀਡੀਆ ਨੇ ਸਾਨੂੰ ਗੋਦੀ ਮੀਡੀਆ ਤੇ ਵਿਕਾਊ ਪੱਤਰਕਾਰੀ ਵਿੱੱਚੋਂ ਬਾਹਰ ਕੱਢ ਕੇ ਸਹੀ ਰਸਤਾ ਵਿਖਾਇਆ ਹੈ।
ਸੋਸ਼ਲ ਮੀਡੀਆ ਦਾ ਸਾਡੀ ਮੰਡੀਰ ਸਹੀ ਰੂਪ ਵਿੱਚ ਵਰਤੋਂ ਕਰਨੀ ਨਹੀਂ ਸਿਖ ਸਕੀ,ਸਾਡੇ ਬਜ਼ੁਰਗ ਨੇਤਾ ਭਵਿੱਖ ਨੂੰ ਵੇਖਦੇ ਹੋਏ ਸਹੀ ਰਸਤਾ ਜਦੋਂ ਕੋਈ ਦੱਸ ਦਿੰਦੇ ਹਨ,ਤਾਂ ਸਾਡੀ ਨੌਜਵਾਨ ਪੀੜ੍ਹੀ ਸਾਡੇ ਵਿਰਸੇ ਨੂੰ ਭੁੱਲ ਕੇ ਕਿਸੇ ਨੂੰ ਕੀ ਕਹਿਣਾ ਕੀ ਨਹੀਂ ਕਹਿਣਾ ਭੁੱਲ ਜਾਂਦੀ ਹੈ।ਸਾਡੇ ਕਿਸਾਨ ਨੇਤਾ ਨੌਜਵਾਨ ਪੀਡ਼੍ਹੀ ਨੂੰ ਬਿਨਾਂ ਕਿਸੇ ਹੀਲ ਹੁੱਜਤ ਤੇ ਫਿਰ ਵੀ ਸਹੀ ਰਸਤੇ ਤੋਰਨ ਲਈ ਉਪਰਾਲੇ ਕਰ ਰਹੇ ਹਨ,ਜਲਦੀ ਹੀ ਸੁਧਾਰ ਹੋ ਜਾਵੇਗਾ। ਰਾਜਨੀਤਕ ਪਾਰਟੀਆਂ ਕਿਸਾਨ ਮੋਰਚੇ ਵਿੱਚ ਕਿਸਾਨ ਹੁੰਦੇ ਹੋਏ ਵੀ ਉਨ੍ਹਾਂ ਦੇ ਨੇਤਾ ਹਾਜ਼ਰ ਹੋਣ ਲਈ ਤਿਆਰ ਨਹੀਂ,ਪਰ ਭਵਿੱਖ ਵਿੱਚ ਆਪਣੀ ਕੁਰਸੀ ਕਿਵੇਂ ਸਥਾਪਤ ਰੱਖਣ ਉਸ ਲਈ ਚਾਰਜੋਈ ਕਰ ਰਹੇ ਹਨ।
ਪਰ ਭਾਰਤ ਦੀਆਂ ਪੰਜ ਸੌ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਮਿਲ ਕੇ ਮੋਰਚਾ ਫਤਿਹ ਕਰਨ ਦੇ ਨੇੜੇ ਤੇੜੇ ਪਹੁੰਚ ਗਈਆਂ ਹਨ ਉਨ੍ਹਾਂ ਦੀ ਉੱਚੀ ਸੋਚ ਵਿਚੋਂ ਹੀ ਇਹ ਜੰਗ ਜਿੱਤੀ ਹੈ,ਅਗਲੀਆਂ ਚੋਣਾਂ ਵਿੱਚ ਸਾਡੇ ਕਿਸਾਨ ਯੂਨੀਅਨ ਦੇ ਨੇਤਾ ਮਿਲਜੁਲ ਕੇ ਹਿੱਸਾ ਲੈਣਗੇ ਫਿਰ ਸਰਕਾਰ ਕਿਉਂ ਨਹੀਂ ਬਣ ਸਕਦੀ। ਖਾਸ ਨੁੱਕਤਾ-ਕੇਂਦਰ ਸਰਕਾਰ ਦੀ ਗਲਤੀ ਸਾਡੇ ਕਿਸਾਨ ਤੇ ਮਜ਼ਦੂਰਾਂ ਨੂੰ ਬਹੁਤ ਵੱਡਾ ਸਬਕ ਪੜ੍ਹਾ ਗਈ ਹੈ।
ਪਹਿਲੀ ਗੱਲ ਖੇਤੀ ਜੋ ਕਿ ਭਾਰਤ ਦਾ ਆਧਾਰ ਹੈ ਉਸ ਲਈ ਕਾਲੇ ਕਾਨੂੰਨ ਪੁੱਛੇ ਬਿਨਾਂ ਬਣਾ ਦੇਣਾ।ਵੱਡੀ ਗ਼ਲਤੀ ਜਿਨ੍ਹਾਂ ਦੇ ਫ਼ਾਇਦੇ ਲਈ ਕਾਨੂੰਨ ਬਣਾਇਆ ਦੱਸਦੇ ਹਨ, ਉਹ ਕਨੂੰਨ ਆਪਣੇ ਹੱਕ ਵਿਚ ਮੰਨਦੇ ਨਹੀਂ। ਪਰ ਸਰਕਾਰ ਦੀ ਕੀਤੀ ਜਿੱਦ ਇਨਕਲਾਬ ਦੀ ਪੱਕੀ ਨੀਂਹ ਰੱਖ ਚੁੱਕੀ ਹੈ।ਸਾਡੇ ਨੌਜਵਾਨਾਂ ਦੀ ਮਿਹਨਤ ਅੱਜ ਪੁੱਛ ਰਹੀ ਹੈ।”ਕੌਣ ਕਹਿੰਦਾ,ਪੰਜਾਬੀ ਨਸ਼ਾ ਕਰਦੇ ਨੇ?ਪੰਜਾਬੀ ਤਾਂ ਨਸ਼ਾ ਉਤਾਰ ਦੇ ਨੇ।ਸਰਕਾਰ ਨੂੰ ਪਾਵਰ ਤਾ ਨਸ਼ਾ,ਕਾਰਪੋਰੇਟ ਘਰਾਣਿਆਂ ਨੂੰ ਪੈਸੇ ਦਾ ਨਸ਼ਾ,ਮੋਦੀ ਨੂੰ ਹੰਕਾਰ ਤਾਂ ਨਸ਼ਾ,ਅੰਧ- ਭਗਤਾਂ ਨੂੰ ਭਗਤੀ ਦਾ ਨਸ਼ਾ,ਹੁਣ ਪੰਜਾਬੀ ਨਸਾ਼ ਉਤਾਰ ਕੇ ਮੁੜਨਗੇ।”
ਰਮੇਸ਼ਵਰ ਸਿੰਘ
ਸੰਪਰਕ ਨੰਬਰ -9914880392