(ਸਮਾਜ ਵੀਕਲੀ)
ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਤੇ ਖੇਤੀ ਮਜ਼ਦੂਰਾਂ ਨੇ ਸਰਕਾਰ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਾਰੇ ਤੇ ਕਰੋਨਾ ਦੇ ਸਹਾਰੇ ਪਰਦੇ ਪਿੱਛੇ ਬਣਾਏ ਘਟੀਆ ਕਨੂੰਨਾਂ ਦੀ ਜੰਮ ਕੇ ਵਿਰੋਧਤਾ ਕੀਤੀ।ਪੰਜਾਬ ਵਿੱਚ ਦੋ ਮਹੀਨੇ ਲਈ ਰੇਲਾਂ ਰੋਕੀਆਂ ਗਈਆਂ ਕਿ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣ,ਬਣਾਏ ਕਾਨੂੰਨਾਂ ਨੂੰ ਰੱਦ ਕਰ ਦੇਵੇ।ਪਰ ਕੇਂਦਰ ਸਰਕਾਰ ਦੀ ਅੱਖਾਂ ਕੀ ਖੁੱਲ੍ਹਣੀਆਂ ਸਨ ਕੰਨ ਤੇ ਜੂੰ ਤੱਕ ਨਹੀਂ ਸਰਕੀ,ਪੰਜਾਬੀ ਦੀ ਕਹਾਵਤ ਮਰਦੀ ਨੇ ਅੱਕ ਚੱਬਿਆ ਕਿਸਾਨ ਯੂਨੀਅਨਾਂ ਨੇ ਜਾ ਕੇ ਦਿੱਲੀ ਨੂੰ ਘੇਰ ਲਿਆ।ਕਾਨੂੰਨ ਸਹੀ ਵਿਖਾਉਣ ਲਈ ਕੇਂਦਰ ਸਰਕਾਰ ਕੀ ਪਾਪੜ ਵੇਲ ਰਹੀ ਹੈ ਆਪਾਂ ਸਾਰੇ ਜਾਣਦੇ ਹਾਂ।
ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੂੰ ਹਰ ਜੰਗ ਸਹੀ ਤਰੀਕੇ ਨਾਲ ਜਿੱਤਣੀ ਆਉਂਦੀ ਹੈ।ਭਾਰਤ ਵਿਚ ਲੋਕਰਾਜ ਹੈ ਲੋਕਾਂ ਦੀ ਰਾਏ ਮੁੱਖ ਹੁੰਦੀ ਹੈ ਸਰਕਾਰਾਂ ਸਾਡੀਆਂ ਚੁਣੀਆਂ ਹੁੰਦੀਆਂ ਹਨ।ਸਾਰਥਿਕ ਰੂਪ ਵਿਚ ਸਰਕਾਰ ਨੂੰ ਜਗਾਉਣ ਲਈ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਦੋਂ ਬੈਠੇ,ਕਿਸਾਨ ਯੂਨੀਅਨਾਂ ਦੇ ਮੁਖੀ ਜੋ ਪੂਰਨ ਰੂਪ ਵਿੱਚ ਹਰ ਕਾਨੂੰਨ ਦੀ ਪਰਿਭਾਸ਼ਾ ਜਾਣਦੇ ਹਨ।ਆਪਣੇ ਹੱਕ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾਂਦੇ ਹਨ ਠੋਸ ਜਾਣਕਾਰੀ ਭਰਪੂਰ ਕਿਸਾਨ ਯੂਨੀਅਨਾਂ ਨੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼,ਯੂ ਪੀ,ਮਹਾਰਾਸ਼ਟਰ, ਗੁਜਰਾਤ ਤਾਮਿਲ ਨਾਡੂ ਤੇ ਕੇਰਲਾ ਸਾਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਮੋਢੇ ਨਾਲ ਮੋਢਾ ਜੋਡ਼ ਕੇ ਦਿੱਲੀ ਨੂੰ ਘੇਰ ਕੇ ਬੈਠ ਗਏ।ਕੇਂਦਰ ਸਰਕਾਰ ਨੇ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਪਰ ਯੋਧੇ ਕਦੇ ਹਾਰੇ ਨਹੀਂ,ਆਪਣੇ ਹੱਕਾਂ ਲਈ ਮੱਲੇ ਮੈਦਾਨ ਨੂੰ ਜਿੱਤੇ ਬਿਨਾਂ ਛੱਡਣਾ ਕਦੇ ਵੀ ਨਹੀਂ ਜਾਣਦੇ। ਥੋੜ੍ਹੇ ਦਿਨਾਂ ਨੂੰ ਆਉਣ ਵਾਲੀ ਸਤਾਈ ਤਰੀਕ ਨੂੰ ਯੋਧਿਆਂ ਦੇ ਮੱਲੇ ਪਿੜ ਨੂੰ ਇੱਕ ਮਹੀਨਾ ਹੋ ਜਾਵੇਗਾ।
ਇਸ ਮੋਰਚੇ ਦੀ ਸਭ ਤੋਂ ਵੱਡੀ ਜਿੱਤ ਸਾਡੀ ਨੌਜਵਾਨ ਪੀਡ਼੍ਹੀ ਨੂੰ ਨਸ਼ੇੜੀ ਦੱਸਦੇ ਸਨ,ਉਨ੍ਹਾਂ ਨੇ ਦਿੱਲੀ ਤਕ ਪਹੁੰਚਣ ਲਈ ਰਸਤੇ ਸਾਫ਼ ਕਰਨ ਲਈ ਕੜੀ ਮਿਹਨਤ ਵਿਖਾਈ ਤੇ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਾਹਾਂ ਉੱਤੇ ਚੱਲ ਕੇ ਥੋੜ੍ਹੇ ਦਿਨਾਂ ਵਿੱਚ ਪੂਰੀ ਦੁਨੀਆਂ ਨੂੰ ਵਿਖਾ ਦਿੱਤਾ ਕਿ ਅਸੀਂ ਨਸ਼ੇੜੀ ਨਹੀਂ ਮਿਹਨਤੀ ਕੌਮ ਦੇ ਯੋਧੇ ਹਾਂ।ਮੇਰੇ ਖ਼ਿਆਲ ਅਨੁਸਾਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਖਲਨਾਇਕ ਦਾ ਰੋਲ ਨਿਭਾਇਆ ਹੈ,ਤੇ ਹੀਰੋ ਕਿਸ ਤਰ੍ਹਾਂ ਹਰ ਪਾਸੇ ਨਾਲ ਟੱਕਰ ਲੈ ਕੇ ਜਿੱਤ ਪ੍ਰਾਪਤ ਕਰਦਾ ਹੈ ਉਹ ਸਭ ਦੇ ਸਾਹਮਣੇ ਹੈ।ਆਪਾਂ ਫ਼ਿਲਮਾਂ ਵਿੱਚ ਵੇਖਦੇ ਹੀ ਹਾਂ ਕਿ ਹਾਰਿਆ ਹੋਇਆ ਖਲਨਾਇਕ ਹਾਰ ਮੰਨਣ ਨੂੰ ਤਿਆਰ ਨਹੀਂ ਹੁੰਦਾ ਜੋ ਕਿ ਅੱਜਕੱਲ੍ਹ ਦਿੱਲੀ ਦੀ ਰਾਜਨੀਤੀ ਵਿੱਚ ਵਿਖਾਈ ਦੇ ਰਿਹਾ ਹੈ।ਰਾਜਨੀਤਕ ਪਾਰਟੀਆਂ ਨੇ ਆਜ਼ਾਦੀ ਤੋਂ ਬਾਅਦ ਸਾਨੂੰ ਜਿਹੜੇ ਘਟੀਆ ਤਰੀਕਿਆਂ ਨਾਲ ਤੋਡ਼ ਕੇ ਰੱਖਿਆ ਸੀ।ਧਰਮ, ਜਾਤੀ, ਕਿੱਤਾ ਤੇ ਖਿੱਤਾ ਮੁੱਖ ਹਥਿਆਰ ਸਨ।
ਧਰਮਾਂ ਵਿੱਚ ਬਾਬਾਵਾਦ ਵਾੜ ਕੇ ਲੋਕਾਂ ਨੂੰ ਦਿਮਾਗੀ ਵਿਚਾਰਾਂ ਨਾਲ ਤੋੜਿਆ,ਦੁਨੀਆਂਦਾਰੀ ਚੁਲਾਉਣ ਲਈ ਵੱਖ ਵੱਖ ਕੰਮ ਹੁੰਦੇ ਹਨ ਉਸ ਦੇ ਆਧਾਰ ਤੇ ਛੋਟੀਆਂ ਵੱਡੀਆਂ ਧਿਰਾਂ ਬਣਾ ਦਿੱਤੀਆਂ, ਕੰਮਕਾਰ ਤੇ ਆਧਾਰਤ ਜਾਤਾਂ ਵਿੱਚ ਵੰਡ ਦਿੱਤਾ। ਰਹਿੰਦੀ ਖੂੰਹਦੀ ਕਸਰ ਅਲੱਗ ਅਲੱਗ ਸੂਬੇ ਤੇ ਇਲਾਕੇ ਸਥਾਪਤ ਕਰ ਦਿੱਤੇ।ਅੱਜ ਮੋਰਚੇ ਵਿੱਚ ਸਾਡੇ ਕਿਸਾਨ ਤੇ ਮਜ਼ਦੂਰ ਪੂਰਨ ਰੂਪ ਵਿੱਚ ਅਜਿਹੀ ਕ੍ਰਾਂਤੀ ਲੈ ਕੇ ਆਏ ਹਨ ਧਰਮ, ਜਾਤੀ, ਕਿੱਤਾ ਤੇ ਖਿੱਤਾ ਇਨ੍ਹਾਂ ਉੱਪਰ ਸੁਹਾਗਾ ਫੇਰ ਦਿੱਤਾ ਹੈ।ਮਾਨਸ ਦੀ ਇੱਕ ਜ਼ਾਤ ਇੱਕ ਹੈ ਸਾਡੇ ਗ੍ਰੰਥਾਂ ਗੁਰੂ ਪੀਰਾਂ ਨੇ ਦੱਸੀ ਹੈ ਉਸ ਸਿੱਖਿਆ ਨੂੰ ਸਹੀ ਰੂਪ ਵਿੱਚ ਇਸ ਮੋਰਚੇ ਵਿੱਚ ਅਪਣਾ ਲਿਆ ਗਿਆ ਹੈ।
ਪੰਜਾਬ ਹਰਿਆਣਾ ਅਲੱਗ ਅਲੱਗ ਤਾਂ ਦੂਰ ਦੀ ਗੱਲ ਹੈ,ਸਾਰੇ ਰਾਜਾਂ ਤੋਂ ਆਏ ਕਿਸਾਨ ਤੇ ਮਜ਼ਦੂਰ ਪੰਜਾਬੀਆਂ ਨੂੰ ਜੱਫੀਆਂ ਪਾ ਕੇ ਆਪਣੇ ਵੱਡੇ ਭਾਈ ਦਾ ਰੁਤਬਾ ਦੇ ਰਹੇ ਹਨ ਤੇ ਕਹਿ ਰਹੇ ਹਨ ਕਿ ਇਨ੍ਹਾਂ ਯੋਧਿਆਂ ਨੇ ਸਾਨੂੰ ਸੱਚ ਦੇ ਰਸਤੇ ਤੇ ਚੱਲਣਾ ਇਕ ਵਾਰ ਫਿਰ ਸਿਖਾ ਦਿੱਤਾ ਹੈ। ਸਭ ਤੋਂ ਵੱਡੀ ਬਰਕਤ ਵਿਚ ਹਿੱਸਾ ਸਾਡੇ ਕਿਸਾਨ ਯੂਨੀਅਨਾਂ ਦੇ ਮੁਖੀਆਂ ਦੀ ਕਿਤਾਬਾਂ ਵਿੱਚੋਂ ਸਿੱਖਿਆ ਪ੍ਰਾਪਤ ਨਹੀਂ ਕੀਤੀ ਆਪਣੇ ਹੱਥਾਂ ਨਾਲ ਕੀਤੀ ਕੜੀ ਮਿਹਨਤ ਤੇ ਤਨ ਤੇ ਸਹੇ ਦੁੱਖਾਂ ਵਿਚੋਂ ਜੋ ਸਬਕ ਨਿਕਲਿਆ ਹੈ,ਉਸ ਦੇ ਸੁਣਾਏ ਦੋ ਚਾਰ ਸ਼ਬਦ ਹੀ ਕੇਂਦਰੀ ਮੰਤਰੀਆਂ ਤੇ ਅਧਿਕਾਰੀਆਂ ਨੂੰ ਹਿਲਾ ਕੇ ਰੱਖ ਗਏ।
ਮੇਰੇ ਖ਼ਿਆਲ ਅਨੁਸਾਰ ਹੁਣ ਤਕ ਕੇਂਦਰ ਸਰਕਾਰ ਨੇ ਜੋ ਪੰਜ ਮੀਟਿੰਗਾਂ ਕੀਤੀਆਂ ਹਨ ਉਹ ਸਾਡੇ ਕਿਸਾਨ ਮੁਖੀਆਂ ਤੋਂ ਸਬਕ ਲੈਣ ਲਈ ਹੀ ਕੀਤੀਆਂ ਸਨ।ਸਾਡੀ ਨੌਜਵਾਨ ਪੀੜ੍ਹੀ ਇਸ ਮੋਰਚੇ ਵਿੱਚੋਂ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰਨੀ ਹੈ ਨੇਤਾਵਾਂ ਤੇ ਅਧਿਕਾਰੀਆਂ ਨੂੰ ਕਿਵੇਂ ਮਿਲਣਾ ਹੈ,ਤੇ ਚੋਣਾਂ ਕਿਵੇਂ ਲੜੀਆਂ ਜਾਂਦੀਆਂ ਹਨ ਤੇ ਇਕ ਨੇਤਾ ਦਾ ਕੀ ਫ਼ਰਜ਼ ਹੁੰਦਾ ਹੈ ਸਾਰੇ ਪਾਠ ਆਪਣੇ ਬਜ਼ੁਰਗਾਂ ਤੋਂ ਜਮਾਤਾਂ ਲਗਾ ਕੇ ਸਿੱਖ ਰਹੇ ਹਨ।ਸਾਡੀ ਪੀੜ੍ਹੀ ਨੇ ਹੁਣ ਤਕ ਆਪਣੇ ਇਤਿਹਾਸ ਨੂੰ ਕਿਤਾਬਾਂ ਵਿੱਚੋਂ ਪੜ੍ਹ ਕੇ ਰਸਤੇ ਬਣਾਏ ਸਨ ਪਰ ਹੁਣ ਮੋਰਚੇ ਵਿੱਚ ਨੌਜਵਾਨ ਸਾਡੇ ਕਿਸਾਨ ਮੁਖੀਆਂ, ਬਾਬੇ ਬਾਪੂ ਤਾਇਆਂ ਚਾਚਿਆਂ ਕੋਲੋਂ ਪ੍ਰੈਕਟੀਕਲੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਜਿਨ੍ਹਾਂ ਨੂੰ ਕਦੇ ਕੋਈ ਇਤਿਹਾਸ ਪੜ੍ਹਨਾ ਨਹੀਂ ਪਵੇਗਾ ਜਿਨ੍ਹਾਂ ਨੇ ਖ਼ੁਦ ਵੇਖ ਤੇ ਹੰਢਾ ਲਿਆ ਹੋਵੇ। ਸਾਡੇ ਅਜੋਕੇ ਗਾਇਕਾਂ ਤੇ ਗੀਤਕਾਰਾਂ ਨੂੰ ਨਿੰਦਿਆ ਜਾਂਦਾ ਸੀ ਕਿ ਬੰਦੂਕਾਂ ਹਥਿਆਰਾਂ ਨਸ਼ਿਆਂ ਦੀਆਂ ਗੱਲਾਂ ਕਰਕੇ ਨੌਜਵਾਨ ਪੀੜ੍ਹੀ ਨੂੰ ਖ਼ਰਾਬ ਕਰ ਰਹੇ ਹਨ ਤੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲ ਰਹੇ ਹਨ।ਕਿਸਾਨੀ ਮੋਰਚਾ ਇੱਕ ਕੁਦਰਤੀ ਕ੍ਰਿਸ਼ਮਾ ਹੀ ਹੈ ਸਾਡੇ ਗਾਇਕ ਹੁਣ ਤਕ ਤਕਰੀਬਨ ਸਵਾ ਕੁ ਸੌ ਤਕ ਅਜਿਹੇ ਇਨਕਲਾਬੀ ਗੀਤ ਲਿਖ ਕੇ ਰਿਕਾਰਡ ਕਰਾ ਚੁੱਕੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਇਤਿਹਾਸਕ ਸਿੱਖਿਆ ਬਣ ਜਾਣਗੇ।ਰੁਲਦੂ ਬਾਬੇ ਦੀਆਂ ਲਿਖੀਆਂ ਬੋਲੀਆਂ ਜੋ ਕਿ ਨੌੰ ਜਵਾਨਾਂ ਨੂੰ ਸਿੱਖਿਆ ਤੇ ਚੱਲਣ ਲਈ ਰਸਤੇ ਬਣਾਉਣ ਦਾ ਸਬਕ ਦਿੰਦੀਆਂ ਹਨ ਢੋਲ ਦੇ ਨਾਲ ਉਹ ਬੋਲੀਆਂ ਪਾਉਂਦੇ ਅਨੇਕਾਂ ਨੌਜਵਾਨ ਮੋਰਚੇ ਵਿਚ ਘੁੰਮਦੇ ਮਿਲ ਜਾਣਗੇ।
ਸਾਰ-ਅੰਸ਼-ਇਸ ਮੋਰਚੇ ਦੀ ਮੁੱਖ ਬਰਕਤ ਇਨਸਾਨ ਕੀ ਹੁੰਦਾ ਹੈ ਤੇ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਹ ਸਿੱਖਿਆ ਅਜੋਕੀ ਪੀੜੀ ਸਹੀ ਰੂਪ ਵਿੱਚ ਪ੍ਰਾਪਤ ਕਰ ਚੁੱਕੀ ਹੈ।ਸ਼ਾਮ ਨੂੰ ਪੰਜਾਬ ਦੇ ਠੇਕਿਆਂ ਤੇ ਮੰਡੀਰ ਜੋ ਖੜ੍ਹੀ ਵਿਖਾਈ ਦਿੰਦੀ ਸੀ, ਅਜਿਹਾ ਸਭ ਕੁਝ ਸਮਾਪਤ ਹੋ ਚੁੱਕਿਆ ਹੈ ਹੁਣ ਪੰਜਾਬ ਉੱਡਦਾ ਨਹੀਂ ਮਿਹਨਤ ਕਰਨੀ ਤੇ ਹੱਕ ਲੈਣ ਲਈ ਲੜਨਾ ਕਿਵੇਂ ਹੈ ਉਸ ਦਾ ਸਬਕ ਪੜ੍ਹ ਰਿਹਾ ਹੈ।ਕੇਂਦਰ ਸਰਕਾਰ ਨੇ ਹਿੱਕ ਦੇ ਜ਼ੋਰ ਨਾਲ ਬਣਾਏ ਕਾਨੂੰਨਾਂ ਦਾ ਕੀ ਕਰਨਾ ਹੈ ਉਹ ਸੋਚਾਂ ਵਿੱਚ ਉਲਝੀ ਹੋਈ ਹੈ।ਕਿਉਂਕਿ ਸਾਡੇ ਨੌਜੁਆਨ ਪੀੜ੍ਹੀ ਇਹ ਜਾਣ ਚੁੱਕੀ ਹੈ,ਜੰਗ ਬੰਦੂਕ ਨਾਲ ਨਹੀਂ ਸੰਗੀਨ ਨਾਲ ਜਿੱਤੀ ਜਾਂਦੀ ਹੈ।
ਜਿਸ ਦੇ ਕੋਲ ਸਾਰਥਕ ਸ਼ਬਦ ਹੋਣ ਉਸ ਨੂੰ ਤਲਵਾਰ ਦੀ ਕੋਈ ਲੋੜ ਨਹੀਂ ਹੁੰਦੀ।ਧਰਮ ਤੇ ਜਾਤਾਂ ਸਾਨੂੰ ਤੋੜਦੀਆਂ ਹਨ,ਜਦੋਂ ਕਿ ਅਸੀਂ ਤਾਂ ਸਿਰਫ਼ ਪੰਜਾਬੀ ਜਾਂ ਭਾਰਤੀ ਹੀ ਹਾਂ।ਪੰਜਾਬ ਵਿੱਚੋ ਰਾਜਨੀਤਕ ਪਾਰਟੀਆਂ ਦਾ ਅਕਸ ਖ਼ਤਮ ਹੋ ਚੁੱਕਿਆ ਹੈ ਉਨ੍ਹਾਂ ਨੂੰ ਖੁਦ ਕੋਈ ਰਸਤਾ ਨਹੀਂ ਮਿਲ ਰਿਹਾ।ਸਾਡੇ ਯੋਧੇ ਕੇਂਦਰ ਤੋਂ ਆਪਣੇ ਹੱਕ ਖੋਹ ਕੇ ਜਲਦੀ ਹੀ ਮੈਦਾਨ ਮਾਰ ਲੈਣਗੇ,ਆਉਣ ਵਾਲੀਆਂ ਚੋਣਾਂ ਕਿਵੇਂ ਤੇ ਕੌਣ ਲੜੇਗਾ, ਉਸ ਦਾ ਸਬਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹੁੰਚਣਗੇ।
ਸਭ ਤੋਂ ਵੱਡੀ ਬਰਕਤ ਜੋ ਕਿਤਾਬਾਂ ਵਿੱਚੋਂ ਨਹੀਂ ਪ੍ਰੈਕਟੀਕਲ ਮੋਰਚੇ ਵਿੱਚ ਹਿੱਸਾ ਲੈਣ ਵਾਲੇ ਸਿੱਖ ਚੁੱਕੇ ਹਨ ਕਿ ਨੇਤਾ ਲੋਕ ਸੇਵਕ ਹੁੰਦੇ ਹਨ ਤੇ ਸਰਕਾਰੀ ਅਧਿਕਾਰੀ ਵੀ ਇਸ ਲੜੀ ਵਿੱਚ ਹੀ ਹਨ ਜ਼ਰੂਰਤ ਪੈਣ ਤੇ ਸੇਵਾ ਲਈ ਸੇਵਾਫਲ ਦੇ ਕੇ ਰੱਖੇ ਹੁੰਦੇ ਹਨ ਇਨ੍ਹਾਂ ਤੋਂ ਕਿਸ ਤਰ੍ਹਾਂ ਤੇ ਕਿਵੇਂ ਕੰਮ ਕਰਵਾਉਣਾ ਹੈ ਉਹ ਉਨ੍ਹਾਂ ਦੇ ਦਿਮਾਗ ਵਿੱਚ ਪੱਕਾ ਘਰ ਕਰ ਚੁੱਕਿਆ ਹੈ।ਹੁਣ ਪੰਜਾਬ ਵਿੱਚ ਕਿਸਾਨ ਯੂਨੀਅਨਾਂ ਤੇ ਨੌਜਵਾਨ ਪੀੜ੍ਹੀ ਵੱਲੋਂ ਜੋ ਵੀ ਕਦਮ ਚੁੱਕਿਆ ਜਾਵੇਗਾ,ਹਰ ਇਨਸਾਨੀਅਤ ਦੇ ਪੱਖ ਤੇ ਸੇਵਾ ਵਿੱਚ ਹੋਵੇਗਾ।ਅਗਲੀਆਂ ਚੋਣਾਂ ਵਿਚ ਮਜ਼ਦੂਰ ਤੇ ਕਿਸਾਨ ਮਿਲ ਕੇ ਨਵੇਂ ਕਦਮ ਚੁੱਕਣਗੇ ਜੋ ਸਭ ਤੋਂ ਵੱਡੀ ਬਰਕਤ ਹੋਵੇਗੀ ।
ਰਮੇਸ਼ਵਰ ਸਿੰਘ
ਸੰਪਰਕ ਨੰਬਰ -9914880392