ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਅਹਿਮ ਗੱਲਬਾਤ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਘਰ ਵਿੱਚ ਮੁਲਾਕਾਤ ਕਰਨ ਲਈ ਪੁੱਜੇ ਤੇ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਹੋਈ। ਕੈਪਟਨ ਨੇ ਕਿਸਾਨਾਂ ਨੂੰ ਵੀ ਖੇਤੀ ਕਾਨੂੰਨਾਂ ਕਾਰਨ ਜਾਰੀ ਖੜੋਤ ਖ਼ਤਮ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਹ ਪੰਜਾਬ ਦੀ ਆਰਥਿਕਤਾ ਤੇ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ।
ਸੂਤਰਾਂ ਅਨੁਸਾਰ ਮੀਟਿੰਗ ਸਵੇਰੇ ਹੋਣੀ ਸੀ ਪਰ ਦੋ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਦੁਪਹਿਰ ਦੇ ਕਰੀਬ ਸ਼ੁਰੂ ਹੋਈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਕਿਸਾਨ ਹੜਤਾਲ ਦਾ ਸਮਰਥਨ ਕਰ ਰਹੀ ਹੈ। ਕੈਪਟਨ ਨੇ ਪਹਿਲਾਂ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਾਰਿਆਂ ਦੇ ਸਮੂਹਿਕ ਹਿੱਤ ਵਿਚ ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਵਿਚ ਵਿਚੋਲਗੀ ਕਰਨ ਲਈ ਤਿਆਰ ਹੈ। ਮੁਜ਼ਾਹਰਾਕਾਰੀ ਕਿਸਾਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬ ਦੇ ਹਨ, ਨੇ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਧਰਨੇ ਦਿੱਤੇ ਹੋਏ ਹਨ। ਉਹ ਮੰਗ ਕਰ ਰਹੇ ਹਨ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।