(ਸਮਾਜ ਵੀਕਲੀ)- ਇਹ ਗੱਲ ਸ਼ਾਇਦ ਅਕਤੂਬਰ 1988 ਦੀ ਹੈ, ਦਿੱਲੀ ਚ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬਹੁਤ ਹੀ ਧਾਕੜ ਨੇਤਾ ਮਹਿੰਦਰ ਸਿੰਘ ਟਿਕੈਟ ਨੇ ਕਿਸਾਨਾ ਨੂੰ ਦਿੱਲੀ ਦੇ ਵੋਟ ਕਲੱਬ ਚ ਇਕੱਠੇ ਹੋਣ ਵਾਸਤੇ ਅਵਾਜ ਮਾਰੀ ਤੇ ਉਹਨਾਂ ਦੀ ਇਕ ਅਵਾਜ ਉੱਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਲਗਭਗ ਪੰਜ ਲੱਖ ਕਿਸਾਨ ਇਕੱਠਾ ਹੋ ਗਿਆ । ਉਹ ਅੰਦੋਲਨ ਪੰਜ ਕੁ ਦਿਨ ਚੱਲਿਆ, ਕਿਸਾਨਾ ਨੇ ਆਪਣੇ ਗੱਡਿਆ ਅਤੇ ਟਰੈਕਟਰਾਂ ਸਮੇਤ ਵੋਟ ਕਲੱਬ ਵਿੱਚ ਡੇਰਾ ਲਾਇਆ, ਮੌਕੇ ਦੀ ਸਰਕਾਰ ਵੱਲੋਂ ਪੁਲਿਸ ਫੋਰਸ ਦੀ ਵਰਤੋ ਵੀ ਕੀਤੀ ਗਈ, ਪਰ ਆਖਿਰ ਉਹ ਮੋਰਚਾ ਕਿਸਾਨਾ ਨੇ ਫਤਿਹ ਕਰ ਲਿਆ ।
ਕੱਲ੍ਹ ਰਾਤ ਦਿੱਲੀ ਦੇ ਗਾਜੀਆਬਾਦ ਬਾਰਡਰ ਉੱਤੇ ਵੀ ਕੁੱਜ ਉਸੇ ਤਰਾਂ ਦਾ ਸੀਨ ਦੁਬਾਰਾ ਵਾਪਰਿਆ । ਤਿੰਨ ਕਾਲੇ ਖੇਤੀ ਬਿੱਲਾਂ ਦੇ ਵਿਰੋਧ ਚ ਦੋ ਮਹੀਨਿਆਂ ਦੇ ਵੱਧ ਚੱਲ ਰਹੇ ਅੰਦੋਲਨ ਨੂੰ 26 ਜਨਵਰੀ ਵਾਲੇ ਦਿਨ ਹੋਈਆ ਘਟਨਾਵਾਂ ਨੂੰ, ਇਕ ਬਹੁਤ ਹੀ ਗਿਣੀ ਮਿਥੀ ਸ਼ਾਜਿਸ਼ ਤਹਿਤ ਕਿਸਾਨਾ ਦੇ ਸਿਰ ਮੜ੍ਹਕੇ, ਅੰਦੋਲਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਦੀ ਬਣਾਈ ਗਈ ਸ਼ਾਜਿਸ਼ ਤਹਿਤ ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਦਿਲੀ ਪੁਲਿਸ ਪੂਰੀ ਤਿਆਰੀ ਨਾਲ ਗਾਜੀਆਬਾਦ ਬਾਰਡਰ ‘ਤੇ ਮਹਿੰਦਰ ਸਿੰਘ ਟਿਕੈਟ ਦੇ ਲੜਕੇ ਤੇ ਉਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਟਿਕੈਟ ਨੂੰ ਗ੍ਰਿਫ਼ਤਾਰੀ ਕਰਨ ਵਾਸਤੇ ਪਹੁੰਚੀ । ਸਕੀਮ ਮੁਤਾਬਿਕ ਰਕੇਸ਼ ਟਿਕੈਟ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਕਿਸਾਨਾ ਨੂੰ ਉੱਥੋਂ ਪੁਲਿਸ ਬੱਲ ਦਾ ਪ੍ਰਯੋਗ ਕਰਕੇ ਖਿਦੇੜਨਾ ਸੀ ਤੇ ਪੁਲਿਸ ਦੀ ਸਹਾਇਤਾ ਵਾਸਤੇ ਭਾਜਪਾਈ ਗੁੰਡਿਆਂ ਦਾ ਲਾਮ ਲਸ਼ਕਰ ਵੀ ਉੱਥੇ ਨਾਹਰੇਬਾਜ਼ੀ ਕਰਨ ਕੇ ਹੁੜਦੰਗ ਮਚਾਉਣ ਵਾਸਤੇ ਪਹੁੰਚਾ ਹੋਇਆ ਸੀ, ਪਰ ਕੇਂਦਰ ਸਰਕਾਰ ਦੀ ਸਕੀਮ ਉਸ ਵੇਲੇ ਪੁੱਠੀ ਪੈ ਗਈ ਜਦ ਰਕੇ਼ਸ ਟਿਕੈਟ ਨੇ ਮੌਕੇ ‘ਤੇ ਛਿੱਕਾ ਮਾਰਦਿਆਂ ਆਪਣੀ ਗਿ੍ਰਫਤਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਹਨਾਂ ਆਪਣੀ ਬਹੁਤ ਹੀ ਭਾਵੁਕ ਤਕਰੀਰ ਨਾਲ ਦੇਸ਼ ਦੇ ਕਿਸਾਨਾ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਕਾਰਨ 26 ਜਨਵਰੀ ਦੀਆਂ ਘਟਨਾਵਾਂ ਕਾਰਨ ਬੈਕ ਫੁੱਟ ‘ਤੇ ਪਹੁੰਚਿਆ ਕਿਸਾਨ ਅੰਦੋਲਨ ਇਕ ਵਾਰ ਫੇਰ ਸਹੀ ਲੀਹੇ ਪੈ ਗਿਆ ਤੇ ਰਾਤੋ ਰਾਤ ਕਿਸਾਨ ਵਾਪਸ ਦਿੱਲੀ ਦੇ ਆਸ ਪਾਸ ਭਾਰੀ ਮਾਤਰਾ ਵਿੱਚ ਜਮਾਂ ਹੋ ਗਏ ।
ਆਪਾਂ ਸਭ ਜਾਣਦੇ ਹਾਂ ਕਿ ਇਸ ਕਿਰਤੀ ਕਿਸਾਨ ਅੰਦੋਲਨ ਨਾਲ ਭਾਰਤ ਸਰਕਾਰ ਦੀ ਪੂਰੇ ਵਿਸ਼ਵ ਵਿੱਚ ਬਹੁਤ ਕਿਰਕਿਰੀ ਹੋ ਰਹੀ ਹੈ ਜਿਸ ਕਰਕੇ ਸਰਕਾਰ ਕਿਸੇ ਵੀ ਤਰੀਕੇ ਇਸ ਅੰਦੋਲਨ ਨੂੰ ਫ਼ੇਲ੍ਹ ਕਰਨ ਵਾਸਤੇ ਅਮਾਦਾ ਹੈ । ਸਿੰਧੂ ਬਾਰਡਰ ‘ਤੇ ਵਾਪਰੀ ਅੱਜ ਵਾਲੀ ਫਿਰਕੂ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਆਪਣੇ ਬਾਕੀ ਸਾਰੇ ਪੱਤੇ ਵਰਤਣ ਤੋ ਬਾਅਦ ਪੱਲੇ ਪਈ ਘੋਰ ਨਿਰਾਸ਼ਾ ਤੋ ਬਾਦ ਹੁਣ ਫਿਰਕੂ ਪੱਤਾ ਖੇਡਣ ਦੇ ਰੌਅ ਚ ਹੈ । ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਉਹ ਆਪਣਾ ਅੰਦੋਲਨ ਲੋਕ ਤੰਤਰਿਕ ਰਿਵਾਇਤਾਂ ਮੁਤਾਬਕ ਸ਼ਾਂਤਮਈ ਈ ਢੰਗ ਈ ਨਾਲ ਕਰ ਰਹੇ ਹਨ । ਸਰਕਾਰ ਅਤੇ ਸਰਕਾਰ ਦੇ ਗੋਦੀ ਮੀਡੀਆ ਵੱਲੋਂ ਕਿਸਾਨਾ ਨੂੰ ਪਹਿਲਾਂ ਹੀ ਅਤਿਵਾਦੀ, ਵੱਖਵਾਦੀ, ਪਾਕਿਸਤਾਨੀ , ਖਾਲਿਸਤਾਨ ਆਦਿ ਬਹੁਤ ਕੁੱਜ ਕਿਹਾ ਗਿਆ । ਇਹ ਵੀ ਕਿਹਾ ਗਿਆ ਕਿ ਦੇਸ਼ ਦੇ ਬਹੁਗਿਣਤੀ ਕਿਸਾਨ ਤਿੰਨ ਖੇਤੀ ਕਾਨੂੰਨਾ ਦੇ ਹੱਕ ਵਿੱਚ ਹਨ ਜਦ ਕਿ ਮੁੱਠੀ ਭਰ ਕਿਸਾਨ ਇਹਨਾ ਕਾਨੂੰਨਾ ਦਾ ਵਿਰੋਧ ਕਰ ਰਹੇ ਹਨ, ਪਰ ਸਰਕਾਰ ਦੀ ਨੀਂਦ ਉਦੋਂ ਹਰਾਮ ਹੋ ਗਈ ਜਦੋਂ ਦਿੱਲੀ ਨੂੰ ਪੰਦਰਾਂ ਤੋ ਵੀਹ ਕੁ ਲੱਖ ਦੇ ਕੁਰੀਬ ਕਿਸਾਨਾ ਨੇ ਘੇਰਾ ਘਤ ਲਿਆ ।
ਸਰਕਾਰ ਦੀਆ ਸਾਰੀਆਂ ਚਾਲਾਂ ਫ਼ੇਲ੍ਹ ਹੋ ਜਾਣ ਤੋ ਬਾਅਦ ਹੁਣ ਸਰਕਾਰ ਨੇ ਦਿੱਲੀ ਪੁਲਿਸ ਦੀ ਸੁਰਪਰਸਤੀ ਹੇਠ ਫਿਰਕੂ ਤਾਕਤਾਂ ਨੂੰ ਸਰਗਰਮ ਕੀਤਾ ਹੈ ਤਾਂ ਕਿ ਕਿਸੇ ਨ ਕਿਸੇ ਤਰੀਕੇ ਕਿਸਾਨਾ ਚ ਭੜਕਾਹਟ ਪੈਦਾ ਕਰਕੇ ਉਹਨਾਂ ਨੂੰ ਹਿੰਸਾ ਕਰਨ ਵਾਸਤੇ ਭੜਕਾਇਆ ਜਾਵੇ ਤੇ ਬਾਅਦ ਚ ਕਿਸਾਨਾ ਦੇ ਨੇਤਾ ਫੜਕੇ ਜੇਹਲਾਂ ਚ ਸੁੱਟ ਦਿੱਤੇ ਜਾਣ ਤੇ ਬਾਕੀ ਭੀੜ ਨੂੰ ਪੁਲਿਸ ਬੱਲ ਨਾਲ ਬਹੁਤਿਆਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਜਾਵੇ ਤੇ ਬਾਰੀ ਰਹਿੰਦੇ ਹਵਾਲਾਤਾਂ ਚ ਭਰ ਦਿੱਤੇਜਾਣ ਤੇ ਇਸੇ ਤਰਾਂ ਦਿੱਲੀ ਦੇ ਕੁੰਡਲ਼ੀ, ਟਿੱਕਰੀ ਤੇ ਸਿੰਧੂ ਬਾਰਡਰ ‘ਤੇ ਬੈਠੇ ਕਿਸਾਨਾਂ ਨਾਲ ਕੀਤਾ ਜਾਵੇ ਤੇ ਅੰਦੋਲਨ ਦਾ ਭੋਗ ਪਾ ਦਿੱਤਾ ਜਾਵੇ ।
ਏਹੀ ਕਾਰਨ ਹੈ ਕਿ ਦਿੱਲੀ ਦੇ ਆਸ ਇਸ ਵੇਲੇ ਫਿਰਕੂ ਅਨਸਰ ਸਰਕਾਰੀ ਪੁਸ਼ਤ ਪਨਾਹੀ ਹੇਠ ਪੂਰੀ ਤਰਾਂ ਸਰਗਰਮ ਹਨ ਤੇ ਸਥਿਤੀ ਬਹੁਤ ਗੰਭੀਰ ਤੇ ਚਿੰਤਾਜਨਕ ਬਣੀ ਹੋਈ ਹੈ ।
ਇਹ ਉਹ ਵੇਲਾਂ ਹੈ ਜਿਸ ਵਕਤ ਅੰਦੋਲਨਕਾਰੀ ਕਿਸਾਨਾ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ । ਇਸ ਅੰਦੋਲਨ ਨੂੰ ਜਿੱਤਣਾ ਕਿਸਾਨਾ ਦੀ ਇੱਜਤ ਆਬਰੂ ਦਾ ਸਵਾਲ ਬਣ ਚੁੱਕਾ ਹੈ । ਇਸੇ ਕਰਕੇ ਉਹਨਾਂ ਦਾ ਨਾਅਰਾ ਹੈ ਕਿ ਜਾਂ ਜਿੱਤਾਂਗੇ ਜਾਂ ਮਰਾਂਗੇ । ਦੂਸਰੇ ਪਾਸੇ ਕੇਂਦਰ ਸਰਕਾਰ ਟਸ ਤੋ ਮਸ ਨਹੀਂ ਹੋ ਰਹੀ ।
ਜਦੋਂ ਇਸ ਤਰਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਹਾਲਾਤ ਕਿਸੇ ਵੀ ਸਮੇਂ ਕੋਈ ਵੀ ਰੁਖ ਅਖਤਿਆਰ ਕਰ ਸਕਦੇ ਹਨ, ਕਿਸੇ ਵੀ ਧਿਰ ਦਾ ਪੱਲੜਾਂ ਭਾਰੀ ਜਾਂ ਹਲਕਾ ਹੋ ਸਕਦਾ ਹੈ, ਹਾਲਾਤ ਕਿਸੇ ਵੀ ਧਿਰ ਦੇ ਪੱਖ ਜਾਂ ਵਿਰੋਧ ਚ ਜਾ ਸਕਦੇ ਹਨ, ਹਿੰਸਾ ਭੜਕ ਸਕਦੀ ਹੈ ਅਤੇ ਜਾਨੀ ਤੇ ਮਾਲੀ ਨੁਕਸਾਨ ਦਾ ਅੰਦੇਸ਼ਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ।
ਇਸ ਤਰਾਂ ਦੀ ਸਥਿਤੀ ਚ ਕਿਸੇ ਨਿੱਕੀ ਜਿਹੀ ਗਲਤੀ ਦੀ ਵੀ ਗੁੰਜਾਇਸ਼ ਨਹੀਂ ਹੁੰਦੀ ਕਿਉਂਕਿ ਇਕ ਨਿੱਕੀ ਜਿਹੀ ਗਲਤੀ ਵੀ ਅਰਸ਼ਾਂ ਦੀ ਉਚਾਈ ‘ਤੇ ਪਹੁੰਚੇ ਅੰਦੋਲਨ ਨੂੰ ਫ਼ਰਸ਼ ‘ਤੇ ਪਟਕ ਸਕਦੀ ਹੈ । ਇਸ ਕਰਕੇ ਅੰਦੋਲਨਕਾਰੀਆਂ ਵਾਸਤੇ ਇਸ ਵੇਲੇ ਇਕ ਛੋਟੀ ਜਿਹੀ ਗਲਤੀ ਦੀ ਵੀ ਗੁੰਜਾਇਸ਼ ਨਹੀ ਹੋਣੀ ਚਾਹੀਦੀ । ਸੋ ਕਿਸਾਨ ਅੰਦੋਲਨ ਦੇ ਮੋਹਰੀ ਆਗੂਆਂ ਨੂੰ ਆਪਣਾ ਹਰ ਕਦਮ ਇਸ ਸਮੇਂ ਬਹੁਤ ਹੀ ਸੋਚ ਸਮਝਕੇ ਚੁੱਕਣ ਦੀ ਲੋੜ ਹੈ । ਅੰਦੋਲਨ ਨੂੰ ਫੇਹਲ ਕਰਨ ਵਾਸਤੇ ਫਿਰਕੂ ਤਾਕਤਾਂ, ਸਰਕਾਰੀ ਏਜੰਸੀਆਂ ਦੀ ਅਗਵਾਈ ਹੇਠ ਇਸ ਵੇਲੇ ਪੂਰੀ ਤਰਾਂ ਸਰਗਰਮ ਹੋ ਚੁਕੀਆਂ ਹਨ ਜਿਹਨਾਂ ਨੂੰ ਕਿਸੇ ਉਚ ਕੂਟਨੀਤੀ ਨਾਲ ਹੀ ਜਵਾਬ ਦੇ ਕੇ ਮਾਤ ਦਿੱਤੀ ਜਾ ਸਕਦੀ ਹੈ ਜਿਸ ਨਾਲ ਉਹ ਆਪਣੇ ਬੁਣੇ ਹੋਏ ਜਾਲ ਚ ਆਪ ਹੀ ਉਲਝ ਜਾਣ ।
ਕਿਸਾਨ ਆਗੂ ਰਕੇਸ਼ ਟਿਕੈਟ ਨੇ ਇਸ ਪੱਖੋਂ ਇਕ ਆਹਲਾ ਦਰਜੇ ਦਾ ਕਿਸਾਨ ਆਗੂ ਹੋਣ ਦਾ ਸਬੂਤ ਦਿੱਤਾ ਹੈ । ਉਸ ਨੇ ਮੌਕੇ ਦੀ ਨਜਾਕਤ ਦੇ ਮੁਤਾਬਿਕ ਢੁਕਵੀਂ ਕੂਟਨੀਤੀ ਦਾ ਪਰਯੋਗ ਕਰਦਿਆ ਅੰਦੋਲਨ ਨੂੰ ਮੁੜ ਠੁੰਮਣਾ ਦੇ ਕੇ ਲੀਹੇ ਚਾੜਿਆ ਹੈ ਜਿਸ ਤੋਂ ਬਾਕੀ ਕਿਸਾਨ ਆਗੂਆ ਨੂੰ ਵੀ ਸੇਧ ਲੈਣੀ ਚਾਹੀਦੀ ਹੈ । ਇਸ ਦੇ ਨਾਲ ਹੀ ਇਹ ਗੱਲ ਇਕ ਵਾਰ ਫਿਰ ਦੁਹਰਾਉਂਦਾ ਹੈ ਕਿ ਕਿਸੇ ਵੀ ਅੰਦੋਲਨਕਾਰੀ ਨੇ ਫਿਰਕੂਆ ਦੁਆਰਾ ਪੈਦਾ ਕੀਤੀ ਗਈ ਭੜਰਾਹਟ ਚ ਆ ਕੇ ਕੋਈ ਗਲਤ ਕਦਮ ਨਹੀ ਚੁੱਕਣਾ, ਆਪਣੀ ਰੱਖਿਆ ਕਰਦਿਆ ਵੀ ਜਬਰ ਦਾ ਮੁਕਾਬਲਾ, ਸਬਰ ਨਾਲ ਕਰਨ ਦੀ ਜੁਗਤੀ ਹੀ ਵਰਤਣੀ ਹੈ । ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਵਿਰੋਧੀਆਂ ਨੂੰ ਕੋਈ ਵੀ ਅਜਿਹਾ ਮੌਕਾ ਨਾ ਮਿਲ ਸਕੇ, ਜਿਸ ਦਾ ਫਾਇਦਾ ਲੈਂਦਿਆਂ ਉਹ ਅੰਦੋਲਨ ਨੂੰ ਅਸਫਲ ਬਣਾਉਣ ਵਾਲੀਆ ਆਪਣੀਆ ਕਮੀਨੀਆਂ ਚਾਲਾਂ ਚ ਕਾਮਯਾਬ ਹੋ ਸਕਣ ।
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
30/01/2021