(ਸਮਾਜ ਵੀਕਲੀ)- ਵੈਸੇ ਤਾਂ ਤਿੱਨ ਕਾਲੇ ਖੇਤੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਭਾਰਤ ਦੀ ਕੇਂਦਰ ਸਰਕਾਰ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਛੇ ਮਹੀਨੇ ਦਾ ਅਰਸਾ ਪਾਰ ਕਰ ਗਿਆ ਹੈ, ਪਰ ਦਿੱਲੀ ਦੀ ਘੇਰਾਬੰਦੀ ਕੀਤਿਆ ਵੀ ਲਗਭਗ ਹੁਣ ਪੰਜ ਕੁ ਮਹੀਨੇ ਦਾ ਅਰਸਾ ਹੋ ਗਿਆ ਹੈ । ਇਸ ਅਰਸੇ ਦੌਰਾਨ ਅੰਦੋਲਨ ਵਿੱਚ ਕਈ ਪੜਾਅ ਵੀ ਆਏ ਤੇ ਉੱਤਰਾਵ ਚੜ੍ਹਾ ਵੀ । ਕੇਂਦਰ ਸਰਕਾਰ ਇਸ ਅੰਦੋਲਨ ਨੂੰ ਅਸਫਲ ਕਰਨ ਵਾਸਤੇ ਦੋਹਰੇ ਮਿਆਰ ਅਪਣਾ ਕੇ ਚਲਦੀ ਰਹੀ ਤੇ ਹੁਣ ਵੀ ਚੱਲ ਰਹੀ ਹੈ । ਇਕ ਪਾਸੇ ਮੰਤਰੀਆਂ ਵਲੋਂ ਗਿਆਰਾਂ ਮੀਟਿੰਗਾਂ ਦਾ ਦੌਰ ਦੌਰਾ ਚਲਾਇਆ ਗਿਆ ਤੇ ਦੂਸਰੇ ਪਾਸੇ ਅੰਦੋਲਨ ਨੂੰ ਫਿਰਕੂ, ਅੱਤਵਾਦੀ ਤੇ ਵਿਦੇਸ਼ੀ ਤਾਕਤਾਂ ਦੀ ਸ਼ਾਜਿਸ਼ ਦੱਸਿਆ ਜਾਂਦਾ ਰਿਹਾ । ਇਕ ਪਾਸੇ ਪ੍ਰਧਾਨ ਮੰਤਰੀ ਸਮੇਤ ਸਰਕਾਰ ਦੇ ਮੰਤਰੀ ਆਪੋ ਆਪਣੇ ਬਿਆਨਾ ਤੇ ਐਲਾਨਾਂ ਵਿੱਚ ਤਿੰਨ ਖੇਤੀ ਬਿੱਲਾਂ ਨੂੰ ਕਿਸਾਨ ਹਿਤੂ ਦੱਸਦੇ ਰਹੇ ਤੇ ਦੂਜੇ ਪਾਸੇ ਕਿਸਾਨਾ ਨਾਲ ਕੀਤੀਆ ਗਈਆਂ ਮੀਟਿੰਗਾਂ ਚ ਮੰਤਰੀ ਇਹ ਮੰਨਦੇ ਰਹੇ ਕਿ ਬਿੱਲ ਗਲਤ ਬਣਾਏ ਗਏ ਹਨ ਤੇ ਇਹਨਾ ਚ ਸੋਧ ਕਰਨ ਵਾਸਤੇ ਸਹਿਮਤੀ ਵੀ ਪਰਗਟਾਉਂਦੇ ਰਹੇ ।
ਦੇਸ਼ ਦੀ ਸੁਪਰੀਮ ਕੋਰਟ ਨੇ ਦਖ਼ਲ ਅੰਦਾਜੀ ਕੀਤੀ, ਕਿਸਾਨ ਅੰਦੋਲਨ ‘ਤੇ ਰੋਕ ਲਾਉਣ ਤੋਂ ਇਨਕਾਰ ਕੀਤਾ, ਤਿੰਨ ਖੇਤੀ ਬਿੱਲਾਂ ਨੂੰ ਲਾਗੂ ਕਰਨ ‘ਤੇ ਰੋਕ ਲਗਾਈ ਤੇ ਬਿੱਲਾਂ ਦੀ ਪੁਣਛਾਣ ਵਾਸਤੇ ਇਕ ਚਾਰ ਮੈਂਬਰੀ ਕਮੇਟੀ ਦਾ ਗਠਿਨ ਕਰਕੇ ਅਦਾਲਤ ਨੇ ਆਪਣੇ ਅਧਿਕਾਰਾਂ ਦੀ ਸੀਮਾਂ ਤਹਿ ਕਰਕੇ ਹੱਥ ਝਾੜ ਲਏ ।
26 ਜਨਵਰੀ ਨੂੰ ਕੇਂਦਰ ਸਰਕਾਰ ਨੇ ਆਪਣੇ ਪਾਰਟੀ ਕਾਰਕੁਨਾਂ ਦੇ ਸਹਿਯੋਗ ਨਾਲ ਡਰਾਮਾ ਰਚਿਆ ਤੇ ਲਾਲ ਕਿਲੇ ‘ਤੇ ਖਾਲਸਈ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਖਾਹਮਖਾਹ ਹੀ ਉਛਾਲਿਆ ਗਿਆ । ਉਸੇ ਦਿਨ ਗਾਜੀਪੁਰ ਬਾਰਡਰ ‘ਤੇ ਸਰਕਾਰੀ ਪੁਸ਼ਤਪਨਾਹੀ ਹੇਠ ਦਿੱਲੀ ਪੁਲਿਸ ਦੀ ਸਰਪ੍ਰਸਤੀ ਹੇਠ ਫਿਰਕੂ ਗੁੰਡਿਆਂ ਨੇ ਹਾਦੀਪੁਰ ਬਾਰਡਰ ‘ਤੇ ਕਿਸਾਨਾ ਨਾਲ ਗੁੰਡਾਗਰਦੀ ਕੀਤੀ ਤੇ ਅਸ਼ੋਕ ਟਿਕੈਟ ਨੂੰ ਗ੍ਰਿਫ਼ਤਾਰ ਕਰਕੇ ਕਿਸਾਨ ਅੰਦੋਲਨ ਨੂੰ ਹਿੱਦੂ ਸਿੱਖ ਦਾ ਫਿਰਕੂ ਮਸਲਾ ਬਣਾ ਕੇ ਇਕ ਵਾਰ ਫੇਰ 1984 ਦਾ ਸਿੱਖ ਕਤਲੇਆਮ ਵਾਲਾ ਭਾਣਾ ਵਰਤਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਿਸ ਨੂੰ ਅਸ਼ੋਕ ਟਿਕੈਟ ਦੀ ਸੂਝ ਤੇ ਸਮਝਦਾਰੀ ਨੇ ਅਸਫਲ ਬਣਾ ਦਿੱਤਾ ।
ਅੰਦੋਲਨ ਚ ਸ਼ਾਮਿਲ ਸਵਾ ਕੁ ਤਿੰਨ ਸੌ ਕਿਸਾਨ ਮੌਤ ਦੇ ਮੂੰਹ ਜਾ ਪਏ, ਬਹੁਤ ਸਾਰੇ ਨੌਜਵਾਨ ਗਿ੍ਰਫਤਾਰ ਕਰਕੇ ਦਿੱਲੀ ਪੁਲਿਸ ਵਲੋਂ ਰੂਪੋਸ਼ ਕਰ ਦਿੱਤੇ ਗਏ, ਕਈਆ ਦੇ ਸਿਰਾਂ ‘ਤੇ ਲੱਖਾਂ ਦੇ ਇਨਾਮ ਰੱਖ ਦਿੱਤੇ, ਲੋਕਾਂ ਚ ਡਰ ਪੈਦਾ ਕਰਨ ਵਾਸਤੇ ਪੰਜਾਬ ਵਿੱਚ ਇਨਫੋਰਸਮੈਂਟ ਵਿਭਾਗ ਦੀ ਛਾਪਾਮਾਰੀ ਕਰਵਾਈ ਗਈ, ਲੋਕਾਂ ਚ ਇਹ ਅਫ਼ਵਾਹ ਫੈਲਾਈ ਗਈ ਕਿ ਦਿੱਲੀ ਚ ਫੌਜ ਲਗਾ ਦਿੱਤੀ ਗਈ ਹੈ, ਅੰਦੋਲਨ ਸਮਾਪਤ ਕਰ ਦਿੱਤਾ ਗਿਆ ਹੈ ਤੋ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ । ਦਿੱਲੀ ਦੇ ਬਾਰਡਰਾਂ ਤੋਂ ਦਿੱਲੀ ਦੇ ਅੰਦਰ ਵੱਲ ਜਾਂਦੀਆਂ ਸੜਕਾਂ ‘ਤੇ ਦੀਵਾਰਾਂ ਖੜ੍ਹੀਆਂ ਕੀਤੀਆ ਗਈਆਂ, ਸੜਕਾਂ ‘ਤੇ ਕਿੱਲਬੰਦੀ ਕੀਤੀ ਗਈ, ਦਿੱਲੀ ਵੱਲ ਜਾਂਦੇ ਰਸਤਿਆਂ ‘ਤੇ ਪੰਦਰਾਂ ਪੰਦਰਾਂ ਫੁੱਟ ਡੂੰਘੇ ਟੋਏ ਪੁੱਟੇ ਗਏ, ਕਈ ਟਨ ਭਾਰੀ ਬਲੌਕ ਰੱਖੇ ਗਏ, ਲਾਠੀ-ਚਾਰਜ ਕੀਤਾ ਗਿਆ, ਭਰ ਸਰਦੀ ਚ ਪਾਣੀ ਦੀਆ ਫੁਹਾਰਾਂ ਮਾਰੀਆਂ ਗਈਆਂ, ਅੰਦੋਲਨ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੀ ਚਾਲ ਦੱਸਿਆ ਗਿਆ ਤੇ ਹੋਰ ਜੋ ਵੀ ਕੇਂਦਰ ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਵਾਸਤੇ ਕਰਨਾ ਸੀ, ਉਹ ਕੀਤਾ, ਪਰ ਚੰਗੀ ਗੱਲ ਇਹ ਰਹੀ ਕਿ ਹਰ ਵਾਰ ਕੇਂਦਰ ਸਰਕਾਰ ਆਪਣੇ ਵਿਛਾਏ ਜਾਲ ਨਿਚ ਆਪ ਹੀ ਫਸਦੀ ਰਹੀ ।
ਕਿਸਾਨਾ ਦੇ ਰੇਲ ਰੋਕੋ ਪ੍ਰੋਗਰਾਮ ਵੇਲੇ ਕੇਂਦਰ ਸਰਕਾਰ ਨੇ ਰੇਲਾਂ ਬੰਦ ਕੀਤੀਆਂ, ਕਿਸਾਨਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਇਕ ਅਪੀਲ ‘ਤੇ ਜਨਤਾ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਰੇਲ ਪੱਟੜੀਆ ਵਿਹਲੀਆਂ ਕਰ ਦਿੱਤੀਆਂ, ਪਰ ਰੇਲ ਮੰਤਰੀ ਪਿਊਸ਼ ਗੋਇਲ ਲੋਹੇ ਦਾ ਥਣ ਬਣ ਗਿਆ ਤੇ ਬਾਅਦ ਵਿੱਚ ਆਪੇ ਹੀ ਰੇਲਾਂ ਚਲਾਉਣ ਵਾਸਤੇ ਰਾਜੀ ਵੀ ਹੋ ਗਿਆ । ਹਰਿਆਣੇ ਦਾ ਮੁੱਖ ਮੰਤਰੀ ਇਹ ਕਹਿੰਦਾ ਰਿਹਾ ਕਿ ਹਰਿਆਣੇ ਚ ਖੇਤੀ ਬਿੱਲਾਂ ਦਾ ਕੋਈ ਵੀ ਵਿਰੋਧ ਨਹੀਂ ਸਗੋਂ ਉੱਥੋਂ ਦੇ ਕਿਸਾਨ ਬਿੱਲਾਂ ਦੇ ਹੱਕ ਵਿੱਚ ਹਨ, ਪਰ ਜਦੋਂ ਹਰਿਆਣੇ ਦੇ ਕਿਸਾਨਾ ਨੇ ਬਿੱਲਾਂ ਦੇ ਵਿਰੋਧ ਵਿੱਚ ਆ ਕੇ ਪਰਦਰਸ਼ਨ ਕੀਤੇ ਤੇ ਹਿਸਾਰ ਚ ਮੁੱਖ ਮੰਤਰੀ ਦੀ ਕਿਸਾਨ ਰੈਲੀ ਦੇ ਤੰਬੂ ਪੁੱਟ ਸੁੱਟੇ ਤਾਂ ਉਸ ਨੂੰ ਵੀ, ਮੌਸਮ ਦੀ ਖ਼ਰਾਬੀ ਕਾਰਨ ਰੈਲੀ ਮੁਲਤਵੀ ਕਰਨ ਦਾ ਬਹਾਨਾ ਬਣਾ ਕੇ ਰਫੂ ਕਰਨ ਦਾ ਬਹਾਨਾ ਬਣਾ ਕੇ ਬੇਸ਼ਰਮ ਹੋਣਾ ਪਿਆ, ਸੱਚਾਈ ਤਾਂ ਸੱਤ ਪਰਦੇ ਪਾੜ ਕੇ ਸਾਹਮਣੇ ਆ ਜਾਂਦੀ ਹੈ, ਏਹੀ ਕਾਰਨ ਹੈ ਕਿ ਕੱਲ੍ਹ ਹਰਿਆਣੇ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਵੀ ਘੇਰ ਲਿਆ ਗਿਆ ਤੇ ਨਾਲ ਹੀ ਪੰਜਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਸਵੇਤ ਮਲਿਕ ਦਾ ਕਾਲੀਆਂ ਝੰਡੀਆਂ ਦਿਖਾ ਕੇ ਸਵਾਗਤ ਕੀਤਾ ਗਿਆ । ਬਾਕੀ ਜੋ ਮਲ਼ੋਟ ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਇਆ, ਉਹਦੇ ਬਾਰੇ ਸਭ ਨੂੰ ਪਤਾ ਹੀ ਹੈ ।
ਕੇਂਦਰ ਸਰਕਾਰ ਖੇਤੀ ਬਿੱਲ ਵਾਪਸ ਲੈਣ ਦੀ ਬਜਾਏ ਪਹਿਲਾਂ ਵੀ ਕੋਝੀਆ ਹਰਕਤਾਂ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ । ਅੱਜ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਨੂੰ ਇਕ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਬੀ ਐਸ ਐਫ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਪੰਜਾਬ ਦੇ, ਪਾਕਿਸਤਾਨੀ ਸਰਹੱਦ ਨੇੜਲੇ ਕਿਸਾਨ, ਯੂ ਪੀ ਤੇ ਬਿਹਾਰ ਤੋਂ ਗਏ ਕਾਮਿਆਂ ਤੋਂ ਬੰਧੂਆ ਮਜ਼ਦੂਰੀ ਕਰਾਉਂਦੇ ਤੇ ਨਾਲ ਹੀ ਉਹਨਾਂ ਨੂੰ ਨਸ਼ਿਆ ਦੀ ਲੱਤ ਵੀ ਲਾਉਂਦੇ ਹਨ । ਇਹ ਚਿੱਠੀ ਇਕ ਦੋ ਸਾਲ ਪੁਰਾਣੀ ਰਿਪੋਰਟ ਦੇ ਹਵਾਲੇ ਨਾਲ ਪੁਲਿਸ ਮੁਖੀ ਨੂੰ ਭੇਜੀ ਗਈ ਹੈ ਜਿਸ ਵਿੱਚ ਕਿਸੇ ਤੱਥ ਦਾ ਜ਼ਿਕਰ ਨਹੀਂ ਕੀਤਾ ਗਿਆ । ਤਿੰਠੀ ਦੀ ਟਾਇਮਿੰਗ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਇਹ ਵੀ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਵਾਸਤੇ ਕਿਸਾਨਾ ਚ ਅੰਤਰਾਜੀ ਮੇਲ ਮਿਲਾਪ ਨੂੰ ਤੋੜਨ ਦੀ ਸ਼ਾਜਿਸ਼ ਵਜੋਂ ਲਿਖੀ ਗਈ ਹੋਵੇ ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿਵੇਂ ਮੈ ਆਪਣੇ ਪਹਿਲੇ ਲਿਖੇ ਲੇਖਾਂ ਚ ਸਮੇਂ ਸਮੇਂ ਇਹ ਕਹਿੰਦਾ ਰਿਹਾਂ ਹਾਂ ਕਿ ਮੋਦੀ ਸਰਕਾਰ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਕਿਸਾਨਾ ਦੇ ਵਿਰੁੱਧ ਹਰ ਵੱਡੀ ਤੋਂ ਵੱਡੀ ਸ਼ਾਜਿਸ਼ ਰਚੇਗੀ ਤਾਂ ਕਿ ਕਿਸੇ ਵੀ ਹੀਲੇ ਵਸੀਲੇ ਅੰਦੋਲਨ ਫ਼ੇਲ੍ਹ ਕੀਤਾ ਜਾ ਸਕੇ । ਇਸ ਤਰਾਂ ਦੀਆ ਸ਼ਾਜਿਸ਼ਾਂ ਵਿੱਚੋਂ, ਕਿਸਾਨ ਜਥੇਬੰਦੀਆ ਚ ਫੁੱਟ ਪਾਉਣ ਦੀ ਸ਼ਾਜਿਸ਼ ਵੀ ਇਕ ਹੈ ਤੇ ਅੰਦੋਲਨ ਚ ਸ਼ਾਮਿਲ ਨੌਜਵਾਨਾਂ ਦੇ ਸਿਰਾਂ ਦੇ ਮੁੱਲ ਪਾਉਣ ਦਾ ਮਕਸਦ ਵੀ ਅਸਲ ਵਿੱਚ ਏਹੀ ਹੈ ।
ਸੋ ਕਿਸਾਨ ਨੇਤਾਵਾਂ ਨੂੰ ਚੌਧਰਾਂ ਦੀ ਕੁੱਕੜ ਖੋਹੀ ਚੋ ਬਾਹਰ ਨਿਕਲਕੇ ਮੋਰਚੇ ਦੀ ਕਮਾਂਡ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਸੰਭਾਲਣੀ ਚਾਹੀਦੀ ਹੈ । ਆਪਸੀ ਬਿਆਨਬਾਜ਼ੀ ਬੰਦ ਕਰਕੇ ਇਕੱਠੇ ਬੈਠਣਾ ਸਮੇਂ ਦੀ ਵੱਡੀ ਮੰਗ ਹੈ, ਵਿਚਾਧਾਰਕ ਵਖਰੇਵੇਂ ਆਪਣੀ ਜਗਾ, ਪਰ ਇਸ ਵੇਲੇ ਗੱਲ ਆਨ, ਬਾਨ ਤੇ ਸ਼ਾਨ ਦੀ ਹੈ ਤੇ ਅਜਿਹੇ ਵਿੱਚ ਛੋਟੇ ਵਖਰੇਵੇਂ ਭੁਲਾ ਕੇ ਵੱਡੇ ਹਿਤ ਮੂਹਰੇ ਰੱਖਕੇ ਅੱਗੇ ਵਧਿਆ ਜਾਵੇਗਾ ਤਦ ਹੀ ਮਿਥੇ ਟੀਚੇ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ । ਕਿਸਾਨ ਜਥੇਬੰਦੀਆ ਵੱਲੋਂ ਲੱਖੇ ਲਿਘਾਣੇ ਬਾਰੇ ਜੋ ਫੈਸਲਾ ਲਿਆ ਗਿਆ ਹੈ, ਉਹ ਬਹੁਤ ਚੰਗਾ ਹੈ ਤੇ ਹੋਰ ਵੀ ਚੰਗਾ ਹੁੰਦਾ, ਜੇਕਰ ਇਹ ਨੌਬਤ ਹੀ ਨਾ ਆਉਂਦੀ , ਹੋਰ ਵੀ ਚੰਗਾ ਹੋਵੇਗਾ ਜੇਕਰ ਬਾਕੀਆਂ ਬਾਰੇ ਵੀ ਇਸੇ ਤਰਾਂ ਦੀ ਨੀਤੀ ਅਪਣਾਈ ਜਾਵੇ । ਆਸ ਹੈ ਕਿ ਆਉਣ ਵਾਲੇ ਦਿਨਾਂ ਚ ਕਿਸਾਨ ਆਗੂ ਆਪਣੀਆ ਪਿਛਲੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਨਗੇ ਤੇ ਸਭ ਆਪਸੀ ਗਿਲੇ ਸ਼ਿਕਵੇ ਭੁਲਕੇ, ਇਸ ਮੋਰਚੇ ਨੂੰ ਅਗਲੇ ਪੜਾਅ ਵੱਲ ਵਧਾਉਣ ਵਾਸਤੇ ਕੋਈ ਨਿੱਗਰ ਪ੍ਰੋਗਰਾਮ ਜ਼ਰੂਰ ਦੇਣਗੇ ।