ਕਿਸਾਨੀ ਮੋਰਚਾ

ਗੁਰਵਿੰਦਰ ਸਿੰਘ ਸ਼ੇਰਗਿੱਲ

 

ਪਤਨੀ-
 ਮੇਰੇ ਦਿਲ ਵਿਚ ਉੱਠਦੇ ਸਵਾਲ ਵੇ,
ਮੈਂ ਵੀ ਮੋਰਚੇ ਤੇ ਆਵਾਂ ਤੇਰੇ ਨਾਲ ਵੇ
ਵੇ ਰਲ ਆਪਾਂ ਫਤਹਿ ਪਾਵਾਂਗੇ,
ਅਸੀ ਰੱਖਿਆ ਏ ਸਬਰ ‘ਬਥੇਰਾ,
ਵੇ ਜਿੱਤ ਕੇ ਜ਼ਰੂਰ ਆਵਾਂਗੇ
ਪਤੀ-
ਉਤੋਂ ਫਸਲ ਪਈ ਏ ਦੇਖ ਪੱਕੀ ਨੀ, ਆਸ ਲਾ ਕੇ ਜਿਹਦੇ ਤੇ ਬੜੀ ਰੱਖੀ ਨੀ,
 ਨੀ ਕਣਕ ਲਿਆਉਂਣੀ ਕੱਟ ਕੇ
ਰੱਖ ਘਰ ਨੂੰ ਸੰਭਾਲ ਭਾਗਾਂ ਵਾਲੀਏ
ਮੈ ਮੋਰਚੇ ਤੇ ਖੜਾ ਡੱਟ ਕੇ
ਪਤਨੀ-
ਕਰ ਫ਼ਿਕਰ ਨਾ ਕਣਕ ਦਾ ਭੋਰਾ ਵੀ  ਤੂੰ,
ਵੀਰ ਮੇਰੇ ਸਾਂਭ ਜਾਣਗੇ
ਤੂੜੀ ਦਾਣਿਆਂ ਨੂੰ ਸਾਂਭ ਕੇ ਢੋਲਣਾ,
ਓਹ ਵੀ ਦੇਖੀ  ਨਾਲ ਆਣਗੇ
ਕਾਲੇ ਬਿੱਲ ਸਭ ਵਾਪਸ ਕਰਾ ਕੇ,
 ਵੇ ਖੁਸ਼ੀ ਵਾਲੇ ਗੀਤ ਗਾਵਾਂਗੇ
ਅਸੀ ਰੱਖਿਆ ਏ ਸਬਰ…….…
ਪਤੀ-
ਤੂੰ ਵੀ ਮੋਰਚੇ ਤੇ ਆ ਗਈ ਜੇ ਬੱਲੀਏ,
ਤਾਂ ਮੱਝੀਆਂ ਨੂੰ ਕੌਣ ਚੋਊਗਾ
ਕੌਣ ਬੱਚਿਆ ਨੂੰ ਭੇਜੂਗਾ ਸਕੂਲ ਨੂੰ, ਨੀ ਇੰਝ ਬੜਾ ਔਖਾ ਹੋਊਗਾ
ਕਿੰਝ ਰੱਖਣਾ ਖਿਆਲ ਦਾਦੀ ਮਾਂ ਦਾ, ਅੱਖੀਆ ਤੋਂ ਦੂਰ ਹਟ ਕੇ
ਰੱਖ ਘਰ ਨੂੰ ਸੰਭਾਲ ਭਾਗਾਂ  ਵਾਲੀਏ
ਮੈਂ ਮੋਰਚੇ ਤੇ ਖੜਾ ਡਟ ਕੇ
ਪਤਨੀ-
ਚੋਵੇ ਲਾਡੋ ਰਾਣੀ ਮੱਝੀਆਂ ਨੂੰ ਓਦੋਂ ਦੀ ਵੇ ਮੋਰਚਾ ਜਦੋਂ ਦਾ ਲੱਗਿਆ,
ਸਾਡਾ ਪੁੱਤਰ ਦਲੇਰ ਬੜਾ ਹੋ ਗਿਆ,
ਸਕੂਲ ਨੂੰ ਉਹ ਜਾਂਦਾ ਭੱਜਿਆ
ਦਾਦੀ ਮਾਂ ਵੀ ਦਲੇਰੀ ਕਰ ਆਖਦੀ, ਜਿੱਤ ਦਾ ਝੰਡਾ ਲਹਿਰਾਵਾਂਗੇ
ਅਸੀ ਰੱਖਿਆ ਏ ਸਬਰ ਬਥੇਰਾ,
 ਵੇ ਜਿੱਤ ਕੇ ਜਰੂਰ ਆਵਾਂਗੇ
ਪਤੀ-
ਮਿਲੇ ਘਰੋਂ ਬਾਹਰੋਂ ਜਦੋਂ ਏਨਾ ਹੌਸਲਾ, ਨੀ ਰੱਬ ਉਦੋਂ ਵੱਲ ਹੁੰਦਾ ਏ
ਸ਼ੇਰਗਿੱਲ ਪਿੰਡ ਸਿੱਧਵਾਂ ਦਾ ਆਖੇ, ਫਿਰ ਮਸਲੇ ਦਾ ਹੱਲ ਹੁੰਦਾ ਏ
ਹੁਣ ਕਿਰਤੀ ਕਿਸਾਨ ਇਕੱਠੇ ਹੋਏ, ਆਉਣੀ ਜੁਲਮ ਦੀ ਜੜ੍ਹ ਪਟ ਕੇ
ਰੱਖ ਘਰ ਨੂੰ ਸੰਭਾਲ ਭਾਗਾਂ ਵਾਲੀਏ, ਮੈ ਮੋਰਚੇ ਤੇ ਖੜਾ ਡੱਟ ਕੇ
ਗੁਰਵਿੰਦਰ ਸਿੰਘ ਸ਼ੇਰਗਿੱਲ
ਲੁਧਿਆਣਾ
ਮੋਬਾਈਲ 9872878501
Previous articleਸ਼ਕਤੀਆ ਅਤੇ ਭਾਵਨਾਵਾਂ ਦਾ ਘਾਣ ਹੁੰਦਾ ਹੈ। ਸੋ ਜਦੋਂ ਤੱਕ ਨੌਜੁਆਨ ਪੀੜੀ ਦੇ ਦਿਮਾਗ ਵਿਚੋਂ ਜਾਤ—ਪਾਤ ਦਾ ਭੇਦਭਾਵ ਨਹੀਂ ਮਿਟ ਜਾਂਦਾ, ਉਦੋਂ ਤੱਕ ਅਸੀਂ ਗੁਲਾਮ ਹੀ ਰਹਾਂਗੇ।
Next articleਬਟਿੱਤਰ : ਏਂਜਲ ਪ੍ਰਿਆ ਤੇ ਪਾਪਾ ਕੀ ਪਰੀ