(ਸਮਾਜ ਵੀਕਲੀ)
ਚੰਨਾ ਆਪਣੀ ਸੋਨੇ ਰੰਗੀ ਕਣਕ ਦੀ ਪੱਕੀ ਫਸਲ ਨੂੰ ਤਿਆਰ ਖਡ਼੍ਹੀ ਵੇਖ ਖੁਸ਼ੀ ਵਿੱਚ ਹਲਪਲ ਨੱਚਦਾ ਰਹਿੰਦਾ ‘ਤੇ ਵਾਢੀ ਦੇ ਵੇਲੇ ਦੀ ਉਡੀਕ ਕਰਦਾ ਦਿਨ ਰਾਤ ਆਪਣੀ ਪੱਕੀ ਫ਼ਸਲ ਦੀ ਰਾਖੀ ਕਰਦਾ । ਚੰਨੇ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਉਸ ਦੀ ਫਸਲ ਚੰਗਾ ਮੁੱਲ ਉਸ ਦੀ ਝੋਲੀ ਪਾਵੇਗੀ । ਓਧਰ ਚੰਨੇ ਦਾ ਇਕਲੌਤਾ ਮੁੰਡਾ ਦਿੱਲੀ ਕਿਸਾਨੀ ਧਰਨੇ ਤੇ ਪਿਛਲੇ ਚਾਰ ਮਹੀਨਿਆਂ ਤੋਂ ਇਸ ਆਸ ਵਿਚ ਬੈਠਾ ਹੈ ਕਿ ਉਹ ਇਸ ਕਿਸਾਨੀ ਜੰਗ ਨੂੰ ਜਿੱਤ ਜਲਦੀ ਆਪਣੇ ਘਰ ਪਰਤੇਗਾ ।
ਨਵੰਬਰ ਮਹੀਨੇ ਦਾ ਧਰਨਾ ਅਪ੍ਰੈਲ ਤੇ ਆ ਖੜ੍ਹਾ ਹੋਇਆ ਹੈ ਉਸ ਨੂੰ ਇਸ ਧਰਨੇ ਦੀ ਜਿੱਤ ਦਾ ਡਰ ਵੀ ਸਤਾਅ ਰਿਹਾ ਹੈ ਕਿ ਜੇਕਰ ਰੱਬ ਨਾ ਕਰੇ ਅਸੀਂ ਧਰਨਾ ਹਾਰ ਗਏ ਤਾਂ ਵਾਪਿਸ ਪੰਜਾਬ ਕੀ ਮੂੰਹ ਲੈ ਕੇ ਪਰਤਾਂਗੇ । ਇਕ ਪਾਸੇ ਓਧਰ ਪੰਜਾਬ ਉਸ ਦੀ ਫਸਲ ਵੀ ਤਿਆਰ ਹੈ ਪਰ ਖ਼ੈਰ ਉਸ ਦਾ ਬਾਪੂ ਫ਼ਸਲ ਸਾਂਭ ਲਏਗਾ , ਪਰ ਉਸਨੂੰ ਇਸ ਗੱਲ ਦੀ ਫ਼ਿਕਰ ਹੈ ਕਿ ਜੇਕਰ ਐਤਕੀਂ ਵੀ ਸਰਕਾਰ ਨੇ ਫ਼ਸਲ ਦਾ ਚੰਗਾ ਮੁੱਲ ਤੈਅ ਨਾ ਕੀਤਾ ਤਾਂ ਅਸੀਂ ਕੀ ਕਰਾਂਗੇ। ਹਰ ਸਾਲ ਇਹ ਸੋਚ ਕੇ ਕਣਕ ਦੀ ਫ਼ਸਲ ਨੂੰ ਲਾਉਂਦੇ ਹਾਂ ਕਿ ਇਸ ਵਾਰ ਮੁੱਲ ਚੰਗਾ ਮਿਲੇਗਾ । ਪਰ ਹਰ ਵਾਰ ਨਿਰਾਸ਼ਾ ਮਿਲਦੀ ਹੈ । ਰੱਬ ਕਰੇ ਐਤਕੀ ਚੰਗਾ ਮੁੱਲ ਮਿਲ ਜਾਏ ਤਾਂ ਕਿ ਜੋ ਜੀਤੋ ਦੇ ਵਿਆਹ ਦਾ ਕਰਾਜ਼ ਲਿਆ ਹੈ ਉਹੋ ਸਿਰੋ ਲੈ ਜਾਏ ।
ਓਧਰ ਚੰਨਾ ਇਸ ਉਮੀਦ ਵਿੱਚ ਹੈ ਕਿ ਫ਼ਸਲ ਚੰਗੀ ਹੈ ਮੁੱਲ ਚੰਗਾ ਆਪੇ ਮਿਲ ਜਾਣਾ ਹੈ ਪਰ ਵਾਢੀ ਤੋਂ ਦੋ ਦਿਨ ਪਹਿਲਾਂ ਮੌਸਮ ਨੇ ਅਚਾਨਕ ਆਪਣਾ ਰੰਗ ਹੀ ਬਦਲ ਦਿੱਤਾ । ਨੀਲੇ ਅੰਬਰ ਦੀ ਥਾਂ ਕਾਲੇ ਬੱਦਲ ਛਾ ਗਏ । ਚੰਨੇ ਨੂੰ ਇਹ ਕਾਲੇ ਮੀਂਹ ਦੇ ਬੱਦਲ ਨਹੀਂ ਸਗੋਂ ਉਸ ਦੇ ਲਈ ਫਾਂਸੀ ‘ਤੇ ਜ਼ਹਿਰ ਦੇ ਬੱਦਲ ਜਾਪਦੇ ਨਜ਼ਰ ਆਏ । ਚੰਨਾ ਵਾਹਿਗੁਰੂ ਅੱਗੇ ਬਸ ਇਕੋ ਅਰਦਾਸ ਕਰਦਾ ਕਿ ਮੀਂਹ ਨਾ ਆਵੇ ਸਾਨੂੰ ਸਾਡੀ ਮਿਹਨਤ ਦਾ ਮੁੱਲ ਮਿਲ ਜਾਵੇ ।
ਓਧਰ ਦਿੱਲੀ ਧਰਨੇ ਤੇ ਬੈਠਾ ਉਸਦਾ ਪੁੱਤ ਪੁਲੀਸ ਹੱਥੋਂ ਮਾਰ ਖਾ ਰਿਹਾ ਹੈ ਜਿਸਦਾ ਪਤਾ ਹਾਲੇ ਤਕ ਚੰਨੇ ਨੂੰ ਨ੍ਹੀਂ ਪਤਾ । ਚੰਨੇ ਨੂੰ ਇਕ ਪਾਸੇ ਮੀਂਹ ਦਾ ਫ਼ਿਕਰ ਹੈ ਦੂਜੇ ਪਾਸੇ ਚੰਗੇ ਮੁੱਲ ਦਾ । ਪਰ ਚੰਨੇ ਨੂੰ ਜੋ ਰੱਬ ਵਲੋਂ ਗੁੱਝੀ ਮਾਰ ਪੈਣ ਵਾਲੀ ਹੈ ਉਸ ਬਾਰੇ ਕਦੇ ਉਸ ਨੇ ਸੋਚਿਆ ਵੀ ਨਹੀਂ ਹੋਵੇਗਾ । ਓਧਰ ਇਕ ਪਾਸੇ ਪੁਲੀਸ ਦੇ ਨਾਲ ਹੱਥੋਂ ਪਾਈ ਵਿੱਚ ਉਸ ਦਾ ਪੁੱਤਰ ਮਾਰਿਆ ਗਿਆ ‘ਤੇ ਦੂਜੇ ਪਾਸੇ ਦੇਰ ਰਾਤੀਂ ਆਏ ਤੇਜ਼ਧਾਰ ਤੂਫਾਨ ਨੇ ਚੰਨੇ ਦੀ ਸਾਰੀ ਫਸਲ ਨੂੰ ‘ਤੇ ਉਸਦੀ ਸਾਰੀ ਉਮੀਦ ਨੂੰ ਤਬਾਹ ਕਰ ਦਿੱਤੀ । ਚੰਨਾ ਵਿਹੜੇ ਵਿਚ ਬੈਠਾ ਬੁੱਕ ਬੁੱਕ ਉੱਚੀ ਉੱਚੀ ਰੋ ਰਿਹਾ ਸੀ , ਕਿ ਦਰਵਾਜ਼ੇ ਥਾਈਂ ਆਉਂਦੀ ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਥਾਈ ਅੱਖਾਂ ਮੀਟ ਗਿਆ ।
ਜਸਕੀਰਤ ਸਿੰਘ
ਸੰਪਰਕ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )