ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉੱਤੇ ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਹਿਰ ਦੇ ਮੁੱਖ ਡਾਕਖਾਨਾ ਚੌਕ ਵਿੱਚ ਟਰੈਫਿਕ ਜਾਮ ਕਰ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ। ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਅਜੀਤ ਸਿੰਘ ਠੱਕਰਸੰਧੂ, ਬਲਵਿੰਦਰ ਸਿੰਘ ਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਕ ਸਿੰਘ ਬਹਿਰਾਮਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਹਰਚਰਨ ਸਿੰਘ ਔਜਲਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ ਲੱਖਣਕਲਾਂ, ਸੁਖਦੇਵ ਸਿੰਘ ਭਾਗੋਕਾਵਾਂ ਨੇ ਸੰਬੋਧਨ ਕਰਦੇ ਕਿਹਾ ਕਿ ਟਰੰਪ ਦਾ ਦੌਰਾ ਭਾਰਤ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਲਈ ਨਵੀਆਂ ਮੁਸੀਬਤਾਂ ਲੈ ਕੇ ਆਵੇਗਾ। ਕਪੂਰ ਸਿੰਘ ਘੁੰਮਣ, ਮੱਖਣ ਸਿੰਘ ਕੁਹਾੜ, ਠਾਕੁਰ ਧਿਆਨ ਸਿੰਘ ਅਤੇ ਨਿਰਮਲ ਸਿੰਘ ਬੋਪਾਰਾਏ ਨੇ ਆਖਿਆ ਕਿ ਇੱਕ ਪਾਸੇ ਦੇਸ਼ ਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਛੋਟੇ ਕਾਰੋਬਾਰੀ ਕਰਜ਼, ਭੁੱਖਮਰੀ, ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਉਨ੍ਹਾਂ ਲਈ ਕਿਸੇ ਰਾਹਤ ਦਾ ਪ੍ਰਬੰਧ ਕਰਨ ਦੀ ਬਜਾਏ ਮੋਦੀ ਸਰਕਾਰ ਲੋਕਾ ਸਭਾ ਚੋਣ ਦੌਰਾਨ ਟਰੰਪ ਵੱਲੋਂ ਮੋਦੀ ਦੀ ਮਸ਼ਹੂਰੀ ਲਈ ਅਮਰੀਕਾ ਵਿੱਚ ਕਾਰਵਾਈ ਰੈਲੀ ਦਾ ਅਹਿਸਾਨ ਮੋੜਨ ਲਈ ਇੱਕ ਅਰਬ ਰੁਪਏ ਨਮਸਤੇ ਟਰੰਪ ਰੈਲੀ ਕਰਵਾਉਣ ਲਈ ਪਾਣੀ ਵਾਂਗ ਵਹਾ ਰਹੀ ਹੈ। ਇਸ ਮੌਕੇ ਜਗਮੋਹਣ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਸ਼ੋਤਮ ਕੁਮਾਰ ਮਗਰਾਲਾ, ਬਲਵਿੰਦਰ ਸਿੰਘ, ਲੱਖਾ ਸਿੰਘ, ਜੋਗਿੰਦਰਪਾਲ ਘੁਰਾਲਾ, ਸੁਖਦੇਵ ਰਾਜ, ਬਲਬੀਰ ਸਿੰਘ ਉੱਚਾ ਧਕਾਲਾ, ਚੈਂਚਲ ਸਿੰਘ ਅਤੇ ਸੁਖਦੇਵ ਸਿੰਘ ਗੁਰਾਇਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।