ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਆਗੂਆਂ ਨੇ ਅੱਜ ਸਿੰਘੂ ਬਾਰਡਰ ’ਤੇ ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਹਰੀ ਰਿੰਗ ਰੋਡ ’ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ ਪਰ ਦਿੱਲੀ ਪੁਲੀਸ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨ ਆਗੂ ਇਸ ਮੁੱਦੇ ’ਤੇ ਕੱਲ੍ਹ ਮੁੜ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਪੁਲੀਸ ਅਧਿਕਾਰੀਆਂ ਨੇ ਅਜੇ ਤੱਕ ਕਿਸਾਨ ਨੇਤਾਵਾਂ ਨੂੰ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ। ਕਿਸਾਨਾਂ ਨੇ ਅੱਜ ਦਿੱਲੀ ਪੁਲੀਸ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ’ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਗੇ ਤੇ ਇਸ ਬਾਰੇ ਰੂਟ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੀ ਯੋਜਨਾ ਉਨ੍ਹਾਂ ਨੇ ਤਿਆਰ ਕੀਤੀ ਹੈ ਉਹ ਅੰਤਿਮ ਹੈ।
ਮੰਨਿਆ ਜਾਂਦਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨੂੰ ਬਾਹਰੀ ਰਿੰਗ ਰੋਡ ਦੀ ਆਵਾਜਾਈ ਅਤੇ ਹੋਰ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਬਦਲਵਾਂ ਰਸਤਾ ਚੁਣਨ ਲਈ ਕਿਹਾ ਹੈ ਪਰ ਕਿਸਾਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਸ੍ਰੀ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਦਿਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਤਾਕਤ ਅਤੇ ਸੰਕਲਪ ਦੀ ਮਿਸਾਲ ਵਜੋਂ ਅੰਦੋਲਨ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਆਪਣੇ ਤਿੰਨ ਨੁਕਤਿਆਂ ‘ਤੇ ਸਪੱਸ਼ਟ ਹਾਂ: ਪਹਿਲਾਂ ਪਰੇਡ ਯੋਜਨਾਬੱਧ ਰਸਤੇ ’ਤੇ ਹੋਵੇਗੀ ਅਤੇ ਇਸ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੈ, ਦੌਰਾ ਇਹ ਦਿੱਲੀ ਦੇ ਅੰਦਰ ਹੋਵੇਗੀ ਅਤੇ ਤੀਜਾ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ।