ਕਿਸਾਨਾਂ ਨੂੰ ਵਰਤ ਰਹੀਆਂ ਨੇ ਵਿਰੋਧੀ ਧਿਰਾਂ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀ ਬਿੱਲਾਂ ਦੇ ਮੁੱਦੇ ’ਤੇ ਕਿਹਾ ਕਿ ਵਿਰੋਧੀ ਧਿਰਾਂ ਸਿਰਫ਼ ਆਪਣੇ ਸਿਆਸੀ ਹਿੱਤਾਂ ਕਾਰਨ ਕਿਸਾਨਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਹਾਕਿਆਂ ਮਗਰੋਂ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਕੋਈ ਕਾਨੂੰਨ ਬਣਾਇਆ ਹੈ।

ਭਾਰਤੀ ਜਨਤਾ ਪਾਰਟੀ ਦੇ ਬਾਨੀ ਦੀਨਦਿਆਲ ਉਪਾਧਿਆਏ ਦੀ 104ਵੀਂ ਵਰ੍ਹੇਗੰਢ ਮੌਕੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਜ਼ਬੂਤੀ ਨਾਲ ਖੇਤੀ ਅਤੇ ਕਿਰਤ ਬਿੱਲਾਂ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਧਾਰ ਖੇਤੀ ਸੈਕਟਰ ’ਚ ਲੱਗੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਹਨ ਜਿਨ੍ਹਾਂ ਦੀ ਗਿਣਤੀ 85 ਫੀਸਦ ਤੋਂ ਵੱਧ ਬਣਦੀ ਹੈ।

ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਂ ’ਤੇ ਸੂਬਿਆਂ ਤੇ ਕੇਂਦਰ ’ਚ ਕਈ ਸਰਕਾਰਾਂ ਆਈਆਂ ਪਰ ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਝੂਠੇ ਲਾਰੇ ਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਆਪਣੀ ਮਰਜ਼ੀ ਦੇ ਭਾਅ ’ਤੇ ਜਿਣਸ ਵੇਚਣ ਤੋਂ ਰੋਕਿਆ ਜਾਂਦਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਆਮਦਨ ’ਚ ਕਦੀ ਵਾਧਾ ਨਹੀਂ ਹੋਇਆ। ਜਿਹੜੇ ਕਿਸਾਨਾਂ ਨੂੰ ਲਾਰੇ ਲਾਉਂਦੇ ਰਹੇ ਉਹੀ ਅੱਜ ਉਨ੍ਹਾਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾ ਰਹੇ ਹਨ ਤੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ।’

ਪ੍ਰਧਾਨ ਮੰਤਰੀ ਨੇ ਕਿਹਾ, ‘ਛੋਟੇ ਤੇ ਦਰਮਿਆਨੇ ਕਿਸਾਨ ਅੱਜ ਖੁਸ਼ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿਸਾਨਾਂ ਨੂੰ ਆਪਣੀ ਜਿਣਸ ਕਿਸੇ ਬਦਲਵੀਂ ਥਾਂ ’ਤੇ ਵੇਚਣ ਦੀ ਖੁੱਲ੍ਹ ਮਿਲੀ ਹੈ। ਪਹਿਲਾ ਕਿਸਾਨਾਂ ਨੂੰ ਸਿਰਫ਼ ਮੰਡੀਆਂ ’ਚ ਹੀ ਜਿਣਸ ਵੇਚਣੀ ਪੈਂਦੀ ਸੀ। ਹੁਣ ਜੇਕਰ ਉਨ੍ਹਾਂ ਨੂੰ ਮੰਡੀ ’ਚ ਫਸਲ ਦਾ      ਭਾਅ ਜ਼ਿਆਦਾ ਮਿਲੇਗਾ ਹੈ ਤਾਂ ਉਹ     ਉੱਥੇ ਵੇਚ ਸਕਦੇ ਹਨ ਤੇ ਜੇਕਰ ਮੰਡੀ        ਤੋਂ ਬਾਹਰ ਜਿਣਸ ਦਾ ਭਾਅ ਵੱਧ     ਮਿਲੇਗਾ ਤਾਂ ਉੱਥੇ ਆਪਣੀ ਜਿਣਸ      ਵੇਚ ਸਕਣਗੇ।’

Previous articleਪਾਵਰਕਾਮ ਉੱਪਮੰਡਲ ਸ਼ਾਮਚੁਰਾਸੀ ਵਿਖੇ ਫਰਥੀ ਫੂਕ ਮੁਜਾਹਰਾ
Next articleਨਵੇਂ ਖੇਤੀ ਬਿੱਲ ਕਿਸਾਨਾਂ ਨੂੰ ‘ਗੁਲਾਮ’ ਬਣਾਊਣਗੇ: ਰਾਹੁਲ