ਮਥੁਰਾ (ਸਮਾਜ ਵੀਕਲੀ) : ਬੌਲੀਵੁੱਡ ਦੀ ਉੱਘੀ ਅਭਿਨੇਤਰੀ ਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਅੱਜ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ। ਫ਼ਿਲਮ ਇੰਡਸਟਰੀ ’ਚ ਡਰੀਮ ਗਰਲ ਵਜੋਂ ਮਕਬੂਲ ਹੇਮਾ ਮਾਲਿਨੀ ਨੇ ਕਿਹਾ ਕਿ ਕਿਸਾਨ ਸਿਰਫ ਇਸ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਵੱਲੋਂ ਕਾਨੂੰਨਾਂ ਦੇ ਅਮਲ ’ਤੇ ਰੋਕ ਲਗਾਉਣੀ ਚੰਗੀ ਗੱਲ ਹੈ। ਉਮੀਦ ਹੈ ਕਿ ਇਸ ਨਾਲ ਹਾਲਾਤ ਸ਼ਾਂਤੀਪੂਰਨ ਹੋਣਗੇ। ਕਿਸਾਨ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਸਹਿਮਤੀ ’ਤੇ ਆਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ ਅਤੇ ਖੇਤੀ ਕਾਨੂੰਨਾਂ ਬਾਰੇ ਕੀ ਸਮੱਸਿਆ ਹੈ। ਇਸ ਦਾ ਮਤਲਬ ਹੈ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।’’
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ (ਮੋਬਾਈਲ) ਟਾਵਰਾਂ ਦੀ ਭੰਨਤੋੜ ‘ਚੰਗੀ ਗੱਲ ਨਹੀਂ ਹੈ’। ਉਨ੍ਹਾਂ ਕਿਹਾ, “ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ (ਕਿਸਾਨਾਂ) ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਵੇਖ ਕੇ ਚੰਗਾ ਨਹੀਂ ਲੱਗਿਆ। ਸਰਕਾਰ ਨੇ ਉਨ੍ਹਾਂ ਨੂੰ ਵਾਰ ਵਾਰ ਗੱਲਬਾਤ ਲਈ ਸੱਦਿਆ ਹੈ, ਪਰ ਉਨ੍ਹਾਂ ਕੋਲ ਆਪਣਾ ਏਜੰਡਾ ਵੀ ਨਹੀਂ ਹੈ।”