ਨਵੀਂ ਦਿੱਲੀ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਗਾਜ਼ੀਪੁਰ-ਦਿੱਲੀ ਸਰਹੱਦ ’ਤੇ ਲੱਗੇ ਕਿਸਾਨ ਧਰਨੇ ਨੂੰ ਚੁੱਕਣ ਲਈ ਕੀਤੀਆਂ ਤਿਆਰੀਆਂ ਬੀਤੀ ਰਾਤ ਇਕ ਹਜ਼ਾਰ ਦੇ ਕਰੀਬ ਕਿਸਾਨਾਂ ਦੇ ਉਥੇ ਪੁੱਜਣ ਨਾਲ ਧਰੀਆਂ-ਧਰਾਈਆਂ ਰਹਿ ਗਈਆਂ। ਬੀਕੇਯੂ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਕੀਤੀ ਭਾਵੁਕ ਅਪੀਲ ਰੰਗ ਲਿਆਈ ਤੇ ਵੱਡੀ ਗਿਣਤੀ ਕਿਸਾਨਾਂ ਦੀ ਆਮਦ ਨਾਲ ਗਾਜ਼ੀਪੁਰ ਧਰਨੇ ’ਚ ਮੁੜ ਜੋਸ਼ ਭਰ ਗਿਆ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕਿਸਾਨ ਪੱਛਮੀ ਯੂਪੀ ਨਾਲ ਸਬੰਧਤ ਸਨ।
ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ’ਤੇ ਡੇਰੇ ਲਾਈ ਬੈਠੇ ਹਨ। ਇਸ ਦੌਰਾਨ ਹਰਿਆਣਾ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ’ਤੇ ਚੱਲ ਰਹੇ ਧਰਨਿਆਂ ਵਿੱਚ ਪੁੱਜ ਗੲੇ ਹਨ। ਬੀਕੇਯੂ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਬੀਤੀ ਰਾਤ ਕੀਤੀ ਭਾਵੁਕ ਅਪੀਲ ਮਗਰੋਂ ਪੱਛਮੀ ਯੂਪੀ ਦੇ ਜ਼ਿਲ੍ਹਿਆਂ- ਮੇਰਠ, ਬਾਗ਼ਪਤ, ਬਿਜਨੌਰ, ਮੁਜ਼ੱਫਰਨਗਰ, ਮੁਰਾਦਾਬਾਦ ਤੇ ਬੁਲੰਦਸ਼ਹਿਰ ਤੋਂ ਵੱਡੀ ਗਿਣਤੀ ਕਿਸਾਨ ਸ਼ੁੱਕਰਵਾਰ ਵੱਡੇ ਤੜਕੇ ਯੁੂਪੀ ਗੇਟ-ਗਾਜ਼ੀਪੁਰ ਬਾਰਡਰ ’ਤੇ ਪੁੱਜ ਗਏ ਹਨ।
ਯੂਪੀ ਤੇ ਹਰਿਆਣਾ ਤੋਂ ਵੱਡੀ ਕਿਸਾਨਾਂ ਦੀ ਆਮਦ ਨਾਲ ਕਿਸਾਨ ਅੰਦੋਲਨ ’ਚ ਮੁੜ ਰੂਹ ਫੂਕੀ ਗਈ ਹੈ। ਦੱਸਣਾ ਬਣਦਾ ਹੈ ਕਿ ਵੀਰਵਾਰ ਰਾਤ ਨੂੰ ਗਾਜ਼ੀਪੁਰ ਸਰਹੱਦ ’ਤੇ ਇਕ ਵਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਗਿਣਤੀ ਘਟ ਕੇ 500 ਰਹਿ ਗਈ ਸੀ, ਪਰ ਅੱਧੀ ਰਾਤ ਨੂੰ ਇਕ ਹਜ਼ਾਰ ਦੇ ਕਰੀਬ ਹੋਰ ਕਿਸਾਨਾਂ ਦੇ ਗਾਜ਼ੀਪੁਰ ਧਰਨੇ ਵਿੱਚ ਸ਼ਾਮਲ ਹੋਣ ਨਾਲ ਕਿਸਾਨੀ ਸੰਘਰਸ਼ ਵਿੱਚ ਮੁੜ ਜਾਨ ਪੈ ਗਈ ਹੈ। ਉਂਜ ਧਰਨੇ ਦੌਰਾਨ ਆਪਣੇ ਹਮਾਇਤੀਆਂ ’ਚ ਘਿਰੇ ਰਾਕੇਸ਼ ਟਿਕੈਤ ਇਕ ਵਾਰ ਮੁੜ ਕੇਂਦਰ ਬਿੰਦੂ ਵਿੱਚ ਰਹੇ। ਇਸ ਦੌਰਾਨ ਧਰਨੇ ਵਾਲੀ ਥਾਂ ਤਾਇਨਾਤ ਸੁਰੱਖਿਆ ਬਲਾਂ ਦੀ ਵਾਧੂ ਨਫ਼ਰੀ ਵਾਪਸ ਭੇਜ ਦਿੱਤੀ ਗਈ ਹੈ।