ਕਿਸਾਨਾਂ ਦੀਆਂ ਮੌਤਾਂ ਦੇ ਮੁੱਦੇ ’ਤੇ ਰਾਹੁਲ ਨੇ ਕੇਂਦਰ ਨੂੰ ਘੇਰਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਦਾ ‘ਕੋਈ ਰਿਕਾਰਡ ਨਾ ਹੋਣ’ ਬਾਰੇ ਕੇਂਦਰ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ‘ਗੈਰ-ਸੰਵੇਦਨਸ਼ੀਲ’ ਤੇ ‘ਹੰਕਾਰੀ ਰਵੱਈਆ’ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਸੀ ਪਰ ਫਿਰ ਵੀ 403 ਕਿਸਾਨਾਂ ਦੇ ਵਾਰਿਸਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਬਾਹਰੋਂ ਵੀ 100 ਕਿਸਾਨਾਂ ਦੀ ਸੂਚੀ ਹੈ ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗੁਆਈ ਹੈ। ਇਸ ਤੋਂ ਇਲਾਵਾ 200 ਕਿਸਾਨਾਂ ਦੀ ਇਕ ਸੂਚੀ ਹੋਰ ਵੀ ਹੈ ਜੋ ਕਿ ਲੋਕਾਂ ਵੱਲੋਂ ਮੁਹੱਈਆ ਰਿਕਾਰਡ ਦੇ ਅਧਾਰ ਉਤੇ ਬਣੀ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਇਸ ਸੂਚੀ ਨੂੰ ਸੋਮਵਾਰ ਸੰਸਦ ਵਿਚ ਰੱਖਣਗੇ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਬਾਕੀ ਮੰਗਾਂ ਬਾਰੇ ਪੁੱਛਣ ’ਤੇ ਰਾਹੁਲ ਨੇ ਕਿਹਾ ‘ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ, ਇਸ ਦੇ ਇਰਾਦੇ ਸਹੀ ਨਹੀਂ ਹਨ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਲਿਆਉਣ ਨੂੰ ਖ਼ੁਦ ਹੀ ਗਲਤੀ ਮੰਨਿਆ ਹੈ। ਉਨ੍ਹਾਂ ਮੁਆਫ਼ੀ ਵੀ ਮੰਗੀ ਪਰ ਐਨੀ ਇਨਸਾਨੀਅਤ ਤੇ ਮਰਿਆਦਾ ਨਹੀਂ ਦਿਖਾਈ ਕਿ ਕਿਸਾਨਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਵੀ ਦੇ ਸਕਣ। ਕਾਂਗਰਸ ਆਗੂ ਨੇ ਕਿਹਾ ਕਿ ‘ਖ਼ੁਦ ਹੀ ਗਲਤੀ ਮੰਨ ਕੇ ਹੁਣ ਤੁਸੀਂ ਕਹਿ ਰਹੇ ਹੋ ਕਿ ਕੋਈ ਨਹੀਂ ਮਰਿਆ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਵਤੀਰਾ ਸ਼ੋਭਾ ਨਹੀਂ ਦਿੰਦਾ। ਇਹ ਅਨੈਤਿਕ ਤੇ ਉਦਾਸ ਕਰਨ ਵਾਲਾ ਵਿਹਾਰ ਹੈ।’ ਰਾਹੁਲ ਨੇ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਮੁਆਵਜ਼ਾ ਦੇਣਾ ਸਰਕਾਰ ਨੂੰ ਐਨਾ ਵੱਡਾ ਮੁੱਦਾ ਕਿਉਂ ਲੱਗ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰ ’ਚ ਪਾੜ ਪੈਣ ਕਾਰਨ 50 ਏਕੜ ਰਕਬੇ ’ਚ ਕਣਕ ਦੀ ਫਸਲ ਡੁੱਬੀ
Next articleਕੋਵਿਡ-19 ਚੁਣੌਤੀਆਂ ਦਰਮਿਆਨ ਭਾਰਤ-ਅਮਰੀਕਾ ਨੇ ਇਤਿਹਾਸਕ ਮੀਲਪੱਥਰ ਸਥਾਪਤ ਕੀਤੇ: ਸੰਧੂ