(ਸਮਾਜ ਵੀਕਲੀ)
ਮੋਢੇ ਉੱਤੇ ਹਲ , ਦਰਵੇਸ਼ ਲਗਦਾ ,
ਖੇਤਾਂ ਵਿੱਚ ਖੜ੍ਹਾ ,ਅੰਨਦਾਤਾ ਜੱਗ ਦਾ ,
ਖੁਸ਼ ਹੁੰਦਾ ਮਨੋਂ , ਫਸਲਾਂ ਨਿਹਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਮਿਹਨਤਾਂ ਦੇ ਨਾਲ , ਹੈ ਭੰਡਾਰੇ ਭਰਦਾ
ਕੱਲੇ ਕੱਲੇ ਜੀਵ ਦਾ , ਫਿਕਰ ਕਰਦਾ ,
ਦੀਨ ਦੁਖੀਆਂ ਦੀ ,ਸਦਾ ਲੈਂਦਾ ਸਾਰ ਜੀ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਕਰੇ ਅਰਦਾਸਾਂ , ਬੇੜੀ ਬੰਨੇ ਲਾ ਦਿਓ ,
ਕਿਰਤਾਂ ਦਾ ਮੁੱਲ ,ਝੋਲੀ ਵਿੱਚ ਪਾ ਦਿਓ ,
ਨੇੜੇ ਹੋ ਕੇ ਸੁਣੋ ,ਅਰਜ਼ਾਂ ਦਾਤਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਪੁੱਤਾਂ ਵਾਂਗੂ ਜੱਟ ,ਫਸਲਾਂ ਹੈ ਪਾਲ਼ਦਾ ,
ਕਰੇ ਨਾ ਫਿਕਰ , ਗਰਮੀ ਸਿਆਲ਼ ਦਾ ,
ਪਾਟੀ ਏ ਬਿਆਈ ,ਪੈਰੀਂ ਚੁੱਭੇ ਖਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਜੱਟ ਜਾਣੇ ਕਿਵੇਂ ,ਸਮਾਂ ਹੈ ਗੁਜ਼ਾਰਦਾ ,
ਆਫ਼ਤਾਂ ਦੀ ਮਾਰ ,ਕਿੰਝ ਹੈ ਸਹਾਰਦਾ ,
ਹੜ ਕਦੇ ਸੋਕਾ ,ਕਦੇ ਗੜੇ ਮਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਸਿੱਧਾ ਸਾਦਾ ਖਾਣਾ ,ਨਾ ਸਵਾਦ ਲਾਂਵਦਾ ,
ਰੁੱਖੀ ਮਿੱਸੀ ਮਿਲੇ਼ , ਸ਼ੁਕਰ ਮਨਾਂਵਦਾ ,
ਗੰਢਾ ਮਿਲ ਜਾਵੇ , ਜਾ ਮਿਲੇ਼ ਅਚਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਅੱਜ ਡੰਗ ਸਾਰਿਆ,ਫਿਕਰ ਕੱਲ ਦਾ ,
ਖੇਤੀ ਵਿੱਚੋਂ ਖਰਚਾ ,ਮਸਾਂ ਹੈ ਚੱਲਦਾ ,
ਕਿੱਥੋਂ ਪਾਵੇ ਕੋਠੀ ,ਕਿੰਝ ਲਵੇ ਕਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਸੋਨੇ ਦੀ ਫ਼ਸਲ ,ਮੰਡੀਆਂ ਚ ਰੁਲ਼ਦੀ ,
ਫਿਕਰਾਂ ਚ ਨਿੱਤ ,ਜਿੰਦ ਰਹੇ ਘੁਲ਼ਦੀ ,
ਲੁੱਟ ਲੈਂਦੇ ਰਲ਼ ,ਸੈਣੀ ਸ਼ਾਹੂਕਾਰ ਜੀ ,
ਕਿਰਤੀ ਦਾ ਕਰੋ ,ਸਦਾ ਸਤਿਕਾਰ ਜੀ !
ਬਲਬੀਰ ਕੌਰ ਬੱਬੂ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly