ਜੇਕਰ ਮੇਰੇ ਦੇਸ਼ ਦੀਆਂ ਸੜਕਾਂ ‘ਤੇ ,
ਅੱਜ ਰੁਲ਼ ਰਹੀਆਂ ਦਸਤਾਰਾਂ ਨੇ ।
ਅੰਨਦਾਤਿਆਂ ਦੀ ਬੇਕਦਰੀ ਲਈ ,
ਜਿੰਮੇਂਵਾਰ ਦੋਵੇਂ ਸਰਕਾਰਾਂ ਨੇ ।
ਜੇਕਰ ਪੁੱਤਰਾਂ ਵਾਂਗੂੰ ਪਾਲ਼ੀਆਂ ਫਸਲਾਂ,
ਮੰਡੀਆਂ ਦੇ ਵਿੱਚ ਰੁਲ਼ਦੀਆਂ ਨੇ ।
ਐਪਰ ਸਿਆਸੀ ਲੋਕਾਂ ਦੀਆਂ ਔਰਤਾਂ,
ਪੈਸੇ ਧਰ ਧਰ ਕੇ ਭੁਲਦੀਆਂ ਨੇ ।
ਸਾਡੇ ਕਿਰਤੀ ਕਾਮਿਆਂ ਦੇ ਸਿਰ ‘ਤੇ ,
ਘਰ ਭਰ ਲਏ ਸ਼ਾਹੂਕਾਰਾਂ ਨੇ ।
ਅੰਨਦਾਤਿਆਂ ਦੀ ਬੇਕਦਰੀ ਲਈ —-
ਜੇਕਰ ਸਾਡੇ ਧੀਆਂ ਪੁੱਤ ਪੜ੍ ਕੇ ,
ਅੱਜ ਵਿਹਲੇ ਫਿਰਦੇ ਸੜਕਾਂ ‘ਤੇ ।
ਨਿੱਤ ਬੇ – ਰੁਜ਼ਗਾਰਾਂ ਦੇ ਹੰਝੂ ਤੇ ,
ਮੁੜ੍ਕੇ ਨੇ ਕਿਰਦੇ ਸੜਕਾਂ ‘ਤੇ ।
ਚੰਗਿਆਂ ਦੀ ਥਾਂ ‘ਤੇ ਮਾੜੇ ਦਿਨ ,
ਸਾਨੂੰ ਦੇ ਦਿੱਤੇ ਹੁਸ਼ਿਆਰਾਂ ਨੇ ।
ਅੰਨਦਾਤਿਆਂ ਦੀ ਬੇਕਦਰੀ ਲਈ —-
ਜੇਕਰ ਵੱਡੇ ਮਹਿਲ ਉਸਾਰਨ ਵਾਲ਼ਾ ,
ਖ਼ੁਦ ਕੱਚਿਆਂ ਵਿੱਚ ਸੌਂਦਾ ਹੈ ।
ਕਈ ਗਊਆਂ ਮੱਝੀਆਂ ਵਾਲ਼ਾ ਵੀ ,
ਤੜਕਾ ਨਾ ਦਾਲ਼ ਨੂੰ ਲਾਉਂਦਾ ਹੈ ।
ਸਭ ਸੂਝਵਾਨ ਰਲ਼ ਮਿਲ ਬਹਿ ਕੇ ,
ਤਾਂ ਹੀ ਲੱਗੇ ਕਰਨ ਵਿਚਾਰਾਂ ਨੇ ।
ਅੰਨਦਾਤਿਆਂ ਦੀ ਬੇਕਦਰੀ ਲਈ —-
ਜੇਕਰ ਸ਼ਰਮੇਂ ਰੰਚਣਾਂ ਵਾਲ਼ੇ ਵਰਗੇ ,
ਦਿਲੋ ਦਿਮਾਗ਼ ਨੂੰ ਨੋਚਦੇ ਨੇ ।
ਸਾਰੇ ਪਿੰਡ ਰੰਚਣਾਂ ਦੇ ਗੱਭਰੂ ,
ਪਰਦੇਸ ਜਾਣ ਲਈ ਸੋਚਦੇ ਨੇ ।
ਜੇਕਰ ਸਣੇਂ ਘਰਾਂ ਦੇ ਖੇਤ ਵੇਚ ‘ਤੇ ,
ਕੈਂਸਰ ਦਿਆਂ ਬੀਮਾਰਾਂ ਨੇ ।
ਅੰਨਦਾਤਿਆਂ ਦੀ ਬੇਕਦਰੀ ਲਈ —-
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024 .