(ਸਮਾਜ ਵੀਕਲੀ)
ਜੇ ਨਫ਼ਰਤ ਦੀਆਂ ਸਭ ਦੀਵਾਰਾਂ ਢਹਿ ਜਾਵਣ
ਜਾਤ ਮਜ਼੍ਹਬ ਦੀਆਂ ਪੱਟੀਆਂ ਜੇਕਰ ਲਹਿ ਜਾਵਣ
ਧਰਤੀ ਬਣੇ ਸਵਰਗ ਗੰਗਾ ਵਹੇ ਪਿਆਰਾਂ ਦੀ
ਕਾਸ਼ ਕਿਤੇ ਫਿਰ ਮੁੜਕੇ ਆਜੇ ਰੁੱਤ ਬਹਾਰਾਂ ਦੀ
ਰੋਹੀ ਕੱਲਾ ਰੁੱਖ ਨਾ ਹੋਵੇ ਆਖਣ ਲੋਕ ਸਿਆਣੇ
ਏਕੇ ਦੇ ਵਿੱਚ ਬਰਕਤ ਹੁੰਦੀ ਕੁੱਲ ਜਮਾਨਾ ਜਾਣੇ
ਫੁੱਟ ਆਪਸੀ ਬਣਦੀ ਦੇਖੀ ਕਾਰਨ ਹਾਰਾਂ ਦੀ
ਕਾਸ਼ ਕਿਤੇ ਫਿਰ ਮੁੜਕੇ ਆਜੇ ਰੁੱਤ ਬਹਾਰਾਂ ਦੀ
ਕੀ ਹਿੰਦੂ ਕੀ ਮੋਮਨ ਭਾਵੇਂ ਹੋਵਣ ਸਿੱਖ ਇਸਾਈ
ਕਿਹੜੀ ਗੱਲੋਂ ਆਪਸ ਦੇ ਵਿੱਚ ਬੈਠੇ ਵੰਡੀਆਂ ਪਾਈ
ਧਰਮ ਦੇ ਨਾਮ ਤੇ ਲੁੱਟਦੀ ਜੁੰਡਲੀ ਠੇਕੇਦਾਰਾਂ ਦੀ
ਕਾਸ਼ ਕਿਤੇ ਫਿਰ ਮੁੜਕੇ ਆਜੇ ਰੁੱਤ ਬਹਾਰਾਂ ਦੀ
“ਸੁੱਖ” ਬਹਿਣ ਨਾ ਦਿੰਦੇ ਕੱਠੇ ਰਾਜਨੀਤੀਆਂ ਘੜਦੇ
ਕੁਰਸੀ ਵਾਲੇ ਇੱਕ ਥਾਂ ਬਹਿੰਦੇ ਅਸੀਂ ਕਾਸਤੋਂ ਲੜਦੇ
ਪਾੜੋ ਤੇ ਫਿਰ ਰਾਜ ਕਰੋ ਨੀਤੀ ਸਰਕਾਰਾਂ ਦੀ
ਕਾਸ਼ ਕਿਤੇ ਫਿਰ ਮੁੜਕੇ ਆਜੇ ਰੁੱਤ ਬਹਾਰਾਂ ਦੀ
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly