ਅੰਮ੍ਰਿਤਸਰ (ਸਮਾਜਵੀਕਲੀ) – ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕਰਨ ਅਤੇ ਘੱਟੋ-ਘੱਟ ਉਜਰਤਾਂ ਨਾ ਦੇਣ ਦੇ ਰੋਸ ਵਜੋਂ ਅੱਜ ਇੱਥੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਝੰਡੇ ਲਹਿਰਾ ਕੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਹੈ। ਆਸ਼ਾ ਵਰਕਰਾਂ ਨੇ ਰੋਸ ਵਜੋਂ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਸਨ।
ਯੂਨੀਅਨ ਆਗੂ ਪਰਮਜੀਤ ਕੌਰ ਮਾਨ, ਰਣਜੀਤ ਦੁਲਾਰੀ ਤੇ ਸਰਬਜੀਤ ਕੌਰ ਛੱਜਲਵੱਡੀ ਨੇ ਦਸਿਆ ਕਿ ਯੂਨੀਅਨ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਦੇ ਮੁੱਢਲੇ ਸਿਹਤ ਕੇਂਦਰਾਂ ਵੇਰਕਾ, ਮਾਨਾਂਵਾਲਾ, ਲੋਪੋਕੇ, ਤਰਸਿੱਕਾ ਆਦਿ ਨਾਲ ਜੁੜੇ 162 ਸਬ ਸੈਂਟਰਾਂ ਅਤੇ 950 ਤੋਂ ਵੱਧ ਪਿੰਡਾਂ ਸਮੇਤ ਕਸਬਿਆਂ ਤੇ ਸ਼ਹਿਰਾਂ ਦੀਆਂ 1350 ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਆਪੋ ਆਪਣੇ ਸੈਂਟਰਾਂ ਵਿੱਚ ਆਪਣੀਆਂ ਮੰਗਾਂ ਸਬੰਧੀ ਤਖਤੀਆਂ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਆਖਿਆ ਕਿ ਇਸ ਵੇਲੇ ਕਰੋਨਾ ਮਹਾਮਾਰੀ ਦੌਰਾਨ ਇਹ ਕਾਮੇ ਵੀ ਅਗਲੀ ਕਤਾਰ ਵਿੱਚ ਹੋ ਕੇ ਜੂਝ ਰਹੇ ਹਨ। ਮਾਸਕ, ਦਸਤਾਨੇ ਤੇ ਹੋਰ ਸੇਫਟੀ ਕਿੱਟਾਂ ਦੀ ਘਾਟ ਦੇ ਬਾਵਜੂਦ ਆਪਣੇ ਪਿੰਡਾਂ ਅਤੇ ਮੁਹਲਿਆਂ ਵਿੱਚ ਘਰੋਂ ਘਰੀ ਜਾ ਕੇ ਇਹ ਸਾਰੇ ਸਰਵੇਖਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਾਰਿਆਂ ਨੂੰ ਸੁਰੱਖਿਆ ਕਿੱਟਾਂ ਭੇਜੀਆਂ ਗਈਆਂ ਹਨ ਪਰ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੂੰ ਇਸ ਤੋਂ ਵਾਂਝੇ ਰਖਿਆ ਗਿਆ ਹੈ।
ਉਹ ਬਿਨਾਂ ਮਾਸਕ ਆਪਣੇ ਦੁਪਟਿਆਂ ਨਾਲ ਮੂੰਹ ਢੱਕ ਕੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਮਹਾਮਾਰੀ ਦੌਰਾਨ ਦਰਜਾ ਚਾਰ ਵਰਕਰਾਂ ਦੀ ਭਰਤੀ 750 ਰੁਪਏ ਪ੍ਰਤੀ ਦਿਹਾੜੀ ’ਤੇ ਆਰਜ਼ੀ ਤੌਰ ’ਤੇ ਕੀਤੀ ਜਾ ਰਹੀ ਹੈ ਜਦੋਂ ਕਿ ਪਿੰਡਾਂ, ਸ਼ਹਿਰਾਂ ਵਿਚ ਕਰੋਨਾ ਦਾ ਸਰਵੇ ਅਤੇ ਲੋਕਾਂ ਦੀ ਦੇਖਰੇਖ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸਿਰਫ 33 ਰੁਪਏ ਅਤੇ ਫੈਸਲੀਟੇਟਰਾਂ ਨੂੰ 16 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ।
ਰੋਸ ਪ੍ਰਗਟਾਉਣ ਵਾਲਿਆਂ ਨੂੰ ਡੀਟੀਐੱਫ ਦੇ ਆਗੂ ਜਰਮਨਜੀਤ ਸਿੰਘ, ਪ੍ਰਕਾਸ਼ ਸਿੰਘ, ਅਸ਼ਵਨੀ ਅਵਸਥੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਲਈ ਤਿੰਨ ਹਜ਼ਾਰ ਰੁਪਏ ਗੁਜ਼ਾਰਾ ਭੱਤਾ ਪ੍ਰਤੀ ਮਹੀਨਾ ਦੇਣ, ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੂੰ 750 ਰੁਪਏ ਦਿਹਾੜੀ ਦੇਣ, ਸੁਰੱਖਿਆ ਸਾਮਾਨ ਮੁਹੱਈਆ ਕਰਨ ਆਦਿ ਮੰਗਾਂ ਰੱਖੀਆਂ।