ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੰਡ ਵਾਲਾ ਮੀਰਾ ਸਾਂਗਲਾ ਨੇੜੇ ਤੋਂ ਲੰਘਣ ਵਾਲੀ ਗੰਗ ਕੈਨਾਲ ’ਚ ਅੱਜ ਸਵੇਰੇ ਇਕ ਕਾਰ ਡਿੱਗਣ ਕਾਰਨ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ 4 ਬੱਚੇ ਵੀ ਸ਼ਾਮਲ ਹਨ। ਇਕ ਵਿਅਕਤੀ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਜਦਕਿ ਇਕ ਵਿਅਕਤੀ ਦਾ ਬਚਾਅ ਹੋ ਗਿਆ। ਮੌਕੇ ’ਤੇ ਹਾਜ਼ਰ ਪਿੰਡਾਂ ਵਾਸੀਆਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਮਰਪੁਰਾ ਤੋਂ ਇਕ ਪਰਿਵਾਰ ਸੈਂਟਰੋ ਕਾਰ ਵਿੱਚ ਪਿੰਡ ਅਚਾੜਿਕੀ ਇਕ ਬਾਬੇ ਦੇ ਮੱਥਾ ਟੇਕਣ ਜਾ ਰਿਹਾ ਸੀ। ਉਹ ਜਦੋਂ ਪਿੰਡ ਜੰਡ ਵਾਲਾ ਮੀਰਾ ਸਾਂਗਲਾ ਨੇੜੇ ਪਹੁੰਚੇ ਤਾਂ ਕਾਰ ਦਾ ਸਟੇਅਰਿੰਗ ਜਾਮ ਹੋ ਗਿਆ ਤੇ ਕਾਰ ਬੇਕਾਬੂ ਹੋ ਕੇ ਗੰਗ ਨਹਿਰ ’ਚ ਜਾ ਡਿੱਗੀ। ਇਸ ਹਾਦਸੇ ’ਚ ਚਾਰ ਬੱਚਿਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਪਾਣੀ ’ਚ ਰੁੜ੍ਹ ਗਿਆ। ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ (16), ਸੋਨਾ (4), ਸਿਮਰਜੀਤ (8), ਸਾਜਨ (6), ਸਵਰਣ ਕੌਰ ਅਤੇ ਕੁਲਵਿੰਦਰ ਕੌਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਜੰਡ ਵਾਲਾ ਮੀਰਾ ਸਾਂਗਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਸੂਚਨਾ ਪੁਲੀਸ ਨੂੰ ਦਿੱਤੀ ਗਈ। ਡੀਐੱਸਪੀ ਫਾਜ਼ਿਲਕਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕਾਰ ਦੇ ਨਹਿਰ ’ਚ ਡਿੱਗਣ ਦੀ ਜਾਣਕਾਰੀ ਮਿਲਦੇ ਹੀ ਉਹ ਮੌਕੇ ’ਤੇ ਪਹੁੰਚ ਗਏ। ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਕਾਰ ’ਚੋਂ ਮਿਲੀਆਂ ਛੇ ਲਾਸ਼ਾਂ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ ਅਤੇ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
INDIA ਕਾਰ ਨਹਿਰ ’ਚ ਡਿੱਗੀ; ਪਰਿਵਾਰ ਦੇ ਛੇ ਜੀਅ ਡੁੱਬੇ