ਨਵੀਂ ਦਿੱਲੀ (ਸਮਾਜ ਵੀਕਲੀ) : ਦਹਿਸ਼ਤੀ ਗਤੀਵਿਧੀਆਂ ਵਿੱਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਕੰਮ ਕਰਨ ਵਾਲੇ ਸ਼ੱਕੀ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਨੂੰ ਸ਼ੌਰਯ ਚੱਕਰ ਜੇਤੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ। ਇਹ ਜਾਣਕਾਰੀ ਭਾਰਤੀ ਖ਼ੁਫ਼ੀਆ ਏਜੰਸੀ ਨੇ ਦਿੱਤੀ।
ਸੁਖ ਭਿਖਾਰੀਵਾਲ ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਨੂੰ ਸ਼ੌਰਯ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ (ਸੀਪੀਆਈ(ਐੱਮ) ਦੇ ਸਾਬਕਾ ਮੈਂਬਰ) ਦੀ ਹੱਤਿਆ ਵਿੱਚ ਸ਼ਮੂਲੀਅਤ ਦੇ ਮਾਮਲੇ ਵਿੱਚ ਲੋੜੀਂਦਾ ਸੀ। 62 ਵਰ੍ਹਿਆਂ ਦੇ ਕਾਮਰੇਡ ਸੰਧੂ ਨੇ ਪੰਜਾਬ ਵਿੱਚ 1990 ਵਿੱਚ ਅਤਿਵਾਦ ਦੇ ਸਿਖ਼ਰ ’ਤੇ ਖਾੜਕੂਆਂ ਦਾ ਮੁਕਾਬਲਾ ਕੀਤਾ ਸੀ। ਸੰਧੂ ਦੀ ਇਸ ਵਰ੍ਹੇ 16 ਅਕਤੂਬਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਤਰਨ ਤਾਰਨ ਦੇ ਭਿਖੀਵਿੰਡ ਵਿੱਚ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਭਾਰਤ ਦੀ ਖ਼ੁਫ਼ੀਆ ਏਜੰਸੀ (ਰਾਅ) ਨੇ ਸੁਖ ਭਿਖਾਰੀਵਾਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਤੁਰੰਤ ਬਾਅਦ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ, ਜਿਸ ਨੂੰ ਅਤਿਵਾਦ-ਵਿਰੋਧੀ ਇਕਾਈ ਵੀ ਕਿਹਾ ਜਾਂਦਾ ਹੈ, ਹਵਾਲੇ ਕਰ ਦਿੱਤਾ। ਵਿਸ਼ੇਸ਼ ਸੈੱਲ ਦਾ ਦਾਅਵਾ ਹੈ ਕਿ ਭਿਖਾਰੀਵਾਲ ਨੇ ਕਾਮਰੇਡ ਸੰਧੂ ਦੀ ਹੱਤਿਆ ਦਾ ਆਦੇਸ਼ ਪਾਕਿਸਤਾਨ ਦੀ ਆਈਐੱਸਆਈ ਦੇ ਇਸ਼ਾਰੇ ’ਤੇ ਦਿੱਤਾ ਸੀ। ਪ੍ਰੰਤੂ ਪੰਜਾਬ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਸੁਖ ਭਿਖਾਰੀਵਾਲ ਦਾ ਨਾਂ ਉਦੋਂ ਸਾਹਮਣੇ ਆਇਆ ਜਦੋਂ 7 ਦਸੰਬਰ ਨੂੰ ਪੂਰਬੀ ਦਿੱਲੀ ਦੇ ਸ਼ਕਰਪੁਰ ਵਿੱਚ ਗੋਲੀਬਾਰੀ ਮਗਰੋਂ ਵਿਸੇਸ਼ ਸੈੱਲ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਦੋ ਪੰਜਾਬ ਤੋਂ ਸਨ ਜਦਕਿ ਤਿੰਨ ਕਸ਼ਮੀਰ ਤੋਂ ਸਨ। ਮੁਲਜ਼ਮਾਂ ਦੀ ਸ਼ਨਾਖਤ ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਬੀਰ ਅਹਿਮਦ, ਅਯੂਬ ਪਠਾਨ ਅਤੇ ਰਿਆਜ਼ ਵਾਸੀ ਕਸ਼ਮੀਰ ਵਜੋਂ ਹੋਈ ਸੀ। ਪ੍ਰਮੋਦ ਸਿੰਘ ਖ਼ੁਸ਼ਵਾਹਾ ਦੀ ਅਗਵਾਈ ਵਾਲੀ ਅਤਿਵਾਦ-ਵਿਰੋਧੀ ਇਕਾਈ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਖ਼ਾਲਿਸਤਾਨ ਲਹਿਰ ਦੇ ਆਗੂਆਂ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਸਨ, ਜਿਸ ਨੂੰ ਪਾਕਿਸਤਾਨ ਦੀ ਆਈਐੱਸਆਈ ਸਪਾਂਸਰ ਕਰਦੀ ਹੈ ਅਤੇ ਉਨ੍ਹਾਂ ਦੇ ਆਦੇਸ਼ਾਂ ’ਤੇ ਹੀ ਸੰਧੂ ਦੀ ਕਥਿਤ ਤੌਰ ’ਤੇ ਹੱਤਿਆ ਕੀਤੀ ਗਈ।
ਇਸੇ ਦੌਰਾਨ ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਗੁਰਜੀਤ ਅਤੇ ਸੁਖਦੀਪ ਨੇ ਗੈਂਗਸਟਰ ਭਿਖਾਰੀਵਾਲ, ਜੋ ਗੁਰਦਾਸਪੁਰ ਦੇ ਇੱਕ ਹਿੰਦੂ ਆਗੂ ਦੇ ਸਾਥੀ ਦੀ ਹੱਤਿਆ ਦਾ ਮੁਲਜ਼ਮ ਵੀ ਹੈ, ਦੇ ਆਦੇਸ਼ਾਂ ’ਤੇ ਸੰਧੂ ਦੀ ਹੱਤਿਆ ਕੀਤੀ। ਪੰਜਾਬ ਪੁਲੀਸ ਨੇ ਹੱਤਿਆ ਵਿੱਚ ਦਹਿਸ਼ਤੀ ਕੋਣ ਨੂੰ ਰੱਦ ਕੀਤਾ ਹੈ। ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਦੋਵਾਂ ਦਾ ਕਹਿਣਾ ਹੈ ਕਿ ਭਿਖਾਰੀਵਾਲ ਦੀ ਪੁੱਛ-ਪੜਤਾਲ ਮਗਰੋਂ ਕੇਸ ਦੀਆਂ ਕੜੀਆਂ ਜੁੜਨਗੀਆਂ।