ਕਾਬੁਲ (ਸਮਾਜ ਵੀਕਲੀ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਮੋਰਟਾਰ ਨਾਲ 23 ਗੋਲੇ ਦਾਗੇ ਗਏ, ਜਿਸ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਜਦਕਿ 31 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ।
ਗ੍ਰਹਿ ਮੰਤਰਾਲੇ ਦੇ ਤਰਜਮਾਨ ਤਾਰਿਕ ਅਰੀਅਨ ਨੇ ਦੱਸਿਆ ਕਿ ਮੋਰਟਾਰ ਨਾਲ ਗੋਲੇ ਦੋ ਕਾਰਾਂ ਵਿੱਚੋਂ ਦਾਗੇ ਗਏ। ਅੱਜ ਸਵੇਰੇ ਕੀਤੇ ਹਮਲੇ ਦੌਰਾਨ ਕਾਬੁਲ ਦੇ ਪੌਸ਼ ਰਿਹਾਇਸ਼ੀ ਇਲਾਕੇ ਵਜ਼ੀਰ ਅਕਬਰ ਖ਼ਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿੱਥੇ ਰਣਨੀਤਕ ਮਿਸ਼ਨਾਂ ਦੀਆਂ ਰਿਹਾਇਸ਼ਾਂ ਵੀ ਹਨ। ਹਾਲੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸੇ ਦੌਰਾਨ ਤਾਲਿਬਾਨ ਨੇ ਤੁਰੰਤ ਇੱਕ ਬਿਆਨ ਜਾਰੀ ਕਰਦਿਆਂ ਹਮਲੇ ਦੀ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਇਸਲਾਮਿਕ ਸਟੇਟ ਨਾਲ ਸਬੰਧਤ ਸੰਗਠਨ ਇੱਥੇ ਕਾਫ਼ੀ ਸਰਗਰਮ ਹਨ ਅਤੇ ਹਾਲ ’ਚ ਹੀ ਇੱਥੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਉਸ ਨੇ ਕਬੂਲੀ ਹੈ। ਇਨ੍ਹਾਂ ਹਮਲਿਆਂ ’ਚ ਦੋ ਸਿੱਖਿਆ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਵਿਦਿਆਰਥੀਆਂ ਸਣੇ 50 ਤੋਂ ਵੱਧ ਲੋਕ ਮਾਰੇ ਗਏ ਸਨ।