(ਸਮਾਜ ਵੀਕਲੀ)
ਹਾਸ–ਵਿਅੰਗ
ਜਦ ਪਿਛਲੇ ਸਾਲ ਅੱਧ ਮਾਰਚ ਟੱਪਦਿਆਂ ਸਰਕਾਰ ਘਰੇ ਕਾਕਾ ਕਰੋਨਾ ਹੋਇਆ ਤਾਂ ਮਾਤ੍ਹੜਾਂ–ਤਮਾਤ੍ਹੜਾਂ ਨੂੰ ਛੱਡ ਕੇ ਸਾਰੇ ‘ਨਮੋਰੋਗੀਆਂ’ ਦੇਸ਼ਵਾਸੀਆਂ ਖ਼ੁਸ਼ੀ ਮਨਾਈ। ਦੇਸ਼ਵਾਸੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਜਿਉਂਦਿਆਂ ਰੱਖਦਿਆਂ, ਘਰ ਮੁੰਡੇ ਜੰਮੇ ‘ਤੇ ਇੰਝ ਤਾਲ਼ੀਆਂ–ਥਾਲ਼ੀਆਂ ਵਜਾਈਆਂ ਜਿਵੇਂ ‘ਕਰੋਨਾ’ ਨਹੀਂ ਵਿਕਾਸ ਜੰਮਿਆ ਹੋਵੇ। ਇੰਝ ਮੋਮਬੱਤੀਆਂ ਤੇ ਮੋਬਾਇਲਾਂ ਦੀਆਂ ਫਲੈਸ਼–ਲਾਈਟਾਂ ਬਾਲ਼ੀਆਂ ਜਿਵੇਂ ਸ਼੍ਰੀ ਰਾਮ ਜੀ 14 ਸਾਲਾਂ ਬਨਵਾਸ ਕੱਟ ਕੇ ਅਯੋਧਿਆ ਮੁੜੇ ਹੋਣ। ਮਾਤ੍ਹੜਾਂ–ਤਮਾਤ੍ਹੜਾਂ ਤੋਂ ਹੋਰ ਨਾ ਕੁਛ ਸਰਿਆ ਤਾਂ ਅਸੀਂ ਰਲ਼ ਕੇ ਇਹ ਗੀਤ ਗਾਇਆ :
“ਸਾਡੇ ਘਰ ਇੱਕ ਆਇਆ ਕਾਕਾ, ਕਾਕਾ ਕੀ ਏ ਭੂੰਡ ਪਟਾਕਾ,
ਜਦ ਦਾ ਕਾਕਾ ਜੰਮਿਆ ਏ, ਸਾਰਾ ਦੇਸ਼ ਈ ਬੰਨ੍ਹਿਆ ਏ,
ਸਾਨੂੰ ਘਰਾਂ ‘ਚ ਤਾੜੇ ਲਾਇਆ, ਆਪ ਕਾਕੇ ਨੇ ਭੰਗੜਾ ਪਾਇਆ,
ਆਪ ਗਲ਼ੀ ਵਿੱਚ ਲੁੱਡੀਆਂ ਪਾਵੇ, ਸਾਡੀ ਘਰਾਂ ‘ਚ ਜਾਨ ਸੁਕਾਵੇ।”
ਲਓ ਜੀ ਸਰਕਾਰ ਨੇ ਅਖੌਤੀ ਧਰਮ–ਨਿਰਪੱਤਾ ਦਾ ਸਬੂਤ ਦੇਂਦਿਆਂ, ‘ਕਾਕਾ ਕਰੋਨਾ’ ਪੂਰੇ ਦੇਸ਼ ਨੂੰ ਸਮਰਪਿਤ ਕਰਦਿਆਂ ਇਹਦੇ ਨਾਮ ਨਾਲ਼ ਨਾ ਸਿੰਘ ਲਾਇਆ, ਨਾ ਕੌਰ; ਨਾ ਸ਼ਰਮਾ ਲਾਇਆ, ਨਾ ਵਰਮਾ; ਨਾ ਅਲੀ ਲਾਇਆ, ਨਾ ਖ਼ਾਨ। ਨਾਮ ਰੱਖਿਆ (ਕੋਵਿਡ–19) ਉਰਫ਼ ਕਰੋਨਾ। ਆਹ ਨੰਬਰ–ਪਲੇਟ ਜੀ ਅਰਗਾ ਨਾਮ (ਕੋਵਿਡ–19) ਇਸ ਕਰਕੇ ਰੱਖਿਆ ਸੀ ਤਾਂ ਕਿ ਇਹਦੀ ਵੀ ਚੜ੍ਹਾਈ ਉਨ੍ਹਾਂ ਵੱਡੇ ਸਾਧੂਆਂ ਵਾਂਗ ਹੋਜੇ ਜਿਹੜੇ ਆਪਣੇ ਨਾਮ ਮਗਰ ਨੰਬਰ–ਪਲੇਟ ਜੀ ਲਵਾਈ ਫਿਰਦੇ ਹੁੰਦੇ ਨੇ; ਅਖੇ – ਸ਼੍ਰੀ ਸ਼੍ਰੀ 007–5911
ਪਿਛਲੇ ਸਾਲ ਟਵੰਟੀ–ਟਵੰਟੀ ਦੇ ਅੱਧ ਮਾਰਚ ਵਿੱਚ ਜਦ ਕਾਕਾ ਕਰੋਨਾ–19 ਜੰਮਿਆ ਤਾਂ ਇਹਨੇ ਜੰਮਦੇ ਨੇ ਈ ਵੱਡਿਆਂ–ਵੱਡਿਆਂ ਦੀ ਹਵਾ ਟੈਟ ਕਰਤੀ (ਆਪਣੇ ਮੁਲਕ ਦੀ ਓ ਨ੍ਹੀਂ, ਬਲਕਿ ਕਹਿੰਦੇ–ਕਹਾਉਂਦੇ ਖੱਬੀ–ਖ਼ਾਨ ਮੁਲਕਾਂ ਦੀ ਵੀ) ਜਿਹੜੀ ਮੁੰਡੀਰ ਪਹਿਲਾਂ ਰਾਤਾਂ ਨੂੰ 12–12 ਵਜੇ ਤੱਕ ਘਰ ਨਹੀਂ ਸੀ ਵੜਦੀ, ਆਹ ਨਿਕੜੂ ਕਰਕੇ ਦੇਹਲ਼ੀਓਂ ਬਾਹਰ ਪੈਰ ਰੱਖਣੋਂ ਵੀ ਡਰਦੀ ਸੀ।
ਜਿਹੜੇ ਪਤੀਦੇਵ ਪਹਿਲਾਂ ਕੰਮ ਦਾ ਬਹਾਨਾ ਕਰ ਕੇ, ਦੇਰ ਰਾਤ ਤੱਕ ਬਾਹਰ ਯਾਰਾਂ–ਬੇਲੀਆਂ ਨਾਲ਼ ਮਟਰਗਸ਼ਤੀਆਂ–ਪਾਰਟੀਆਂ ਕਰਦੇ ਸੀ, ਉਹ ਵੀ ਖੁੱਡੇ ਲੈਨ ਲਾਤੇ। ਜਿਹੜੇ ਆਹ ਮਾਸਟਰ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਜੁੱਲੀ–ਤੱਪੜ ਚੱਕ ਕੇ ਹਿੱਲ–ਸਟੇਸ਼ਨਾਂ ਵੱਲ ਨੂੰ ਚਾਲੇ ਪਾ ਦਿੰਦੇ ਸੀ, ਉਹ ਵੀ ਕੁਕੜੀਆਂ ਆਂਗੂੰ ਘਰ ਦੀਆਂ ਖੁੱਡਾਂ ਵਿੱਚ ਤੜਗੇ। ਸਭ ਤੋਂ ਭੈੜੀ ਤਾਂ ਸਰਕਾਰੀ ਨੌਕਰੀਆਂ ਵਾਲ਼ੇ ਬਾਬੂਆਂ–ਕਲਰਕਾਂ–ਅਫ਼ਸਰਾਂ ਨਾਲ਼ ਹੋਈ। ਜਦ ਕਰੋਨਾ ਕਾਕੇ ਦੇ ਜੰਮੇ ‘ਤੇ ਛੁੱਟੀਆਂ ਹੋਈਆਂ ਤਾਂ ਇਨ੍ਹਾਂ ਦੀਆਂ ਬਾਛਾਂ ਖਿੜ੍ਹ ਗਈਆਂ। ਇਹ ਤਾਂ ਆਫ਼ਿਸਾਂ ਵਿੱਚ ਵੀ ਜਮਾਂ ਈ ਵਿਹਲੇ ਰਹਿਣੇ ਗਿੱਝੇ ਹੋਏ ਸੀ, ਸੋਚਦੇ ਸੀ ਛੁੱਟੀਆਂ ‘ਚ ਘਰੇ ਰਹਿ ਕੇ ਹੋਰ ਬੁੱਲ੍ਹੇ ਲੁੱਟਾਂਗੇ ਪਰ ਘਰੇ ਘਰਆਲ਼ੀਆਂ ਦੇ ਅੜਿੱਕੇ ਚੜ੍ਹਗੇ… ਝਾੜੂ–ਪੋਚਾ, ਭਾਂਡਿਆਂ ਦੀ ਮਜਾਂਈ, ਕੱਪੜਿਆਂ ਦੀ ਸਫ਼ਾਈ ਤੋਂ ਅੱਕੇ ਪਹਿਲੇ ਹਫ਼ਤੇ ਈ ਕਰੋਨੇ ਕਾਕੇ ਨੂੰ ਮਣ–ਮਣ ਪੱਕੀਆਂ ਦੁਰਅਸੀਸਾਂ ਦੇਣ ਲੱਗ ਪਏ।
ਕਰੋਨਾ ਕਾਹਦਾ ਜੰਮਿਆ ਸਰਕਾਰ ਨੂੰ ਤਾਂ ਜਿਵੇਂ ਅਲਾਦੀਨ ਦਾ ਚਿਰਾਗ਼ ਥਿਆ ਗਿਆ ਹੋਵੇ। ਕਾਕੇ ਕਰੋਨਾ ਨੂੰ ਬਣਾ ਕੇ ਗੱਬਰ ਡਾਕੂ, ਸਰਕਾਰਾਂ ਨੇ ਇਹਦੇ ਨਾਂ ‘ਤੇ ਬਥੇਰੀਆਂ ਲੁੱਟਾਂ–ਖੋਹਾਂ ਕੀਤੀਆਂ, ਕਰੋਨੇ ਕਾਕੇ ਦੇ ਨਾਂ ‘ਤੇ ਵਧਾਈ ਵਜੋਂ ਵਰਲਡ ਬੈਂਕ ਤੋਂ ਬਥੇਰਾ ਪੈਸਾ ਕਢਵਾਇਆ ਤੇ ਆਪਣੀਆਂ ਸਾਰੀਆਂ ਸਰਕਾਰੀ ਨਾਕਾਮੀਆਂ, ਸਮੱਸਿਆਵਾਂ, ਅਸਫ਼ਲਤਾਵਾਂ, ਮੁਸੀਬਤਾਂ, ਹਾਰਾਂ, ਵਿਸੰਗਤੀਆਂ ਦਾ ਸਿਹਰਾ ਕਾਕੇ ਕਰੋਨੇ ਸਿਰ ਬੰਨ੍ਹ ਕੇ ਹਾਰ ਵਾਰ ਓਸੇ ਨੂੰ ਲਾੜਾ ਬਣਾਇਆ।
ਖ਼ੈਰ, 2021 ਦੇ ਮਾਰਚ ਦਾ ਅੱਧ ਆ ਗਿਆ ਤੇ ਸਰਕਾਰ ਨੇ ਐਲਾਨ ਕਰਤੈ ਬਈ ‘ਕਾਕਾ ਕਰੋਨਾ ਦਾ ਪਹਿਲਾ ਜਨਮਦਿਨ ਗੱਜ–ਵੱਜ ਕੇ, ਸਜਧਜ ਕੇ, ਮਨਾਇਆ ਜਾਵੇਗਾ।’ ਸਰਕਾਰੀ–ਤੰਤਰ ਨੇ ਤਾਂ ਕਰੋਨੇ ਕਾਕੇ ਦੇ ਜਨਮਦਿਨ ਲਈ ਵੱਡਾ ਸਾਰਾ ਗਿਫ਼ਟ–ਪੈਕ ਵੀ ਤਿਆਰ ਕਰਵਾਇਆ, ਜਿਸ ਵਿੱਚ ‘ਕਰੋਨਾ ਵੈਕਸੀਨ’ ਐ, ਜਿਹੜੀ ਰਿਟਰਨ ਗਿਫ਼ਟ ਵਜੋਂ ਜਨਤਾ ਨੂੰ ਥੋਪੀ ਜਾਵੇਗੀ। ਮਾਤ੍ਹੜ–ਤਮਾਤ੍ਹੜ ਜਨਤਾ ਨੇ ਨਾ ਕਰੋਨਾ ਕਾਕੇ ਦਾ ਜਨਮਦਿਨ ਮਨਾਉਣੈ ਨਾ, ਵੈਕਸੀਨ ਦਾ ਟੀਕਾ ਲਵਾਉਣੈ। ਇਸ ਲਈ ਮਾਤ੍ਹੜ–ਤਮਾਤ੍ਹੜ ਜਨਤਾ ਨੇ ਜ਼ੋਰਦਾਰ ਨਾਹਰਾ ਲਾਇਆ, ‘ਹੁਣ ਨਾ ਝਾਂਸੇ ਵਿੱਚ ਆਵਾਂਗੇ, ਨਾ ਕਰੋਨਾ ਵੈਕਸੀਨ ਲਵਾਵਾਂਗੇ, ਕਰੋਨਾ ਸਰਕਾਰੀ ਪਿੱਠੂ ਹੈ, ਇਹਨੂੰ ਨਾ ਆਪਣੀ ਪਿੱਠ ਬਿਠਾਵਾਂਗੇ।’
ਪਰ ਸਰਕਾਰੀ–ਤੰਤਰ ਕਹਿੰਦੈ, “ਅਸੀਂ ਤਾਂ ਫੁੱਲ ਪਾਰਟੀ ਦਾ ਆਯੋਜਨ ਕਰੀਂ ਬੈਠੇ ਆਂ। ਕਰੋਨੇ ਕਾਕੇ ਦਾ ਜਨਮਦਿਨ ਤਾਂ ਮਨਾਉਣਾ ਈ ਪੈਣੈ। ਜੇ ਨਾ ਮਨਾਇਆ ਤਾਂ ਕੇਕ ਦੇ ਨਾਂ ‘ਤੇ ਜਨਤਾ ਦੀ ਜੇਬ ਕਿਵੇਂ ਕੱਟਾਂਗੇ, ਮੋਮਬੱਤੀਆਂ ਦੀ ਥਾਏਂ ਵਿਰੋਧੀ ਪਾਰਟੀਆਂ ਦਾ ਖ਼ੂਨ ਕਿਵੇਂ ਸਾੜਾਂਗੇ, ਮੋਮਬੱਤੀਆਂ ਨੂੰ ਫੂਕ ਮਾਰਨ ਦੀ ਥਾਏਂ ਵਿਰੋਧੀ ਪਾਰਟੀਆਂ ਤੇ ਜਨਤਾ ਦਾ ਸਾਹ ਕਿਵੇਂ ਸੁਕਾਵਾਂਗੇ ਤੇ ਫੇਰ ਅਖ਼ੀਰ ਕਰੋਨਾ ਕਾਕੇ ਦਾ ਗਿਫ਼ਟ ਵੈਕਸੀਨ ਲੋਕਾਂ ਵਿੱਚ ਕਿਵੇਂ ਵਰਤਾਵਾਂਗੇ ??’
ਕਹਿੰਦੇ, ਇੱਕ ਮਾਲਕ ਆਪਣੇ ਨੌਕਰ ਨੂੰ ਕਹਿੰਦਾ, “ਜਾ… ਤੇ ਬਾਹਰ ਜਾ ਕੇ ਫੁੱਲ–ਬੂਟਿਆਂ ਨੂੰ ਪਾਣੀ ਦੇ।”
ਨੌਕਰ ਕਹਿੰਦਾ, “ਪਰ ਮਾਲਕ ਜੀ, ਬਾਹਰ ਤਾਂ ਮੀਂਹ ਪਈ ਜਾਂਦੈ।”
ਮਾਲਕ ਕਹਿੰਦਾ, “ਕੰਮ ਤੋਂ ਨਾ ਟਲ਼, ਜੇ ਬਾਹਰ ਮੀਂਹ ਪਈ ਜਾਂਦੈ ਤਾਂ ਤੂੰ ਛੱਤਰੀ ਲੈ ਕੇ ਬਾਹਰ ਜਾ ਤੇ ਫੁੱਲ–ਬੂਟਿਆਂ ਨੂੰ ਪਾਣੀ ਦੇ।”
ਜਨਤਾ ਤੇ ਵਿਰੋਧੀ ਧਿਰ ਕਹਿੰਦੀ, “ਸਰਕਾਰ ਜੀ, ਜਦ ਬਾਹਰ ਮੀਂਹ ਈ ਪਈ ਜਾਂਦੈ, ਫੇਰ ਫੁੱਲ–ਬੂਟਿਆਂ ਨੂੰ ਪਾਣੀ ਦੇਣ ਦਾ ਕੀ ਮਤਲਬ ?”
ਸਰਕਾਰ ਕਹਿੰਦੀ, “ਤੁਸੀਂ ਜੋ ਮਰਜ਼ੀ ਕਹੋ, ਅਸੀਂ ਤਾਂ ਆਪਣਾ ਫ਼ਰਜ਼ ਨਿਭਾਉਣਾ ਈ ਐ…. ਜਿਹੜਾ ਕਰੋੜਾਂ–ਅਰਬਾਂ ਰੁਪਈਆ ਅਸੀਂ ‘ਪਾਣੀ’ ਖ਼ਰੀਦਣ ਲਈ ਪਾਣੀ ਵਾਂਗ ਵਹਾਇਐ, ਇਹ ਵੀ ਤਾਂ ਸਰਿੰਜਾਂ ਵਿੱਚ ਭਰ–ਭਰ, ਜਨਤਾ ਦੇ ਲਾਣਾ ਈ ਐ…. ਭਾਵੇਂ ਲੋੜ ਹੋਵੇ, ਭਾਵੇਂ ਨਾ ਹੋਵੇ।”
ਕਹਿੰਦੇ, ਇੱਕ ਬੰਦਾ ਕਹਿੰਦਾ, “ਕੱਲ੍ਹ ਮੈਂ ਨਹਿਰ ‘ਤੇ ਨਹਾਉਣ ਗਿਆ। ਕੱਪੜੇ–ਕੁੱਪੜੇ ਲਾਹ ਕੇ ਨਹਿਰ ਵਿੱਚ ਛਾਲ ਮਾਰਨ ਲੱਗਾ ਤਾਂ ਵੇਖਿਆ, ਅੱਗੋਂ ਨਹਿਰ ਸੁੱਕੀ ਓ ਪਈ ਵਗੇ…. ਪਰ ਮੈਂ ਫੇਰ ਵੀ ਸੁੱਕੀ ਨਹਿਰ ਵਿੱਚ ਛਾਲ਼ ਮਾਰਤੀ।”
ਦੂਜਾ ਬੰਦਾ ਕਹਿੰਦਾ, “ਜਦ ਨਹਿਰ ਵਿੱਚ ਪਾਣੀ ਓ ਹੈ ਨ੍ਹੀਂ ਸੀ, ਫੇਰ ਸੁੱਕੀ ਨਹਿਰ ਵਿੱਚ ਛਾਲ਼ ਮਾਰਨ ਦਾ ਕੀ ਮਤਲਬ ?”
ਪਹਿਲਾ ਬੰਦਾ ਕਹਿੰਦਾ, “ਮੈਂ ਸੋਚਿਆ, ਚਲੋ ਰਗੜਾਂ ਈ ਸਹੀ।”
ਸਰਕਾਰ ਕਹਿੰਦੀ, “ਤੁਸੀਂ ਨਹਾਉਣ ਲਈ ਮੰਨੋ ਭਾਵੇਂ ਨਾ ਮੰਨੋ ਪਰ ਕਰੋਨਾ ਕਾਕਾ ਜੀ ਦਾ ਜਨਮਦਿਨ ਤਾਂ ਧੂਮਧਾਮ ਨਾਲ਼ ਮਨਾਉਣਾ ਈ ਪਵੇਗਾ… ਤੁਹਾਨੂੰ ਸੁੱਕੀ ਨਹਿਰ ਵਿੱਚ ਨਹਾਉਣਾ ਈ ਪਵੇਗਾ…. ਪਾਣੀ ਭਾਵੇਂ ਨਾ ਸਹੀ ਪਰ ‘ਰਗੜਾਂ’ ਦਾ ‘ਰਗੜਾ’ ਤਾਂ ਤੁਹਾਨੂੰ ਲਵਾਉਣਾ ਈ ਪਵੇਗਾ।”
ਜਿਹੜੀ ਅੰਧਭਗਤ ‘ਨਮੋਰੋਗੀ’ ਟਾਈਪ ਜਨਤਾ ਏ, ਉਸ ਤਾਂ ਸੁਣ ਕੇ ਤਾੜੀਆਂ ਵਜਾਈਆਂ ਪਰ ਜਿਹੜੇ ਮਾਤ੍ਹੜਾਂ–ਤਮਾਤ੍ਹੜਾਂ ਦੇ ਸਿਰਾਂ ਵਿੱਚ ਅਜੇ ਗੁਹਾਰੇ ਨਹੀਂ ਉੱਸਰੇ, ਉਹ ਅੜ ਗਏ ਕਹਿੰਦੇ, “ਰਹਿਣ ਦਿਓ ਜੀ, ਪਹਿਲਾਂ ਈ ਪਿਛਲਾ ਪੂਰਾ ਸਾਲ ਕਰੋਨਾ ਕਾਕਾ ਜੀ ਨੇ ਸਾਨੂੰ ਛਲ ਲਿਆ ਤੇ ਛਿੱਲ ਲਿਆ, ਅਸੀਂ ਨਹੀਂ ਇਹਦਾ ਜਨਮਦਿਨ ਮਨਾਉਣਾ।”
‘ਮਾਤ੍ਹੜਾਂ–ਤਮਾਤ੍ਹੜਾਂ ਦੀ ਔਕਾਤ ਯਾਦ ਕਰਵਾਉਣ ਲਈ’ ਸਰਕਾਰ ਨੇ ਕਰੋਨਾ ਕਾਕਾ ਜੀ ਦਾ ਪਹਿਲਾ ਜਨਮਦਿਨ ਪੂਰੀ ਧੂਮਧਾਮ ਨਾਲ਼ ਮਨਾਉਣ ਲਈ ਕਮਰਾਂ ਕਸ ਲਈਆਂ ਨੇ, ਸਰਕਾਰੀ ਤੰਤਰ ਨਾਲ਼ ਗਿਟਮਿਟ ਕਰ ਕੇ, ਪੱਕ–ਠੱਕ ਕਰਦਿਆਂ ਜਨਤਾ ਨੂੰ ਮੁੜ ਕਰੋਨਾ ਕਾਕਾ ਜੀ ਦੇ ਦਰਸ਼ਨ ਕਰਾਉਣੇ ਸ਼ੁਰੂ ਕਰ ਦਿੱਤੇ ਨੇ। ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਮੁੜ ਵਧਣ ਲੱਗਾ ਏ। ਹੁਣ ਮਰੀਜ਼ ਭਾਵੇਂ ਬਵਾਸੀਰ ਨਾਲ਼ ਮਰੇ, ਭਾਵੇਂ ਨਹਿਰ ਵਿੱਚ ਡੁੱਬ ਕੇ, ਕਤਲ ਹੋ ਕੇ ਮਰੇ ਜਾਂ ਨਸ਼ੇ ਦੀ ਵਾਧ–ਘਾਟ ਨਾਲ਼, ਸਾਰਿਆਂ ਨੂੰ ਕਰੋਨਾ–ਕੇਸਾਂ ਵਾਲ਼ੀ ਫ਼ਾਈਲਾਂ ਵਿੱਚ ਟੰਗੀ ਜਾ ਰਹੇ ਨੇ। ਰਾਤਾਂ ਨੂੰ ਕਰਫ਼ਿਊ ਤਾਂ ਲਾ ਈ ਦਿੱਤੈ, ਹੁਣ ਮੁੜ ਲਾਕਡਾਊਨ ਲੱਗ ਜਾਵੇਗਾ ਤਾਂ ਜਨਤਾ ਨੂੰ ਮਜਬੂਰਨ ਕਰੋਨਾ ਕਾਕਾ ਜੀ ਦੀ ਸਾਲ–ਗਿਰ੍ਹਾ ਵਿੱਚ ਸ਼ਾਮਿਲ ਹੋਣਾ ਹੀ ਪਵੇਗਾ।
ਕੋਈ ਮੇਰੇ ਵਰਗਾ ਬੁੱਧੂ ਸਰਕਾਰ ਨੂੰ ਪੁੱਛਣ ਲੱਗਾ, “ਸਰਕਾਰ ਜੀ, ਜਿਨ੍ਹਾਂ ਸਟੇਟਾਂ ਵਿੱਚ ਚੋਣਾਂ ਨੇ, ਨਾ ਓਥੇ ਮਾਸਕ ਨੇ, ਨਾ ਦਫ਼ਾ 144 ਐ, ਨਾ ਲੋਕਾਂ ਵਿੱਚ ਪਰਿਆਪਤ ਦੂਰੀ ਐ, ਰੈਲੀਆਂ ਵਿੱਚ ਵੀ ਫੁੱਲ ਕੱਠ ਐ…. ਓਥੇ ਤਾਂ ਕਰੋਨਾ ਕਾਕਾ ਜੀ ਦਰਸ਼ਨ ਨਹੀਂ ਦਿੰਦੇ, ਉਹ ਕਿਉਂ ?”
ਸਰਕਾਰ ਕਹਿੰਦੀ, “ਕਰੋਨਾ ਕਾਕਾ ਸਾਡਾ ਜਾਇਆ ਏ, ਇਹ ਛਲੇਡੇ ਦੀ ਜੂਨੇ ਆਇਆ ਏ। ਜਦ ਲੋੜ ਪਵੇ ਇਹ ਸਾਡੇ ਪਾਲਤੂ ਟੌਮੀ ਦਾ ਰੂਪ ਧਾਰ ਲੈਂਦੈ। ਫੇਰ ਇਹ ਸਰਕਾਰ ਹੁਕਮਾਂ ਅਨੁਸਾਰ ਈ ਭੌਂਕਦੈ, ਜਿਹਦੇ ਪਿੱਛੇ ‘ਹੁਸ਼–ਹੁਸ਼’ ਕਰੀਦੀਐ ਉਹਦੇ ਪਿੱਛੇ ਈ ਦੌੜਦੈ, ਜਿਸ ਵੱਲ ਇਸ਼ਾਰੇ ਕਰਦੇ ਆਂ ਉਹਨੂੰ ਈ ਪੈਂਦੈ, ਜਿਹਨੂੰ ਸਰਕਾਰ ਆਖੇ ਉਹਨੂੰ ਈ ਵੱਢਦੈ…!”
“ਸਰਕਾਰ ਜੀ, ਇਹ ਰਾਤ ਆਲ਼ੇ ਕਰਫ਼ਿਊ ਦਾ ਕੀ ਡਰਾਮੈ ?” ਮੈਂ ਜਾਣਨਾ ਚਾਹਿਆ।
ਸਰਕਾਰ ਜੀ ਕਹਿੰਦੀ, “ਸਾਡਾ ਕਰੋਨਾ ਕਾਕਾ ਅਜੇ ਛੋਟੈ, ਹੋਰਨਾਂ ਜੁਆਕਾਂ ਆਂਗੂੰ ਇਹ ਵੀ ਰਾਤੀਂ ਉੱਠ ਕੇ ਈ ਰਿਹਾੜ ਕਰਦੈ, ਮਾਪਿਆਂ ਸਣੇ ਸਭ ਦੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਕਰਦੈ…।”
“ਸਰਕਾਰ ਜੀ, ਇਹ ਤਾਂ ਕੋਈ ਗੱਲ ਨਾ ਬਣੀ !! ਰਾਤਾਂ ਨੂੰ ਭਲਾਂ ਕੌਣ ਬਾਹਰ ਨਿਕਲ਼ਦੈ ? ਰਾਤਾਂ ਨੂੰ ਜਦੋਂ ਕਿਸੇ ਨੇ ਬਾਹਰ ਈ ਨ੍ਹੀਂ ਆਉਣਾ, ਫੇਰ ਭਲਾਂ ਕਾਸਤੋਂ ਕਰਫ਼ਿਊ ਲਾਉਣਾ ?”
ਸਰਕਾਰ ਕਹਿੰਦੀ, “ਓ ਭਾਈ, ਤੂੰ ਨਿੱਕੇ ਹੁੰਦਿਆਂ ਕ੍ਰਿਕੇਟ ਨਹੀਂ ਖੇਡਿਆ ? ਜਿਹਦਾ ਬੈਟ ਹੁੰਦਾ ਸੀ, ਉਹੀ ਖੇਡਣ ਦੇ ਸਾਰੇ ਨਿਯਮ ਨਿਰਧਾਰਤ ਕਰਦਾ ਹੁੰਦਾ ਸੀ। ਹੁਣ ਬੈਟ ਸਾਡੇ ਹੱਥ ਵਿੱਚ ਐ, ਅਸੀਂ ਤਾਂ ਐਈਂ ਖੇਡਾਂਗੇ, ਐਈਂ ਰੌਂਡੀ ਪਿੱਟਾਂਗੇ। ਜੇ ਤੂੰ ਨਹੀਂ ਖੇਡਣਾ ਤਾਂ ਦਫ਼ਾ ਹੋ ਜਾ ਪਰ ਯਾਦ ਰੱਖੀਂ ਜੇ ਸਾਡੀ ਗੇਮ ਅੱਧਵਿਚਾਲ਼ੇ ਛੱਡ ਕੇ ਗਿਆ ਨਾ…. !! ਤਾਂ ਤੇਰੇ ‘ਤੇ ਦੇਸ਼ ਧਰੋਹ ਦਾ ਕੇਸ ਪਵਾਂਗੇ… ਤੇਰੇ ਘਰ–ਬਾਰ ‘ਤੇ ਈ.ਡੀ. ਤੋਂ ਛਾਪਾ ਮਰਵਾਵਾਂਗੇ… ਸੀ.ਬੀ.ਆਈ. ਨੂੰ ਤੇਰਾ ਕੇਸ ਸੌਂਪ ਕੇ, ਅਦਾਲਤਾਂ ਤੋਂ ਸਜ਼ਾ ਦਵਾਵਾਂਗੇ। ਆਈ.ਟੀ. ਸੈੱਲ ਨੂੰ ਤੇਰਾ ਅਤਾ–ਪਤਾ ਦੇ ਕੇ, ਟਰੋਲ ਕਰਵਾ, ਬੇਇੱਜ਼ਤ ਕਰਵਾਵਾਂਗੇ…. ਜੇ ਆਹ ਸਭ ਕਾਸੇ ਤੋਂ ਬਚਣੈ ਤਾਂ ਸਾਡੇ ਨਾਲ਼ ਖੇਡੀ ਜਾ, ਸਾਡੇ ਹੀ ਗੁਣ ਗਾਈ ਜਾ, ਸਾਡੇ ਕਰੋਨਾ ਕਾਕੇ ਦਾ ਜਨਮਦਿਨ ਤੂੰ ਹਰੇਕ ਸਾਲ ਮਨਾਈ ਜਾ। ਚੱਲ ਸਿਰ ‘ਤੇ ਸ਼ੰਕੂ–ਨੁਮਾ ਟੋਪੀ ਟਿਕਾ, ਤਾੜੀਆਂ ਵਜਾ ਤੇ ਗਾ – ਹੈਪੀ ਬਰਥ ਡੇ ਕਰੋਨਾ, ਹੈਥੀ ਬਰਥ ਡੇ ਟੂ ਯੂ…।”
ਡਾ. ਸਵਾਮੀ ਸਰਬਜੀਤ
9888401328