ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਾ-ਬਸਪਾ ਅਤੇ ਕਾਂਗਰਸ ਨੂੰ ‘ਮਹਾਂਮਿਲਾਵਟੀ’ ਕਰਾਰ ਦਿੰਦਿਆਂ ਅੱਜ ਦੋਸ਼ ਲਗਾਇਆ ਕਿ ਇਨ੍ਹਾਂ ਪਾਰਟੀਆਂ ਦਾ ਇੱਕੋ ਮੰਤਰ, ‘ਜਾਤ-ਪਾਤ ਜਪਣਾ, ਜਨਤਾ ਦਾ ਮਾਲ ਆਪਣਾ’ ਹੀ ਹੈ। ਉਨ੍ਹਾਂ ਦੋਸ਼ ਲਗਾਇਆ, ‘ਇਹ ਇਹੀ ਧੰਦਾ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਦਿੱਲੀ ’ਚ ਇੱਕ ਅਜਿਹੀ ਸਰਕਾਰ ਚਾਹੀਦੀ ਹੈ ਜੋ ਮਜਬੂਰ ਹੋਵੇ ਤਾਂ ਜੋ ਉਹ ਮਨਮਰਜ਼ੀ ਕਰਦਿਆਂ ਲੁੱਟ ਮਚਾ ਸਕਣ। ਜਿਵੇਂ 2014 ਤੋਂ ਪਹਿਲਾਂ ਇਹ ਕਰਦੇ ਸੀ।’ ਉਨ੍ਹਾਂ ਦਾਅਵਾ ਕੀਤਾ, ‘ਪਰ ਤਿੰਨ ਗੇੜਾਂ ਦੀਆਂ ਚੋਣਾਂ ਤੋਂ ਬਾਅਦ ਅੱਧਾ ਮੁਲਕ ਇਨ੍ਹਾਂ ਦਾ ਇਹ ਸੁਫ਼ਨਾ ਤੋੜ ਚੁੱਕਾ ਹੈ।’ ਪ੍ਰਧਾਨ ਮੰਤਰੀ ਨੇ ਹਾਜ਼ਰ ਲੋਕਾਂ ਨੂੰ ਦੇਖ ਕੇ ਦਾਅਵਾ ਕੀਤਾ ਕਿ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਇੱਥੇ ਆ ਜਾਣ ਨਾਲ ਇੱਕ ਵਾਰ ਫਿਰ ਤੈਅ ਹੋ ਗਿਆ ਹੈ ਕਿ 2014 ਦਾ ਰਿਕਾਰਡ ਇਸ ਵਾਰ ਟੁੱਟ ਜਾਵੇਗਾ। ਉਨ੍ਹਾਂ ਸਪਾ-ਬਸਪਾ ਅਤੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਇਨ੍ਹਾਂ ਮਹਾਂਮਿਲਾਵਟੀ ਲੋਕਾਂ ਨੇ ਚੌਕੀਦਾਰ ਨੂੰ ਗਾਲ੍ਹ ਕੱਢੀ, ਰਾਮ ਭਗਤਾਂ ਨੂੰ ਗਾਲ੍ਹ ਕੱਢੀ, ਪਰ ਨਤੀਜਾ ਇਹ ਹੋਇਆ ਹੈ ਇਹ ਸਾਰੇ ਲੋਕ ਖਤਮ ਹੋ ਗਏ। ਉਨ੍ਹਾਂ ਕਿਹਾ, ‘ਅਤਿਵਾਦ ਤੋਂ ਦੇਸ਼ ਦੀ ਰਾਖੀ ਹੋਣੀ ਚਾਹੀਦੀ ਹੈ ਜਾਂ ਨਹੀਂ? ਸਪਾ-ਬਸਪਾ ਵਾਲੇ ਇੱਕ ਵਾਰ ਵੀ ਅਤਿਵਾਦ ’ਤੇ ਨਹੀਂ ਬੋਲੇ। ਮੋਦੀ ਨੂੰ ਇੰਨੀਆਂ ਗਾਲ੍ਹਾਂ ਕੱਢੀਆਂ, ਪਰ ਅਤਿਵਾਦ ਨੂੰ ਇੱਕ ਵੀ ਗਾਲ੍ਹ ਨਹੀਂ ਕੱਢੀ। ਕੀ ਸਪਾ-ਬਸਪਾ ਵਾਲੇ ਅਤਿਵਾਦੀਆਂ ਤੋਂ ਡਰਦੇ ਹਨ ਜਾਂ ਉਨ੍ਹਾਂ ਨੂੰ ਬਚਾਉਣ ਲਈ ਚੁੱਪ ਬੈਠੇ ਹਨ।’ ਉਨ੍ਹਾਂ ਕਿਹਾ ਕਿ ਅੱਜ ਜੋ ਲੋਕ ਆਪਣੇ ਆਪ ਨੂੰ ਭਵਿੱਖ ਦਾ ਪ੍ਰਧਾਨ ਮੰਤਰੀ ਦਸ ਰਹੇ ਹਨ, ਉਨ੍ਹਾਂ ਕੋਲ ਦੇਸ਼ ਨੂੰ ਮਜ਼ਬੂਤ ਬਣਾਉਣ, ਜਵਾਨਾਂ ਦੀ ਰਾਖੀ ਕਰਨ ਦੀ ਕੋਈ ਯੋਜਨਾ ਨਹੀਂ ਹੈ। -ਪੀਟੀਆਈ
HOME ਕਾਂਗਰਸ ਦਾ ਮੰਤਰ ‘ਜਾਤ-ਪਾਤ ਜਪਣਾ, ਜਨਤਾ ਦਾ ਮਾਲ ਆਪਣਾ’: ਮੋਦੀ