ਅੰਮ੍ਰਿਤਸਰ (ਸਮਾਜ ਵੀਕਲੀ): ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ‘ਆਪ’ ’ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿੱਤਾ ਤਾਂ ਅੰਮ੍ਰਿਤਸਰ ਨੂੰ ਇੱਕ ਵਾਰ ਫਿਰ ਵਿਸ਼ਵ ਸੈਰ ਸਪਾਟਾ ਨਕਸ਼ੇ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਅੱਜ ਇਥੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਹਲਕੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਸੁਖਬੀਰ ਨੇ ਵਪਾਰ ਤੇ ਉਦਯੋਗ ਨਾਲ ਸਬੰਧਤ ਲੋਕਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਕੋਈ ਵੀ ਵਿਕਾਸ ਪ੍ਰਾਜੈਕਟ ਨਹੀਂ ਲਿਆਂਦਾ ਤੇ ਪਿਛਲੇ ਕੀਤੇ ਕੰਮਾਂ ਦੀ ਵੀ ਸੰਭਾਲ ਨਹੀਂ ਕੀਤੀ, ਜਿਸ ਕਾਰਨ ਕਈ ਪ੍ਰਾਜੈਕਟ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿੱਚ ਲੈ ਕੇ ਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਆਪਣੇ ਪੁੱਤ ਦੇ ਸਿਰ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਪਰ ਦੋਵਾਂ ਨੇ ਇੱਕ ਵੀ ਵਾਅਦਾ ਹੁਣ ਤੱਕ ਨਹੀਂ ਨਿਭਾਇਆ। ਨਵਜੋਤ ਸਿੱਧੂ ’ਤੇ ਨਿਸ਼ਾਨਾ ਸੇਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਸਿੱਧੂ ਨੇ ਅਕਾਲੀ ਸਰਕਾਰ ਵੇਲੇ ਦੇ ਕਈ ਪ੍ਰਾਜੈਕਟ ਬੰਦ ਕਰ ਦਿੱਤੇ, ਜਿਨ੍ਹਾਂ ਵਿੱਚ ਹਰੀਕੇ ਦੀ ਜਲ ਬੱਸ, ਬੀਆਰਟੀਐੱਸ ਬੱਸ ਤੇ ਵਿਰਾਸਤੀ ਮਾਰਗ ਪ੍ਰਾਜੈਕਟ ਸ਼ਾਮਲ ਹਨ।
ਅਨਿਲ ਜੋਸ਼ੀ ਨੇ ਹਲਕੇ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਸ੍ਰੀ ਬਾਦਲ ਨੇ ਅੱਜ ਮਸੀਹ ਭਾਈਚਾਰੇ ਦੀ ਇਕ ਰੈਲੀ, 88 ਫੁਟ ਸੜਕ ’ਤੇ ਘੋੜੇਸ਼ਾਹ ਦੀ ਦਰਗਾਹ ਨੇੜੇ ਇਕ ਰੈਲੀ ਤੇ ਮਜੀਠਾ ਵੇਰਕਾ ਬਾਈਪਾਸ ਰੋਡ ’ਤੇ ਨੌਜਵਾਨਾਂ ਦੀ ਰੈਲੀ ਨੂੰ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly