ਕਾਂਗਰਸੀ ਖਾਨਾਜੰਗੀ: ਕੈਪਟਨ ਦੀਆਂ ਮੁਸ਼ਕਲਾਂ ਵਧੀਆਂ

ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਇੱਕ ਵੱਡੇ ਧੜੇ ਅਤੇ ਮੰਤਰੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦਾ ਅਸਰ ਅੱਜ ਵਜ਼ਾਰਤ ਦੀ ਮੀਟਿੰਗ ’ਤੇ ਵੀ ਸਪੱਸ਼ਟ ਪਿਆ ਦਿਖਾਈ ਦੇ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੰਤਰੀ ਮੰਡਲ ਦੇ ਏਜੰਡੇ ਵਿੱਚ ਸ਼ਾਮਲ ਜ਼ਿਆਦਾਤਰ ਮੱਦਾਂ ’ਤੇ ਵਿਚਾਰ ਨਹੀਂ ਕੀਤਾ ਗਿਆ ਤੇ ਦੋ ਕੁ ਮਾਮਲਿਆਂ ’ਤੇ ਮੋਹਰ ਲਾਉਣ ਮਗਰੋਂ ਮੰਤਰੀ ਮੰਡਲ ਦੀ ਮੀਟਿੰਗ ਖਤਮ ਕਰ ਦਿੱਤੀ ਗਈ।

ਮੁੱਖ ਮੰਤਰੀ ਲਈ ਚੁਣੌਤੀ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਨੇ ਕਾਂਗਰਸ ਆਗੂਆਂ ਦੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਸੂਤਰਾਂ ਦਾ ਤਾਂ ਇਹ ਵੀ ਦੱਸਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਦੋ ਮੰਤਰੀਆਂ ਨੇ ਵੀ ਬਾਗੀਆਂ ਦੇ ਨਾਲ ਸੁਰ ਮਿਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਮਲਿਕਾਰੁਜਨ ਖੜਗੇ, ਜੇ.ਪੀ. ਅਗਰਵਾਲ ਅਤੇ ਹਰੀਸ਼ ਰਾਵਤ ’ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਨੇ ਅੱਜ ਲਗਾਤਾਰ ਤੀਸਰੇ ਦਿਨ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਅੱਜ ਮੁਲਾਕਾਤ ਕਰਨ ਵਾਲਿਆਂ ਵਿੱਚ ਪ੍ਰਦੇਸ਼ ਕਾਂਗਰਸ ਦੇ ਤਿੰਨ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਐੱਚ.ਐੱਸ. ਹੰਸਪਾਲ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਤੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਵੀ ਸ਼ਾਮਲ ਸਨ। ਬਾਜਵਾ ਤੇ ਦੂਲੋ ਤਾਂ ਪਿਛਲੇ ਇੱਕ ਸਾਲ ਦੇ ਵੱਧ ਸਮੇਂ ਤੋਂ ਮੁੱਖ ਮੰਤਰੀ ਖ਼ਿਲਾਫ਼ ਬਿਆਨਬਾਜ਼ੀ ਕਰਦੇ ਆ ਰਹੇ ਹਨ। ਜਦਕਿ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੀ ਤਾਰੀਫ ਕੀਤੀ ਜਦੋਂ ਕਿ ਹੰਸਪਾਲ ਦੀ ਸੁਰ ਮੱਠੀ ਰਹੀ। ਸੂਤਰਾਂ ਮੁਤਾਬਕ ਅੱਜ ਮਿਲਣ ਵਾਲੇ ਕੁਝ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਖ਼ਿਲਾਫ਼ ਭੜਾਸ ਕੱਢੀ। ਉਧਰ ਰਾਹੁਲ ਗਾਂਧੀ ਵੱਲੋਂ ਵੀ ਪੰਜਾਬ ਦੇ ਆਗੂਆਂ ਨਾਲ ਰਾਬਤਾ ਬਣਾ ਕੇ ਜਾਣਕਾਰੀ ਲੈਣ ਦਾ ਸਿਲਸਿਲਾ ਜਾਰੀ ਹੈ।

ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਨ ਮਗਰੋਂ ਮੁੱਖ ਮੰਤਰੀ ਦੇ ਸਲਹਕਾਰ ਅਤੇ ਦਫ਼ਤਰ ਦੇ ਅਧਿਕਾਰੀ ਵੀ ਹਰਕਤ ਵਿੱਚ ਆ ਗਏ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਇਹ ਜਾਣਕਾਰੀ ਇਕੱਠੀ ਕਰ ਰਹੇ ਹਨ ਕਿ ਵਿਧਾਇਕਾਂ ਨੇ ਕਿਹੜੇ ਮੁੱਦਿਆਂ ’ਤੇ ਸਰਕਾਰ ਖ਼ਿਲਾਫ਼ ਹਾਈ ਕਮਾਂਡ ਦੀ ਕਮੇਟੀ ਦੇ ਸਾਹਮਣੇ ਤੱਥ ਪੇਸ਼ ਕੀਤੇ ਹਨ। ਇਸੇ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ ਪਤਾ ਲੱਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀਰਵਾਰ ਨੂੰ ਬਾਅਦ ਦੁਪਹਿਰ ਦਿੱਲੀ ਰਵਾਨਾ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਦੋਸ਼ ਦਾ ਜਵਾਬ ਹੀ ਤਿਆਰ ਨਹੀਂ ਕੀਤਾ ਗਿਆ ਸਗੋਂ ਗ਼ੈਰਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਵਿਧਾਇਕਾਂ ਦੀਆਂ ਸੂਚੀਆਂ ਵੀ ਬਣਾਈਆਂ ਗਈਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina releases new 5-yr plan for culture, tourism
Next articleਕੇਂਦਰ ਸਰਕਾਰ ਨੂੰ ਵੈਕਸੀਨੇਸ਼ਨ ਨੀਤੀ ਦੇ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ