ਅੰਮ੍ਰਿਤਸਰ (ਸਮਾਜਵੀਕਲੀ) : ਛੇ ਵਾਰ ਸੰਸਦ ਮੈਂਬਰ, ਇਕ ਵਾਰ ਕੇਂਦਰੀ ਰਾਜ ਮੰਤਰੀ ਅਤੇ ਦੋ ਸੂਬਿਆਂ ਦੇ ਰਾਜਪਾਲ ਰਹੇ ਸ੍ਰੀ ਆਰਐੱਲ ਭਾਟੀਆ 100 ਵਰ੍ਹਿਆਂ ਦੇ ਹੋ ਗਏ। ਉਨ੍ਹਾਂ ਬੀਤੇ ਦਿਨ ਆਪਣਾ 100ਵਾਂ ਜਨਮ ਦਿਨ ਮਨਾਇਆ।
ਇਸ ਸਬੰਧ ਵਿਚ ਪਾਰਟੀ ਆਗੂਆਂ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਧਾਇਕ ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ ਤੇ ਹੋਰ ਸ਼ਾਮਲ ਹੋਏ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਸ੍ਰੀ ਭਾਟੀਆ ਦੇ ਜੀਵਨ ’ਤੇ ਬਣਾਈ ਇੱਕ ਦਸਤਾਵੇਜ਼ੀ ਦਿਖਾਈ ਗਈ। ਇਸ ਦੌਰਾਨ ਭਾਟੀਆ ਵੈਲਫੇਅਰ ਐਸੋਸੀਏਸ਼ਨ ਵੱੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਵਿਧਾਇਕ ਵੇਰਕਾ ਨੇ ਆਖਿਆ ਕਿ ਸ੍ਰੀ ਭਾਟੀਆ ਕਾਂਗਰਸੀ ਸਿਆਸਤ ਦਾ ਇੱਕ ਚਮਕਦਾ ਨਾਮ ਹੈ, ਜਿਨ੍ਹਾਂ ਨੇ ਇਮਾਨਦਾਰੀ ਦੀ ਚਿੱਟੀ ਚਾਦਰ ਪਹਿਨੀ ਹੋਈ ਹੈ। ਉਨ੍ਹਾਂ ਸ੍ਰੀ ਭਾਟੀਆ ਦੀ ਉਂਗਲ ਫੜ ਕੇ ਹੀ ਸਿਆਸਤ ਵਿਚ ਚੱਲਣਾ ਸਿਖਿਆ ਹੈ। ਉਹ ਅੱਜ ਸੌ ਸਾਲ ਦੇ ਹੋ ਗਏ ਹਨ ਅਤੇ ਅੱਜ ਵੀ ਕਾਂਗਰਸ ਦੀ ਤਰੱਕੀ ਦੀ ਉਮੀਦ ਰੱਖਦੇ ਹਨ। ਉਨ੍ਹਾਂ ਸ੍ਰੀ ਭਾਟੀਆ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉਥੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਸ੍ਰੀ ਭਾਟੀਆ 1972 ਵਿੱਚ ਪਹਿਲੀ ਵਾਰ ਉਪ ਚੋਣ ਵਿੱਚ ਕਾਂਗਰਸੀ ਪਾਰਟੀ ਵੱਲੋਂ ਸੰਸਦ ਮੈਂਬਰ ਬਣੇ ਸਨ। ਇਹ ਉਪ ਚੋਣ ਉਨ੍ਹਾਂ ਦੇ ਵੱਡੇ ਭਰਾ ਦੁਰਗਾ ਦਾਸ ਭਾਟੀਆ ਦੀ ਮੌਤ ਮਗਰੋਂ ਹੋਈ ਸੀ। ਉਪਰੰਤ ਉਹ 1980, 1985, 1992, 1996 ਅਤੇ 1999 ਵਿੱਚ ਅੰਮ੍ਰਿਤਸਰ ਸੰਸਦੀ ਸੀਟ ਤੋਂ ਚੋਣ ਜਿੱਤੇ। ਉਨ੍ਹਾਂ ਦੀ ਇਸ ਜਿੱਤ ਲੜੀ ਨੂੰ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਉਮੀਦਵਾਰ ਵਜੋਂ 2004 ਵਿੱਚ ਤੋੜਿਆ ਸੀ। ਸਾਲ 1992-93 ਵਿੱਚ ਸ੍ਰੀ ਭਾਟੀਆ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਰਹੇ। ਇਸ ਤੋਂ ਇਲਾਵਾ ਉਹ ਕੇਰਲਾ ਅਤੇ ਬਿਹਾਰ ਦੇ ਰਾਜਪਾਲ ਵੀ ਰਹੇ ਹਨ।