ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਵੰਡੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਇੱਥੇ ਇਤਿਹਾਸਕ ਜਾਮੀਆ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ। ਸਰਕਾਰ ਨੇ 5 ਅਗਸਤ ਨੂੰ ਇਨ੍ਹਾਂ ਦੋਵੇਂ ਫ਼ੈਸਲਿਆਂ ਦਾ ਐਲਾਨ ਕੀਤਾ ਸੀ ਤੇ ਉਦੋਂ ਤੋਂ ਹੀ ਅਧਿਕਾਰੀਆਂ ਨੇ ਮਸਜਿਦ ’ਚ ਦਾਖ਼ਲੇ ’ਤੇ ਰੋਕ ਲਾਈ ਹੋਈ ਸੀ। ਅਧਿਕਾਰੀਆਂ ਨੇ ਕਿਹਾ, ‘‘136 ਦਿਨਾਂ ਬਾਅਦ ਅੱਜ ਦੁਪਹਿਰ ਸਮੇਂ ਜਾਮੀਆ ਮਸਜਿਦ ਵਿੱਚ ਜਮਾਤ (ਸਮੂਹਿਕ ਤੌਰ ’ਤੇ) ਦੇ ਨਾਲ ਨਮਾਜ਼ ਅਦਾ ਕੀਤੀ ਗਈ।’’ ਪੰਜ ਅਗਸਤ ਦੇ ਬਾਅਦ ਤੋਂ ਸ਼ਹਿਰ ਦੇ ਨੌਹੱਟਾ ਖੇਤਰ ਵਿੱਚ ਸਥਿਤ ਇਸ ਮਸਜਿਦ ’ਚ ਪਹਿਲੀ ਵਾਰ ਜਮਾਤ ਦੇ ਨਾਲ ਨਮਾਜ਼ ਅਦਾ ਕੀਤੀ ਗਈ। ਹਾਲਾਂਕਿ ਇਲਾਕੇ ਤੋਂ ਸੁਰੱਖਿਆ ਪਾਬੰਦੀਆਂ ਕੁਝ ਹੀ ਹਫ਼ਤਿਆਂ ਬਾਅਦ ਹਟਾ ਲਈਆਂ ਗਈਆਂ ਸਨ ਪਰ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਤਾਇਨਾਤ ਸੁਰੱਖਿਆ ਬਲਾਂ ਨੂੰ ਹਟਾਉਣ ਤੱਕ ਮਸਜਿਦ ’ਚ ਨਮਾਜ਼ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਤ ’ਚ ਸੁਧਾਰ ਨੂੰ ਦੇਖਦੇ ਹੋਏ ਇਲਾਕੇ ਵਿੱਚ ਸੁਰੱਖਿਆ ਬਲਾਂ ਦੀ ਮੌਜੂਦਗੀ ਨੂੰ ਘੱਟ ਕਰ ਦਿੱਤਾ ਗਿਆ ਸੀ। ਹਾਲਾਂਕਿ ਮਸਜਿਦ ’ਚ ਬੀਤੇ 19 ਹਫ਼ਤਿਆਂ ਤੋਂ ਜੁਮੇ ਦੀ ਨਮਾਜ਼ ਅਦਾ ਨਹੀਂ ਕੀਤੀ ਗਈ ਹੈ ਜੋ ਬੀਤੇ 50 ਸਾਲਾਂ ’ਚ ਜੁਮੇ ਦੀ ਨਮਾਜ਼ ਅਦਾ ਨਾ ਕਰਨ ਦਾ ਸਭ ਤੋਂ ਲੰਬਾ ਅਰਸਾ ਹੈ।
INDIA ਕਸ਼ਮੀਰ ਦੀ ਜਾਮੀਆ ਮਸਜਿਦ ’ਚ 136 ਦਿਨਾਂ ਬਾਅਦ ਨਮਾਜ਼ ਅਦਾ