ਕਵਿਤਾ

(ਸਮਾਜ ਵੀਕਲੀ)

ਪੁੱਛਦਾ ਨਹੀਂ ਸੀ ਕੋਈ ਪਰ, ਰੁਤਬਾ ਕੀ ਉੱਚਾ ਹੋ ਗਿਆ
ਮਾਨ ਭਾਵੇਂ ਨਾ ਮਾਨ ਤੂੰ ਲੇਕਿਨ , ਹੁਣ ਤੇਰੇ ਮਹਿਮਾਨ ਬੜੇ ਨੇ

ਚੰਗੀ ਗੱਲ ਨੂੰ ਚੰਗੀ ਕਹਿਣਾ, ਹਰ ਇੱਕ ਦੇ ਇਹ ਵੱਸ ਨਹੀਂ
ਫੇਰ ਵੀ ਅੱਜ ਕੱਲ੍ਹ ਚੰਗੀ ਗੱਲ ਦੇ, ਬੰਦੇ ਕਦਰਦਾਨ ਬੜੇ ਨੇ

ਕਿੰਨੇ ਹੀ ਮਾਵਾਂ ਦੇ ਪੁੱਤਰ, ਭੇਂਟ ਚੜ੍ਹ ਗਏ ਨਸ਼ਿਆਂ ਦੀ
ਤਾਂਹੀਓਂ ਤਾਂ ਇੰਜ ਲੱਗਦਾ ਏਥੇ, ਸ਼ਹਿਰ-ਗਰਾਂ ਸੁੰਨਸਾਨ ਬੜੇ ਨੇ

ਆਖਣ ਨੂੰ ਤਾਂ ਕਈ ਅਖਵਾਉਂਦੇ ਆਪਣੇ – ਆਪ ਨੂੰ ਫੰਨੇ ਖਾਂ
ਦਰਸ਼ਨ ਅਕਸਰ ਛੋਟੇ ਉਨਕੇ, ਜਿਨ ਕੇ ਹੁੰਦੇ ਨਾਮ ਬੜੇ ਨੇ

ਦੁਨੀਆਂ ਉਸ ਨੂੰ ਕਹਿੰਦੀ ਮਾੜਾ, ਪਰ ਮਾੜਾ ਮੈਂ ਕਿਵੇਂ ਕਹਾਂ
ਕਿਉਂਕਿ ਓਸ ਸ਼ਖ਼ਸ ਦੇ ਅੱਜ ਤਕ, ਮੇਰੇ ‘ਤੇ ਅਹਿਸਾਨ ਬੜੇ ਨੇ

ਹਰ ਕੋਈ ਲੋਕ ਵਿਖਾਵੇ ਲਈ ਤਾਂ, ਗੱਲ ਕਰਦਾ ਭਾਈਚਾਰੇ ਦੀ
ਦੱਸੋ ਫਿਰ ਵੀ ਧਰਮ ਦੇ ਨਾਂ ‘ਤੇ, ਹੁੰਦੇ ਕਿਉਂ ਘਮਸਾਨ ਬੜੇ ਨੇ

ਗ਼ੈਰ – ਕਾਨੂੰਨੀ ਧੰਦੇ, ਹੋਕਾ ਬਾਹਰੋਂ ਲੋਕ – ਭਲਾਈ ਦਾ
ਐਸੇ ਦੋਹਰੇ ਚਿਹਰੇ ਵਾਲਿਆਂ, ਦੇ ਜੱਗ ‘ਤੇ ਗੁਣਗਾਨ ਬੜੇ ਨੇ

ਵੇਖ – ਵੇਖ ਧਰਮਾਂ ਦੀ ਨਫ਼ਰਤ, ਜ਼ੁਲਮ ਜਬਰ ਲੁੱਟਮਾਰ ਏਥੇ
ਰਹਿ-ਰਹਿ ਕੇ ਮੇਰੇ ਸੀਨੇ ਦੇ ਵਿਚ, ਉੱਠਦੇ ਜਾਣ ਤੂਫਾਨ ਬੜੇ ਨੇ

ਫ਼ੂਕ ਫ਼ੂਕ ਕੇ ਕਦਮ ਧਰਾਂ ਮੈਂ, ਕੋਈ ਅਣਹੋਣੀ ਨਾ ਹੋ ਜਾਵੇ
ਸੁਣਿਆ ਅੱਜ-ਕੱਲ੍ਹ ਦੁਨੀਆਂ ਦੇ ਵਿੱਚ, ਝੂਠੇ ਠੱਗ ਸ਼ੈਤਾਨ ਬੜੇ ਨੇ

ਜਾਨ ਦੀ ਕੀਮਤ ਕੌਡੀ ਵੀ ਨਹੀਂ, ਜਾਲਮ ਉਨ੍ਹਾਂ ਇਨਸਾਨਾਂ ਲਈ
ਚੰਦ ਸਿੱਕਿਆਂ ਲਈ ਮਾਰ ਮੁਕਾਉਂਦੇ, ਇੱਕ ਤੋਂ ਇੱਕ ਹੈਵਾਨ ਬੜੇ ਨੇ

ਮਿੱਠੀਆਂ ਗੱਲਾਂ ਭੋਲੇ ਚਿਹਰੇ, ਵੇਖ ਕੇ ਕਿਧਰੇ ਫਸ ਨਾ ਜਾਵੀਂ
ਭੋਲੀਆਂ ਸ਼ਕਲਾਂ ਵਾਲੇ ਅਕਸਰ, ਹੁੰਦੇ ਬੇਈ ਮਾਨ ਬੜੇ ਨੇ

ਬਿਨਾਂ ਢਿੰਡੋਰਾ ਪਿੱਟਿਆਂ ਸੇਵਾ, ਮਾਨਵਤਾ ਦੀ ਕਰੀ ਜਾਂਦੇ
“ਖੁਸ਼ੀ ਮੁਹੰਮਦਾ” ਇਸ ਦੁਨੀਆਂ ਵਿੱਚ, ਐਸੇ ਵੀ ਗੁੰਮਨਾਮ ਬੜੇ ਨੇ

ਖੁਸ਼ੀ ਮੁਹੰਮਦ “ਚੱਠਾ”

Previous articleਸੰਤੁਸ਼ਟੀ
Next articleਮੇਰੇ ਗੀਤ ਤੇਰਾ ਸਿਰਨਾਵਾਂ