ਕਵਿਤਾ

(ਸਮਾਜ ਵੀਕਲੀ)

ਕਾਲੀਆਂ ਨੇ ਰਾਤਾਂ
ਤੇ ਰਾਤਾਂ ‘ਚ ਹਨ੍ਹੇਰਾ
ਕਿਤੋਂ ਆ ਮੇਰੇ ਮਾਹੀਆ
ਕਰਦੇ ਸਵੇਰਾ……

ਉਸ ਕੁੱਖ ਨੂੰ ਮੈਂ
ਸਿਜਦਾ ਕਰਦੀ ਰਹਾਂਗੀ
ਜਿਸ ਕੁੱਖ ਚੋਂ ਫੁੱਟਿਆ ਹੈ
ਇਕ ਚਾਨਣ ਲੰਬੇਰਾ!

ਚਰਖਾ ਵੀ ਟੁੱਟਿਆ
ਤੇ ਬੰਸਰੀ ਹੈ ਫੂਕੀ
ਜੋ ਭੁੱਲ ਕੇ ਆਜ਼ਾਦੀ
ਬਣ ਗਏ ਵਲੈਤੀ !

ਇੱਜ਼ਤਾਂ ਦੇ ਰਾਖੇ
ਘੁੱਟਣ ਲੱਗੇ ਗਲ ਮੇਰਾ
ਇੱਥੇ ਮੰਦਰਾਂ ਅਤੇ ਮਸਜਿਦਾਂ ‘ਚ
ਵਿਕੇ ਗੁਰੂ ਤੇਰਾ !

ਆਬਾਂ ਤੇ ਖ਼ਾਬਾਂ ਦੀ
ਮੁੱਕ ਗਈ ਕਹਾਣੀ
ਧਰਮਾਂ ਅਤੇ ਜਾਤਾਂ ‘ਚ
ਘਿਰਿਆ ਹੈ ਦਰ ਤੇਰਾ!

ਤੇਰੇ ਜਾਣ ਪਿੱਛੋਂ
ਹਨ੍ਹੇਰੀਆਂ ਕਈ ਝੁੱਲੀਆਂ
ਬੰਨ੍ਹ ਕੇ ਬਸੰਤੀ
ਤੇ ਉਡਾਉਂਦੇ ਰਹੇ ਖਿੱਲ਼ੀਆਂ!

ਵਿਸਰ ਗਈਆਂ
ਵਚਨਾਂ ਤੇ ਕਰਾਰਾਂ
ਦੀਆਂ ਰਾਤਾਂ
ਝੰਡਿਆਂ ਦੇ ਰੰਗ
ਬੱਸ ਪਾਉਂਦੇ ਨੇ ਬਾਤਾਂ !

ਮਸਲਾ ਹੈ ਕੁਰਸੀ
ਤੇ ਕੁਰਸੀ ਹੈ ਮਸਲਾ
ਇਨਕਲਾਬ ਤਾਂ ਬਸ
ਵਿਕਦਾ ਵਿਚ ਬਾਜ਼ਾਰਾਂ !

ਤੇਰੇ ਮੁੱਖ ਦੀ ਲਾਲੀ
ਬਣੇਗੀ ਚਾਨਣ ਸਵੇਰਾ
ਕਿਤੋਂ ਆ ਮੇਰੇ ਮਾਹੀਆ
ਕਰਦੇ ਸਵੇਰਾ……
ਕਿਤੋਂ ਆ ਮੇਰੇ ਮਾਹੀਆ!

ਵਿਰਕ ਪੁਸ਼ਪਿੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਹੜਾ
Next articleਭਗਤ ਸਿੰਘ ਭਗਤਾ