(ਸਮਾਜ ਵੀਕਲੀ)
ਮੈਂ ਕਦੇ ਹੋਰ ਲਿਖਾਂਗਾ
ਕਵਿਤਾ ਤੇਰੀ ਤੇ ਮੇਰੀ
ਅਜੇ ਤਾਂ ਮੈਨੂੰ ਘੇਰ ਰੱਖਿਆ
ਮੇਰੇ ਹੀ ਸਵਾਲਾਂ ਅਤੇ ਜਵਾਬਾਂ ਨੇ
ਹਾਲਾਤਾਂ ਨੇ, ਉਲਝੀਆਂ ਬਾਤਾਂ ਨੇ
ਹਾਂ ਪਰ ਤੂੰ ਨਿਰਾਸ਼ ਨਾ ਹੋਵੀ
ਮੈਂ ਲਿਖਾਂਗਾ ਜ਼ਰੂਰ
ਭਾਂਵੇ ਉਮਰ ਦੇ ਆਖਰੀ ਪੜਾਅ
ਤੇ ਪਹੁੰਚ ਕੇ ਲਿਖਾਂ
ਭਾਂਵੇ ਵਕਤ ਤੋਂ ਪਹਿਲਾਂ
ਤੁਰ ਜਾਣ ਤੋਂ ਪਹਿਲਾਂ ਲਿਖਾਂ
ਪਰ ਲਿਖਾਂਗਾ ਜ਼ਰੂਰ
ਅਜੇ ਤਾਂ ਪਿਆਰ ਮੁਹੱਬਤ ਜਿਹੇ ਸ਼ਬਦ
ਸੂਲਾਂ ਵਾਂਗੂੰ ਖੁੱਭ ਰਹੇ ਨੇ
ਬਾਗ਼ੀ ਸੀਨੇ ਵਿਚ
ਅਜੇ ਤਾਂ ਸਮਾਜ ਜ਼ਾਤ ਧਰਮ
ਤੇ ਮਜ਼ਹਬਾਂ ਵਾਲੀ ਵਾੜ ਨੂੰ
ਹੀ ਤੋੜਨ ਦੇ ਔਜ਼ਾਰ ਜੁਟਾ ਰਿਹਾ ਹਾਂ
ਅਜੇ ਤਾਂ ਚੂਰੀ ਤੇਰੀ ਦੀਆਂ
ਟੁਕਾਂ ਨੂੰ ਵੀ ਕਰੋਪੇ ਪਿੰਡੇ ਤੇ ਹੰਢਾ ਰਿਹਾਂ
ਹਾਂ ਪਰ ਲਿਖਾਂਗਾ ਜ਼ਰੂਰ
ਓਸ ਚੂਰੀ ਲਈ ਚੰਦ ਸਤਰਾਂ
ਜੋ ਤੇਰੇ ਕੋਮਲ ਹੱਥਾਂ ਵਿਚ
ਭਾਂਵੇ ਇਸਕ ਦੇ ਦਰੋਂ
ਆਏ ਪ੍ਰਸ਼ਾਦ ਜਹੀ ਜਾਪ ਰਹੀ ਸੀ
ਪਰ ਸੱਚ ਜਾਣੀ ਓਸ ਵਿੱਚੋਂ
ਆ ਰਹੀ ਪਸੀਨੇ ਦੀ ਖੁਸ਼ਬੋ ਨੇ
ਮੇਰੇ ਲੂਹ ਕੰਢੇ ਖੜ੍ਹੇ ਕਰ ਦਿੱਤੇ ਸੀ
ਤੇਰੇ ਮਹਿਲਾਂ ਵਰਗੇ ਘਰ ਵਿਚ
ਗੁਲਾਮਾਂ ਜਹੀ ਜ਼ਿੰਦਗੀ ਹੰਢਾਉਂਦੇ
‘ਗੋਰੇ’ ਸ਼ੀਰੀ ਦੇ ਪਸੀਨੇ ਦੀ ਖੁਸ਼ਬੋ
ਜਿਸਨੇ ਬਦਲ ਦਿੱਤਾ ਮੈਨੂੰ
ਮੇਰੇ ਵਿਚਾਰਾਂ ਨੂੰ
ਪਰ ਮੈਂ ਤੇਰੇ ਤੇ ਕੋਈ
ਦੋਸ਼ ਨਹੀਂ ਲਾ ਰਿਹਾ
ਕਿਉਂਕਿ ਮੁਹੱਬਤ ਤਾਂ
ਪਾਕਿ ਹੁੰਦੀ ਹੈ
ਹਾਂ ਹਾਲਾਤ ਚੰਗੇ ਮਾੜੇ
ਹੋ ਸਕਦੇ ਆ
ਮੈਨੂੰ ਕੋਈ ਸ਼ਿਕਵਾ ਨਹੀਂ
ਤੇਰੇ ਕੋਲੋਂ, ਨਾ ਕੋਈ ਗਿਲਾ ਹੈ
ਮੈਂ ਤਾਂ ਜੇ ਰੁੱਸਿਆ ਵੀ ਹਾਂ
ਤਾਂ ਸਿਰਫ਼ ਤੇ ਸਿਰਫ਼
ਅਪਣੇ ਆਪ ਤੋਂ,
ਇਹਨਾਂ ਜ਼ੰਜੀਰਾਂ ਤੋਂ
ਇਹਨੇ ਜ਼ੰਜੀਰਾਂ ਨੂੰ
ਇੱਕ ਪਾਸਿਓਂ ਆਪਣੇ ਹੱਥੀ
ਫੜੀ ਬੈਠੇ ਨੇ ਜੋ ਉਹਨਾਂ ਤੋਂ
ਪਰ ਮੈਂ ਤਾਂ ਵੀ ਲਿਖਾਂਗਾ
ਤੇਰੀ ਤੇ ਮੇਰੀ ਕਵਿਤਾ
ਮੈਂ ਇੱਕ ਦਿਨ ਜ਼ਰੂਰ
ਉਹ ਕਵਿਤਾ ਲਿਖਾਂਗਾ।
ਚਰਨਜੀਤ ਸਿੰਘ ਰਾਜੌਰ
8427929558