ਕਵਿਤਾ

(ਸਮਾਜ ਵੀਕਲੀ)

ਤੁਰ ਜਾਣਾਂ ਸਭ ਛੱਡ ਕੇ ਇੱਕ ਦਿਨ,
ਝੂਠੀ ਕਰੀ ਕਮਾਈ ਜਾਨੈਂ,
ਜਿੰਦਗੀ ਬੜੀ ਅਮੋਲਕ ਤੇਰੀ,
ਐਵੇਂ ਦੱਸ ਗਵਾਈ ਜਾਨੈਂ,
ਸਕੂਨ ਵੀ ਲੱਭ ਲੈ ਜ਼ਿੰਦਗੀ ਵਿੱਚੋਂ,
ਝਗੜ ਝਮੇਲਾ ਪਿਆ ਬਥੇਰਾ,
“ਵਕਤ ਕੀਮਤੀ ਬੰਦਿਆ ਤੇਰਾ।”

ਝੂਠੀ ਨਫ਼ਰਤ ਦੇ ਵਿੱਚ ਸੜਦੈਂ,
ਵੈਰ ਵਿਰੋਧ ਦੀ ਵਿੱਦਿਆ ਪੜਦੈਂ,
ਗਿਆਂਨ ਦੇ ਕੋਲੋਂ ਸੱਖਣਾਂ ਹੋ ਕੇ,
ਫ਼ੋਕਾ ਐਵੇਂ ਰਹਿੰਦਾ ਲੜਦੈਂ,
ਕਦੇ ਦੂਜਿਆਂ ਦੇ ਲਈ ਜੀ ਲਿਆ ਕਰ,
ਕਿਉਂ ਕਰਦਾ ਫਿਰਦੈਂ ਮੇਰਾ ਮੇਰਾ,
ਵਕਤ ਕੀਮਤੀ ਬੰਦਿਆ ਤੇਰਾ।

ਰਾਵਣ ਵਰਗੇ ਤੁਰ ਗੇ ਇੱਥੋਂ,
ਕਾਹਦੇ ਦੱਸ ਤੂੰ ਹੱਕ ਜਤਾਉਨੈਂ,
ਸਭ ਮਤਲਬ ਦੇ ਰਿਸ਼ਤੇ ਨਾਤੇ,
ਝੂਠੇ ਕਾਹਤੋਂ ਬੰਧਨ ਪਾਉਨੈਂ,
ਵਿੱਚ ਹਨੇਰੇ ਮਾਰੇਂ ਟੱਕਰਾਂ,
ਚਾਰੇ ਪਾਸੇ ਦਿਸੇ ਸਵੇਰਾ,
ਵਕਤ ਕੀਮਤੀ ਬੰਦਿਆ ਤੇਰਾ।

ਅੰਮ੍ਰਿਤਪਾਲ ਸਿੰਘ ਕਮਾਲੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ੁੱਸਾ ਤੇ ਮਿਠਤੁ
Next articleਗ਼ਜ਼ਲ