(ਸਮਾਜ ਵੀਕਲੀ)
ਸ਼ੀਸ਼ੇ ਦੇ ਸੁਹਲ ਹੱਥੀਂ, ਪੱਥਰ ਫੜਾ ਰਿਹਾ ਹਾਂ
ਸੁਪਨੇ ਨੂੰ ਵਾਸਤਵ ਦਾ, ਚਿਹਰਾ ਦਿਖਾ ਰਿਹਾ ਹਾਂ
ਅਪਣੇ ਜਨੂੰਨ ਨੂੰ ਮੈਂ, ਫਿਰ ਆਜ਼ਮਾ ਰਿਹਾ ਹਾਂ
ਝੱਖੜਾਂ ਦੀ ਸਲਤਨਤ ਵਿਚ, ਦੀਵੇ ਜਗਾ ਰਿਹਾ ਹਾਂ
ਮੈਨੂੰ ਪਤਾ ਹੈ ਇਸ ਨੇ, ਵਗਣਾ ਨਹੀਂ ਹੈ, ਫਿਰ ਵੀ –
ਥਲ ਦੇ ਸਫ਼ੇ ਦੇ ਉੱਤੇ, ਦਰਿਆ ਬਣਾ ਰਿਹਾ ਹਾਂ
ਇਸ ਖ਼ਾਬ ਦੀ ਵਜ਼ਾਹਤ, ਕਰਨੀ ਹੈ ਕਿਸ ਨਜੂਮੀ
ਮੇਰੇ ਲਹੂ ਦੀ ਬਾਰਿਸ਼, ਮੈਂ ਹੀ ਨਹਾ ਰਿਹਾ ਹਾਂ
ਉਹਨਾ ਦੇ ਮੁਖ ਮੁਖੌਟੇ, ਮੇਰੀ ਨਜ਼ਰ ਹੈ ਖ਼ੰਜਰ
ਉਹ ਤਿਲਮਿਲਾ ਰਹੇ ਨੇ, ਮੈਂ ਮੁਸਕੁਰਾ ਰਿਹਾ ਹਾਂ
ਜਸਪਾਲ ਘਈ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly