(ਸਮਾਜ ਵੀਕਲੀ)
ਬਹੁਤ ਲੋਕ ਲਿਖਣ ਨੂੰ ਸ਼ਾਇਦ ਸੌਖਾ ਕਾਰਜ ਸਮਝਦੇ ਹਨ । ਦੁਨੀਆਂ ‘ਤੇ ਜੇ ਕੋਈ ਔਖਾ ਕਾਰਜ ਹੈ, ਉਹ ਹੈ ਲਿਖਣਾ, ਕਿਉਂਕਿ ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦਾ ਹੈ ਤੇ ਪੜ੍ਹਨ ਵੇਲੇ ਸਭ ਤੋਂ ਪਹਿਲਾਂ ਜੋ ਚੀਜ਼ ਆਉਂਦੀ ਹੈ ਉਹ ਹੈ “ਨੀਂਦ”।
ਨੀਂਦ ਸਭ ਨੂੰ ਪਤਾ ਹੈ, ਇਹ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਹ ਵੀ ਸਭ ਨੂੰ ਇਹ ਵੀ ਪਤਾ ਹੈ ਕਿ ਸੁੱਤਾ ਬੰਦਾ ਕੁਝ ਨਹੀਂ ਕਰ ਸਕਦਾ।
ਹਰੇਕ ਰਚਨਾਕਾਰ ਦੀ ਰਚਨਾ ਵਿੱਚ ਜਿੱਥੇ ਉਸਦੇ ਪਸੀਨੇ ਦੇ ਅੰਸ਼ ਸਮੋਏ ਹੁੰਦੇ ਹਨ ਉੱਥੇ ਉਸ ਦੀ ਰਚਨਾ ‘ਚੋਂ ਕਤਰਾ-ਕਤਰਾ ਖ਼ੂਨ ਟਪਕ ਰਿਹਾ ਹੁੰਦਾ ਹੈ।
ਸਾਹਿਤਕਾਰ ਤੇ ਆਮ ਮਨੁੱਖ ਵਿਚ ਇਹੀ ਫ਼ਰਕ ਹੁੰਦਾ ਹੈ ਕਿ ਵਲਵਲੇ ਤਾਂ ਸਾਰਿਆਂ ਅੰਦਰ ਉੱਠਦੇ ਹਨ ਪਰ ਸਾਹਿਤਕਾਰ ਉਹਨਾਂ ਵਲਵਲਿਆਂ ਨੂੰ ਅਜਾਈਂ ਨਹੀਂ ਜਾਣ ਦਿੰਦਾ। ਉਸਦਾ ਜਾਗਦੇ, ਸੁੱਤੇ ਲਿਆ ਹਰੇਕ ਸੁਪਨਾ ਸਵੇਰ ਵੇਲੇ ਘਾਹ ਦੇ ਉੱਤੇ ਤਰੇਲ ਦੇ ਤੁਪਕਿਆਂ ਵਾਂਗ ਰਚਨਾ ਦੀ ਸ਼ੋਭਾ ਵਧਾ ਰਿਹਾ ਹੁੰਦਾ ਹੈ।
ਲਿਖਣਾ ਵੀ ਇਕ ਕੋਮਲ ਤੇ ਸੂਖਮ ਕਲਾ ਹੈ। ਲੇਖਕ ਜਦੋਂ ਸਮਾਜ ਦੀਆਂ ਵਿਸੰਗਤੀਆਂ,ਊਣਤਾਈਆਂ ਨੂੰ ਕਲਮ ਦੀ ਸਾਣ ‘ਤੇ ਚਾੜ੍ਹ ਕੇ ਲੋਕਾਂ ਦੀ ਗੱਲ, ਲੋਕਾਂ ਤੱਕ ਲੈ ਕੇ ਜਾਂਦਾ ਹੈ ਉਸ ਨੂੰ ਹੀ ਲੇਖਕ ਕਹਿੰਦੇ ਹਾਂ।
ਲੇਖਕ ਪ੍ਰਵਾਨ ਉਹ ਚੜ੍ਹਦਾ ਹੈ ਜੋ ਇਹਨਾਂ ਸਮਾਜਿਕ ਵਿਸੰਗਤੀਆਂ,ਊਣਤਾਈਆਂ ਦਾ ਹੱਲ ਵੀ ਪੇਸ਼ ਕਰਦਾ ਹੈ।
ਮੈਂ ਦੋ ਤਿੰਨ ਲੇਖਕਾਂ ਨੂੰ ਸਭ ਤੋਂ ਵੱਧ ਢਲਦੀ ਉਮਰੇ ਵੀ ਆਪਣੇ ਖ਼ੂਨ ਨਾਲ ਲਬਰੇਜ਼ ਮੁੜ੍ਹਕੋ-ਮੁੜ੍ਹਕੀ, ਸਾਂਹੋਂ-ਸਾਂਹੀਂ ਹੋਏ ਐਨੇ ਹੌਂਸਲੇ ਨਾਲ ਲਿਖਦੇ ਹੋਏ ਦੇਖਿਆ, ਪੜ੍ਹਿਆ ਤੇ ਸੁਣਿਆ ਹੈ ਜੋ ਆਪਣੀ ਸਿਹਤ ਦੀ ਪ੍ਰਵਾਹ ਵੀ,ਨਹੀਂ ਕਰਦੇ ਰਹੇ। ਉਹਨਾਂ ਵਿਚੋਂ ਸੰਤ ਸਿੰਘ ਸੇਖੋਂ, ਜਸਵੰਤ ਕੰਵਲ, ਪ੍ਰੋ਼. ਗੁਰਦਿਆਲ ਸਿੰਘ ਨਾਵਲਕਾਰ ਹਨ।
ਇਹਨਾਂ ਤੋਂ ਇਲਾਵਾ ਜੇ ਅੱਜ ਕੱਲ੍ਹ ਕੋਈ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਵਗੈਰ ਲਿਖ ਰਿਹੈ ਉਹ ਹਨ “ਕਹਾਣੀਕਾਰ ਅਤਰਜੀਤ ਸਿੰਘ”।
ਬਾਬੇ ਨੂੰ ਬਹੁਤ ਕਹੀਂਦੈ, ਆਪਣੀ ਸਿਹਤ ਦਾ ਖ਼ਿਆਲ ਕਰਿਆ ਕਰੋ ਪਰ ਜਦੋਂ ਹੀ ਲੱਤਾਂ ਭਾਰ ਝੱਲਣ ਜੋਗੀਆਂ ਹੁੰਦੀਆਂ ਹਨ ਲਿਖਣਾ ਤਾਂ ਹੈ ਹੀ, ਸਗੋਂ ਏਸ ਉਮਰ ‘ਚ ਸਮੇਂ ਦੇ ਅਨੁਕੂਲ ਨਾ ਲਿਖ ਰਹੀਆਂ ਕਲਮਾਂ ਨੂੰ ਵੰਗਾਰਨਾ, ਡਾਂਟਨਾ, ਝਿੜਕਣਾ ਤੇ ਕਈ ਵਾਰ ਤਾਂ ਮੈਂ ਬੇਸ਼ਰਮੀ ਦਿੰਦੇ ਵੀ ਵੇਖਿਆ ਹੈ।
ਸ਼ਾਲਾ! ਇਸ ਤਰ੍ਹਾਂ ਦੇ ਸਾਹਿਤਕਾਰ ਸਮਾਜ ਨੂੰ ਮਿਲਦੇ ਰਹਿਣ, ਜੋ ਭੜਕ ਚੁੱਕੀਆਂ ਕਲਮਾਂ, ਗੁੰਮਰਾਹ ਹੋਈਆਂ ਕਾਨੀਆਂ ਭਾਵਨਾਵਾਂ ਰਹਿਤ ਹੋ ਚੁੱਕੀਆਂ ਸ਼ਾਹੀਆਂ ਨੂੰ ਸੁਚੇਤ ਕਰਦੇ ਰਹਿਣ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly