ਕਰੋਨਾ ਭਾਅ ਜੀ ਨਾਲ਼ ਸਰਸਰੀ ਜਿਹੀ ਇੰਟਰਵਿਊ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਕਰੋਨਾ ਦੀ ਇੰਟਰਵਿਊ ਕਰਨ ਲਈ ਮੈਨੂੰ ਬਹੁਤ ਤਰੱਦਦ ਨਹੀਂ ਕਰਨਾ ਪਿਆ ਕਿਉਂਕਿ ਹੁਣ ਤਾਂ ਇਹ ਹਿੰਦੋਸਤਾਨ ਦੀ ਹਰ ਜਗ੍ਹਾ ਧਮਾਲਾਂ ਪਾਉਂਦਾ ਲੱਭ ਪੈਂਦਾ ਹੈ। ਸਾਡੀ ਗਲ਼ੀ ਵਿੱਚ ਤੁਰਿਆ ਫਿਰੇ ਤਾਂ ਮੈਂ ਹਾਕ ਮਾਰ ਕੇ ਬੁਲਾ ਲਿਆ ਤੇ ਸਰਸਰੀ ਜਿਹੀ ਗੱਲਬਾਤ ਸ਼ੁਰੂ ਕਰ ਦਿੱਤੀ:

ਮੈਂ : ਦੁਆ ਸਲਾਮ ਕਰੋਨਾ ਭਾਅ ਜੀ। ਇੰਟਰਵਿਊ ਕਰਨੀ ਏ ਥੋਡੀ, ਤੁਹਾਡਾ ਬਹੁਤਾ ਟੈਮ ਨ੍ਹੀਂ ਚੱਕਦਾ ਕਿਉਂਕਿ ਤੁਸੀਂ ਅੱਗੇ ਜਾ ਕੇ ਕਿਸੇ ਹੋਰ ਦਾ ਟੈਮ ਚੱਕਣਾ ਹੋਊ।

ਕਰੋਨਾ : ਕੋਈ ਨ੍ਹੀ ਛੋਟੇ ਵੀਰ, ਪੁੱਛ ਜੋ ਪੁੱਛਣੈ…।

ਮੈਂ : ਮੈਂ ਤਾਂ ਬੱਸ ਮੋਟੇ ਮੋਟੇ, ਜੇ ਪੰਜ ਦਸ ਸਵਾਲ ਕਰਨੇ ਨੇ। ਪਹਿਲਾ ਸਵਾਲ ਹੁਣ ਕਿਵੇਂ ਜੇ ਫੀਲ ਹੋ ਰਿਹੈ ਥੋਨੂੰ ?

ਕਰੋਨਾ : ਯਰ ਹੁਣ ਤਾਂ ਬਾਹਲ਼ਾ ਜਲੀਲ ਜਾ ਫੀਲ ਹੋ ਰਿਹੈ। ਜਦ ਆਏ ਆਏ ਸੀ ਥੋਡੇ ਮੁਲਕ ਬੜੀ ਚੜ੍ਹਾਈ ਸੀ ਮਹਾਰਾਜੇ ਪਟਿਆਲ਼ੇ ਆਂਗੂੰ ਤੇ ਹੁਣ ਤਾਂ ਲਾਲ ਕ੍ਰਿਸ਼ਨ ਅਡਵਾਨੀ ਨਾਲ਼ੋਂ ਵੀ ਵੱਧ ਖੂੰਜੇ ਲੱਗਿਆ ਫੀਲ ਕਰ ਰਿਹਾਂ।

ਮੈਂ : ਸਾਡੇ ਇੱਥੇ ਪ੍ਰਹੁਣਾਚਾਰੀ ਦਾ ਇਹੋ ਹਾਲ ਐ ਕਰੋਨਾ ਬਾਈ…. ਸਾਡੇ ਇੱਥੇ ਇੱਕ ਦਿਨ ਪ੍ਰਹੁਣਾ ਹੁੰਦੈ, ਦੂਜੇ ਦਿਨ ਪ੍ਰਹੁਣਾ ਹੁੰਦੈ, ਤੀਜੇ ਦਿਨ ਤਾਂ ਦਾਦੇ–ਮਘਉਣਾ ਈ ਹੋ ਜਾਂਦੈ।

ਕਰੋਨਾ : ਬੱਸ ਆਹੀ ਗੱਲ ਐ। ਤਾਂ ਹੀ ਹੁਣ ਰੋਜ ਖੰਡ ਪਾਈ ਜਾਨੇ ਓਂ ਮੈਨੂੰ….  ਹੁਣ ਤਾਂ ਦਿਲ ਕਰਦੈ ਯਰ ਮੁੜ ਮੜਜੀਏ..।

ਮੈਂ : ਲੰਘ ਜੋ ਫੇਰ ਠੰਢੇ ਠੰਢੇ, ਪਾਧਾ ਕਾਹਤੋਂ ਪੁੱਛਦੇ ਓਂ।

ਕਰੋਨਾ : ਉਹ ਲੰਘ ਤਾਂ ਜਾਈਏ ਪਰ ਯਰ ਆਹ ਥੋਡੇ ਲੀਡਰ ਪੈਰੀਂ ਪਈ ਜਾਂਦੇ ਨੇ ਨਿੱਤ ਦਿਨ। ਇਹੀ ਨ੍ਹੀ ਜਾਣ ਦਿੰਦੇ।

ਮੈਂ : ਲੀਡਰ ਕੀ ਆਂਹਦੇ ਨੇ ?

ਕਰੋਨਾ : ਕਦੇ ਕਹਿੰਦੇ ਜੀ ਆਹ ਵੋਟਾਂ ਕਢਾ ਜਿਓ, ਕਦੇ ਕਹਿੰਦੇ ਜੀ ਵੈਕਸੀਨ ਬਾਹਲ਼ੀ ਮੰਗਾਲੀ, ਊਂਅ ਤਾਂ ਕਿਸੇ ਨੇ ਲਵਾਣੀ ਨ੍ਹੀਂ ਪਰ ਤੁਸੀਂ ਹੋਰ ਰਹਿਜੋਂ ਮ੍ਹੀਨਾ–ਖੰਡ, ਸਾਡੀ ਵੈਕਸੀਨ ਲੱਗਜੂ। ਬੱਸ ਥੋਡੇ ਲੀਡਰਾਂ ਕਰਕੇ ਈ ਰੁਕੇ ਖੜ੍ਹੇ ਆਂ, ਨਹੀਂ ਤਾਂ ਕਾਦੇ ਚੜ੍ਹ ਜਾਂਦੇ ਜਹਾਜੇ।

ਮੈਂ : ਅੱਛਾ ਕਰੋਨੇ ਬਾਈ ਯਰ ਐਂ ਦੱਸ, ਜਿਹੜਾ ਆਹ ਥੋਡੇ ਬਾਰੇ ਸਰਕਾਰ ਰੋਜ ਏ ਬੇਤੁਕੇ ਜੇ ਸਰਕਾਰੀ ਬਿਆਨ ਦਈ ਜਾਂਦੀ ਐ, ਫੁਰਮਾਨ ਜਾਰੀ ਕਰੀ ਜਾਂਦੈ ਐ, ਕੀ ਰੌਲ਼ੈ ਵਿੱਚੋਂ ? ਕੋਈ ਤੁਕ ਜੀ ਤਾਂ ਬਣਦੀ ਨ੍ਹੀਂ ਹੈਗੀ….  ਇਹਦੇ ਆਲ਼ੀ ਮੋਟੀ ਮੋਟੀ ਜੀ ਗੱਲ ਸਮਝਾਦੇ।

ਕਰੋਨਾ : ਯਰ ਆਹੀ ਸਰਕਾਰੀ ਫੁਰਮਾਨਾ ਕਰਕੇ ਈ ਤਾਂ ਮਿੱਟੀ ਪਲੀਤ ਹੋਈ ਐ ਸਾਡੀ।

ਮੈਂ : ਓ ਤਾਂ ਹੈ…. ਪਤਾ ਤਾਂ ਸਾਰਿਆਂ ਨੂੰ ਈ ਐ, ਪਰ ਥੋਡੇ ਮੂੰਹੋਂ ਸੁਣ ਕੇ ਲੱਜਤ ਆਜੂ, ਤੂੰ ਹੀ ਦੱਸ ਸਰਕਾਰੀ ਫੁਰਮਾਨਾ ਤੇ ਐਲਾਨਾਂ ਦੀ ਬੇਤੁਕੀ ਬਾਰੇ।

ਕਰੋਨਾ : ਆਹ ਦੇਖ ਲਾ, ਸਰਕਾਰ ਕਿਤੇ ਤਾਂ 4 ਬੰਦੇ ਨ੍ਹੀਂ ਜੁੜਨ ਦਿੰਦੀ ਤੇ ਕਿਤੇ ਮੇਲੇ ‘ਚ ਰੋਜ 2–2, 4–4 ਲੱਖ ਨੂੰ ਕੱਠਾ ਕਰੀਂ ਫਿਰਦੀ ਐ। ਕਿਤੇ ਕਹਿ ਦਿੰਦੇ ਆ ਬਈ ਦੂਰੀ ਬਣਾ ਕੇ ਰੱਖੋ ਤੇ ਕਿਤੇ ਕਹਿਣਗੇ ਬੀ ਰੈਲੀਆਂ ਵਿੱਚ ਮੋਢੇ ਨਾਲ਼ ਮੋਢੇ ਜੋੜ ਕੇ ਖੜ੍ਹਨੈ….

ਮੈਂ : ਮਤਬਲ ਅੰਨ੍ਹੇ ਨੂੰ ਬੋਲ਼ਾ ਧੂਹੀ ਫਿਰਦੈ, ਕੋਈ ਤੁਕ ਨ੍ਹੀ, ਕੋਈ ਤੁਕਾਂਤ ਨ੍ਹੀਂ।

ਕਰੋਨਾ : ਆਹੋ ਕਹਿੰਦੇ ਬਈ ਰੱਬ ਨੇ ਜਦ ਗਾਜਰਾਂ ਦੇ ਈ ਦਿੱਤੀਆਂ ਤਾਂ ਨਾਲ਼ੇ ਰੰਬਾ ਵੀ ਵਿੱਚ ਰੱਖਣੈ ਤੇ ਗਾਜਰਾਂ ‘ਚ ਗਧਾ ਵੀ ਛੱਡੀ ਰੱਖਣੈ।

ਮੈਂ : ਪਰ ਸਰਕਾਰ ਨੂੰ ਇੰਨਾ ਕ ਤਾਂ ਅਕਲ ਨੂੰ ਹੱਥ ਮਾਰਨਾ ਚਾਹੀਦੈ ਬਈ ਜਿਹੜੀ ਉਹ ਐਲਾਨ ਫਰਮਾਨ ਜਾਰੀ ਕਰ ਰਹੇ ਆ, ਉਹਦੀ ਕੋਈ ਤੁਕ ਵੀ ਤਾਂ ਬਣੇ…..

ਕਰੋਨਾ : ਆਹੋ ਸਰਕਾਰਾਂ ਦਾ ਤਾਂ ਓਹ ‘ਸਾਬ ਐ ਬਈ ਪੈਰਾਂ ਭਾਰ ਬੈਠਣੈ, ਬੈਠਣਾ ਚੌਂਕੜੀ ਮਾਰ ਕੇ ਐ…. ਹਾਹਾਹਾਹਾਹਾ ਮੈਂ ਲੋਕ ਤਾਂ ਹੁਣ ਅੱਕੇ ਜੇ ਹੋਏ ਗੱਲ ਨ੍ਹੀ ਮੰਨ ਰਹੇ ਸਰਕਾਰ ਦੀ ਕਿਉਂਕਿ ਸਰਦਾਰ ਇੱਕ ਪਾਸੇ ਤਾਂ ਚੋਣ ਰੈਲੀਆਂ ਤੇ ਕੁੰਭ ਮੇਲੇ ‘ਚ ਕੱਠ ਕਰੀ ਜਾਂਦੀ ਐ, ਦੂਸਰੇ ਪਾਸੇ ਕਹਿੰਦੀ ਆ ਬਈ ਦੂਰੀ ਬੀ ਬਣਾ ਕੇ ਰੱਖਣੀ ਐ, ਮਾਸਕ ਬੀ ਪਾ ਕੇ ਰੱਖਣੈ।

ਕਰੋਨਾ : ਘੋਗੜ ਨਾਥ ਈ ਆ ਸਾਰੇ। ਮੰਨਿਆ ਬਈ ਥੋਡੇ ਆਲ਼ੀ ਜਨਤਾ ਹੈ ਤਾਂ ਬੰਦ ਦਮਾਕ ਏ, ਜਿਹੜੀ ਆਹ ਲੀਡਰਾਂ ਦੀਆਂ ਬਣਾਈਆਂ ਖੰਭਾਂ ਦੀਆਂ ਡਾਰਾਂ ‘ਤੇ ਉੱਡੀ ਫਿਰਦੀ ਐ; ਚੋਣਾਂ ‘ਚ ਕੀਤੇ ਵਾਦਿਆਂ ਤੇ ਲਾਏ ਲਾਰਿਆਂ ਨੂੰ ਸੱਚ ਮੰਨ ਕੇ ਹਜੇ ਵੀ ਥੋਡੇ ਪਿੱਛੇ ਲਾਂਗੜ ਚੱਕੀ ਫਿਰਦੀ ਐ ਪਰ ਫੇਰ ਵੀ ਮਾੜਾ–ਮੋਟਾ ਤਾਂ ਦਮਾਕ ਹੈਗਾ ਈ ਐ, ਜਨਤਾ ਕੋਲ਼ੇ, ਜਮਾਂ ਈ ਬੇਦਮਾਕੀ ਤਾਂ ਨਾ ਸਮਝੋ।

ਮੈਂ : ਨਹੀਂ ਬਾਈ ਸਰਕਾਰਾਂ ਨੂੰ ਐਂ ਲਗਦੈ ਬਈ ‘ਮਰਿਆ ਬਾ ਨ੍ਹੀਂ, ਆਕੜਿਆ ਵਾ’ ਕਹਿ ਦਈਏ ਤਾਂ ਜਨਤਾ ਮੰਨਜੂ…।

ਕਰੋਨਾ : ਲੈ ਹੋਰ…. ਨਾਲ਼ੇ ਸਰਕਾਰ ਨੂੰ ਪਹਿਲਾਂ ਗਲਤਫਹਿਮੀ ਸੀ, ਫੇਰ ਖੁਸ਼ਫਹਿਮੀ ਹੋਈ ਹੁਣ ਭੁੱਲਫਹਿਮੀ ਐ ਬਈ ਅਸੀਂ ਜੋ ਕਹਿਤਾ ਪੱਥਰ ‘ਤੇ ਲਕੀਰ ਐ, ਇਹਨੂੰ ਨ੍ਹੀਂ ਕੋਈ ਟਾਲ਼ ਸਕਦਾ।

ਮੈਂ : ਅੱਛਾ ਬਾਈ ਤੂੰ ਐਂ ਦੱਸ, ਕਿ ਤੂੰ ਫੇਰ ਸੱਚੀਂ ਨ੍ਹੀਂ ਗਿਆ ਓਧਰ ਬੰਗਾਲ–ਬੰਗੂਲ ਆਲ਼ੇ ਪਾਸੇ।

ਕਰੋਨਾ : ਕੌਣ ਕਹਿੰਦੈ….!!! ਸਾਡੇ ਬੰਦੇ ਤਾਂ ਮੁਲਕ ‘ਚ ਹਰੇਕ ਥਾਈਂ ਤੁਰੇ ਫਿਰਦੇ ਆ। ਜਿੱਥੇ ਵੀ ਤਾਪ ਚੜ੍ਹਿਐ, ਨਲ਼ੀਆਂ ਵਗੀਐਂ, ਆਪਣੀ ਓ ਕਿਰਪੈ।

ਮੈਂ : ਅੱਛਾ ਐਂ ਦੱਸ ਬਾਈ ਸੱਚੋ–ਸੱਚ ਕਿ ਤੂੰ ਕਿੰਨਾ ਕੁ ਖਤਰਨਾਕ ਐਂ ? ਤੇ ਤੇਰੇ ਤੋਂ ਕਿੰਨਾ ਕੁ ਡਰਨਾ ਚਾਹੀਦੈ ? ਦੇਖ ਸਰਕਾਰੀ ਬਿਆਨ ਨਾ ਦਈਂ, ਸਿੱਧੀ ਬੰਦਿਆਂ ਆਲ਼ੀ ਗੱਲ ਕਰੀਂ।

ਕਰੋਨਾ : ਖਤਰਨਾਕ ਤਾਂ ਬਾਈ ਮੈਂ ਘਰਆਲ਼ੀ ਜਿੰਨਾ ਤੇ ਮੈਥੋਂ ਡਰਨਾ ਵੀ ਓਨਾ ਈ ਚਹੀਦੈ, ਜਿੰਨਾ ਬੰਦਾ ਆਪਣੀ ਲਾਣੇਦਾਰਨੀ ਤੋਂ ਡਰਦੈ…..

ਮੈਂ : ਹਾਹਾਹਾਹਾ…. ਮਤਬਲ ਫੇਰ ਤਾਂ ‘ਸਾਬ ਸਿਰ ਜੇ ਦਾ ਈ ਐਂ….

ਕਰੋਨਾ : ਅੱਛਾ !! ਲਗਦੈ ਤੇਰਾ ਬਿਆਹ ਨ੍ਹੀ ਹੋਇਆ ਹਾਲੇ ਜਿਹੜਾ ਮੈਨੂੰ ਐਡਾ ਲਾਈਟ ਜਾ ਲਈ ਜਾਨੈ !!

ਮੈਂ : ਨਹੀਂ ਬਿਆਹਿਆ ਤਾਂ ਮੈਂ ਫੁੱਲ ਆਂ…. ਪਰ ਹੁਣ ਗਡਰੀਆਂ ਦੀ ਬਹੂ ਆਂਗੂੰ ਨੱਕ ਜਾ ਮਰਗਿਆ ਤਾਂ ਹੀ ਬਾਹਲ਼ਾ ਸੀਰੀਅਸ ਜਾ ਨ੍ਹੀਂ ਲੈਂਦਾ… ਹਾਹਾਹਾਹਾ…।

ਕਰੋਨਾ : ਚਲ ਫੇਰ ਵੀ ਬੰਦੇ ਨੂੰ ਮਾੜਾ–ਮੋਟਾ ਤਾਂ ਡਰ ਕੇ ਰਹਿਣਾ ਈ ਚਾਹੀਦੈ….

ਮੈਂ : ਘਰਆਲ਼ੀ ਤੋਂ ਕਿ ਕਰੋਨਾ ਤੋਂ ?

ਕਰੋਨਾ : ਦੋਹਾਂ ਤੋਂ….।

ਮੈਂ : ਚੱਲ ਚੰਗਾ…. ਅੱਛਾ ਐਂ ਦੱਸ ਬਈ ਹੁਣ ਹਰੇਕ ਮਰੇ–ਖਪੇ ਨੂੰ ਤੇਰੇ ਖਾਤੇ ਪਾਈ ਜਾਂਦੇ ਆ…. ਤੂੰ ਇਹ ਵਧੀਆ ਲਗਦੈ ਜਾਂ ਫੇਰ… ?

ਕਰੋਨਾ : ਮਾੜੀ ਗੱਲ ਐ ਸਰਕਾਰਾਂ ਦੀ…. ਬਈ ਆਪਣਾ ਸੌਦਾ ਪੱਤਾ ਵੇਚਣੈ ਤਾਂ ਆਪਣੀ ਰੇਹੜੀ ਤੋਂ ਵੇਚੋ ਜਾਂ ਆਪਣਾ ਖੋਖਾ ਲਾਓ, ਹੁਣ ਸਾਰਾ ਕੁਛ ਮੇਰੇ ਖਾਤੇ ਤਾਂ ਨਾ ਪਾਓ। ਹੁਣ ਜਿਹੜਾ ਮਰਿਆ ਈ ਬਵਾਸੀਰ ਨਾਲ਼ ਐ, ਉਹਨੂੰ ਤਾਂ ਬਖਸ਼ ਦੋ। ਐਡੇ ਢੀਠ ਨੇ ਦੇਖ ਲਾ ਯਰ ਕਿਹੜੇ ਕਿਹੜੇ ਕੰਮ ਕਢਵਾਈ ਜਾਂਦੇ ਆ ਸਾਡੇ ਤੋਂ।

ਮੈਂ : ਅੱਛਾ ਐਂ ਦੱਸ ਬਈ ਹੱਥ ਜੇ ਧੋਣ ਨਾਲ਼, ਮਾਸਕ ਲੈਣ ਨਾਲ਼, ਦੂਰੀ ਬਣਾਈ ਰੱਖਣ ਨਾਲ਼ ਤੈਨੂੰ ਕੋਈ ਫਰਕ ਪੈਂਦੈ ?

ਕਰੋਨਾ : ਮੈਨੂੰ ਤਾਂ ਛਿੱਕੂ ਫਰਕ ਨ੍ਹੀਂ ਪੈਂਦਾ ਛੋਟੇ ਵੀਰ।

ਮੈਂ : ਫੇਰ ਸਰਕਾਰਾਂ ਕਾਹਤੋਂ ਜੋਰ ਲਾਈ ਜਾਂਦੀਆਂ ਬਈ ਹਰ ਵੇਲ਼ੇ ਹੱਥ ਧੋਈ ਜਾਓ, ਮਾਸਕ ਪਾਈ ਰੱਖੋ, ਦੂਰੀ ਬਣਾ ਕੇ ਰੱਖੋ…!!

ਕਰੋਨਾ : ਸਾਰਾ ਕੁਛ ਏ ਸਿਆਸਤੀ ਹੋ ਗਿਆ ਛੋਟੇ ਵੀਰ। ਜਦ ਪਿਛਲੇ ਸਾਲ ਫਰਬਰੀ ‘ਚ ਮੈਂ ਆਇਆਂ ਨਮਾ ਨਮਾ, ਉਦੋਂ ਮੇਰੇ ਤੋਂ ਬਚਾਅ ਕਰਨ ਲਈ, ਸਰਕਾਰਾਂ ਨੇ ਜਨਤਾ ਨੂੰ ਕੁਛ ਨਾ ਕੁਛ ਤਾਂ ਕਰਨ ਨੂੰ ਕਹਿਣਾ ਈ ਤੀ, ਨਹੀਂ ਤਾਂ ਥੋਡੇ ਆਲ਼ੀ ਜਨਤਾ ਦਾ ਤਾਂ ਊਈਂ ‘ਘਰਬਾਹਟ’ ਨਾਲ਼ ਈ ਪਟਾਕਾ ਪੈ ਜਾਣਾ ਤੀ।

ਮੈਂ : ਹਾਂ ਇਹ ਤਾਂ ਹੈ…।

ਕਰੋਨਾ : ਹੋਰ…. ਨਹੀਂ ਤਾਂ ਤੂੰ ਦੱਸ ਬਈ ਹਜੇ ਕੱਲ੍ਹ ਮੈਂ ਜੰਮਿਆ ਤੇ ਅੱਜ ਇਨ੍ਹਾਂ ਪਤਾ ਵੀ ਲਾ ਲਿਆ ਬਈ ਮੇਰੇ ਨਾਲ਼ ਮੁਕਾਬਲਾ ਕਿਮੇ ਕਰਨੈ !! ਹੈਂਅ !! ਬਿਨਾਂ ਸੋਚੇ ਸਮਝੇ ਈ ਲਾਕਡਾਊਨ ਲਾਤਾ। ਸਿਰੇ ਦੀ ਫੇਲ ਸਕੀਮ ਸੀ। ਹਾਲੇ ਵੀ ਨ੍ਹੀਂ ਸਮਝੇ। ਜਿਹੜੇ ਫਾਰਮੂਲੇ ਨਾਲ਼ ਪਹਿਲਾਂ ਸੌ ਵਾਰੀ ਸਵਾਲ ਗਲਤ ਨਿਕਲਿਐ, ਇੱਕ ਸੋ ਇੱਕਵੀਂ ਵਾਰ ਕਿਵੇਂ ਠੀਕ ਨਿਕਲ ਜੂ। ਸਵਾਲ ਨ੍ਹੀਂ ਫਾਰਮੂਲਾ ਬਦਲਣਾ ਚਾਹੀਦੈ…।

ਮੈਂ : ਮਤਬਲ ?

ਕਰੋਨਾ : ਜੇ ਲੂਣ ਭੁੱਕ ਕੇ ਗੰਡੋਆ ਮਾਰ ਲਿਆ, ਇਹਦਾ ਮਤਬਲ ਇਹ ਤਾਂ ਨ੍ਹੀਂ ਬਈ ਐਨਾਕੌਂਡਾ ਵੀ ਐਈਂ ਢਾਹਲੋਂਗੇ !! ਕ ਢਾਹ ਲੈਣਗੇ?

ਮੈਂ : ਮਤਲਬ ਆਹ ਪਰਹੇਜ ਵਰਤ ਕੇ ਕੋਈ ਫੈਦਾ ਨ੍ਹੀਂ ?

ਕਰੋਨਾ : ਇਹ ਤਾਂ ਊਈਂ ਡਾਕਟਰੀ ਹਦੈਤ ਆਲ਼ੀ ਵਾਦੀ ਐ। ਜਿਮੇ ਡਾਕਟਰ ਦਵਾਈ ਦੇ ਕੇ ਜਿਹੜਾ ਪਰਹੇਜ ਕਰਨ ਲਈ ਕਹਿੰਦਾ ਹੁੰਦੈ, ਉਹੀ ‘ਸਾਬ ਲਾਲੈ। ਬਈ ਠੰਢਾ–ਤੱਤਾ ਨ੍ਹੀਂ ਖਾਣਾ–ਪੀਣਾ, ਖੱਟੇ–ਤਲ਼ੇ ਦਾ ਪਰਹੇਜ ਕਰਨੈ, ਬੈਅ ਆਲ਼ੀਆਂ ਚੀਜਾਂ ਤੋਂ ਪਰਹੇਜ ਰੱਖਣੈ। ਬਈ ਡਾਕਟਰ ਨੂੰ ਕੋਈ ਪੁੱਛੇ ਜੇ ਸਾਰਾ ਪਰਹੇਜ ਏ ਮਰੀਜ ਨੇ ਰੱਖਣਾ ਹੋਇਆ, ਫੇਰ ਡਾਕਟਰ ਕੋਲ਼ ਆਉਣ ਦੀ ਕੀ ਲੋੜ ਸੀ, ਬਿਨਾਂ ਦਵਾਈ ਲਏ ਓ ਡੰਗ ਸਰ ਜਾਂਦਾ।

ਮੈਂ : ਚਲ ਮਾੜੀ ਮੋਟੀ ਜੜ੍ਹੀ ਬੂਟੀ ਤਾਂ ਕਰਨੀ ਪੈਂਦੀ ਓ ਆ।

ਕਰੋਨਾ : ਆਹੋ…. ਜਿਮੇ ਆਹ ਥੋਡਾ ਨਜਲਾ ਜੁਕਾਮ ਹੋ ਗਿਆ। ਡਾਕਟਰ ਕਹਿੰਦੇ ਬਈ ਜੇ ਦਵਾਈ ਲੈਲੋਂਗੇ ਤਾਂ 7 ਦਿਨਾਂ ‘ਚ ਠੀਕ ਹੋਜੋਂਗੇ, ਜੇ ਦਵਾਈ ਨਹੀਂ ਲੈਂਦੇ ਤਾਂ ਫੇਰ ਹਫਤਾ ਲੱਗੂ ਠੀਕ ਹੋਣ ਨੂੰ….. ਹਾਹਾਹਾਹਾਹ ਕਨਹੀਂ !!

ਮੈਂ : ਅੱਛਾ ਐਂ ਦੱਸ ਕਰੋਨਾ ਵੀਰ, ਆਹ ਜਿਹੜੀ ਵੈਕਸੀਨ ਐ, ਇਹਦਾ ਕੋਈ ਫੈਦਾ, ਨੁਕਸਾਨ !! ਜਾਂ ਇਹਦਾ ਕੋਈ ਅਸਰ ਹੋਊ ਲਵਾਏ ਦਾ?

ਕਰੋਨਾ : ਬਾਈ ਜਿਵੇਂ ਕੋਈ ਮੰਗਣ ਆਲ਼ਾ ਨ੍ਹੀਂ ਕਹਿੰਦਾ ਹੁੰਦਾ ਬਈ ‘ਜੋ ਦੇ ਉਸਕਾ ਬ੍ਹੀ ਭਲਾ, ਜੋ ਨਾ ਦੇ ਉਸਕਾ ਬ੍ਹੀ।’ ਜੇ ਲਵਾਲੋਂਗੇ ਹਰਜ ਕੋਈ ਨ੍ਹੀਂ, ਨਾ ਲਵਾਓਂਗੇ ਤਾਂ ਰੌਲ਼ਾ ਵੀ ਕੋਈ ਨ੍ਹੀਂ।

ਮੈਂ : ਮਤਬਲ, ਰਹਿਣ ਏ ਦੇਈਏ ?

ਕਰੋਨਾ : ਨਾ ਨਾ ਲਵਾਲੋ ਯਰ, ਵਧੀਆ ਇੱਕ ਫੋਟੋ ਬਣਜੂਗੀ ਯਾਦਗਾਰੀ। ਆਪਣੇ ਜੁਆਕਾਂ ਨੂੰ ਦਖਾਇਆ ਕਰੋ, ਬਈ ਚੜ੍ਹੀ ਜਵਾਨੀ ਤੁਸੀਂ ਕੀ ਕੁਛ ਕਰਦੇ ਰਹੇ ਓਂ…. ਹਾਹਾਹਾਹਾ ਕਨਹੀਂ !!

ਮੈਂ : ਚਲ ਚੰਗਾ ਬਾਈ ਫੇਰ, ਚੱਲ ਤੂੰ, ਤੇਰਾ ਕੰਮ ਹਾਲੇ ਖਾਸਾ ਪਿਐ, ਬਾਕੀ ਫੇਰ ਮਿਲਦੇ ਆਂ ਕਦੇ।

ਕਰੋਨਾ : ਚੰਗਾ ਭਰਾਵਾ, ਫੇਰ ਮਿਲਦੇ ਆਂ। ਜੇ ਜਿਊਂਦੇ ਰਹੇ ਤਾਂ ਮਿਲਾਂਗੇ ਲੱਖ ਆਰੀ, ਮਰਗੇ ਤਾਂ ਯਾਦ ਨਾ ਕਰੀਂ।

ਡਾ. ਸਵਾਮੀ ਸਰਬਜੀਤ
ਪਟਿਆਲ਼ਾ।
9888401328

Previous article’ਅਲਵਿਦਾ ਤੋਂ ਪਹਿਲਾਂ’
Next articleਮਾਲਿਕ ਤੋਂ ਭਿਖਾਰੀ