ਚੰਡੀਗੜ੍ਹ, ਸਮਾਜ ਵੀਕਲੀ: ਹਰਿਆਣਾ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਪਰ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਇਸ ਵੇਲੇ ਸੂਬੇ ਵਿੱਚ ਬਲੈਕ ਫੰਗਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 756 ’ਤੇ ਪਹੁੰਚ ਚੁੱਕੀ ਹੈ। ਹਾਲਾਂਕਿ, ਇਸ ਬਿਮਾਰੀ ਦੇ 58 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ 648 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਬਣਾਈ ਗਈ ਤਕਨੀਕੀ ਕਮੇਟੀ ਨੇ ਇਲਾਜ ਅਧੀਨ 515 ਮਰੀਜ਼ਾਂ ਨੂੰ ਐਮਫੋਟੈਰੀਸਿਨ ਬੀ ਦੇ 95 ਟੀਕੇ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਦੱੱਸਿਆ ਕਿ 577 ਮਰੀਜ਼ਾਂ ਦਾ ਨੈਦਾਨਿਕ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 422 ਪੁਰਸ਼ ਤੇ 135 ਔਰਤਾਂ ਹਨ। ਇਨ੍ਹਾਂ ਵਿੱਚੋਂ 508 ਮਰੀਜ਼ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਦੇ ਮਰੀਜ਼ਾਂ ਦਾ ਵਿਸ਼ਲੇਸ਼ਣ ਕਰਨ ’ਤੇ ਪਾਇਆ ਗਿਆ ਕਿ 86 ਫ਼ੀਸਦ (498) ਮਰੀਜ਼ ਕਰੋਨਾ ਤੋਂ ਪੀੜਤ ਰਹੇ ਹਨ ਜਦਕਿ 79 ਮਰੀਜ਼ਾਂ ਵਿੱਚ ਕਦੇ ਕਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚੋਂ ਗੁਰੂਗ੍ਰਾਮ ’ਚ 216, ਹਿਸਾਰ ਵਿਚ 179 ਅਤੇ ਰੋਹਤਕ ’ਚ ਬਲੈਕ ਫੰਗਸ ਦੇ 145 ਕੇਸ ਸਾਹਮਣੇ ਆਏ ਹਨ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸੂਬੇ ਵਿੱਚ ਬਲੈਕ ਫੰਗਸ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਵੀ ਇਸ ਬਿਮਾਰੀ ਸਬੰਧੀ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly