ਤੜਕੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ;
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ;
ਕੁਝ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ
ਅੰਮ੍ਰਿਤਸਰ (ਸਮਾਜਵੀਕਲੀ)– ਕਰੋਨਾਵਾਇਰਸ ਤੋਂ ਪੀੜਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਕੁਝ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੇ ਨੇੜਲੇ ਹੋਰ ਤਿੰਨ ਵਿਅਕਤੀਆਂ ਦੇ ਵਿੱਚ ਕਰੋਨਾਵਾਇਰਸ ਦੇ ਲੱਛਣ ਮਿਲੇ ਹਨ, ਪਰ ਅੰਤਿਮ ਜਾਂਚ ਰਿਪੋਰਟ ਭਲਕੇ ਮਿਲੇਗੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਅੱਜ ਤੜਕੇ ਕਰੀਬ 4 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ। ਬੀਤੇ ਕੱਲ੍ਹ ਹੀ ਉਨ੍ਹਾਂ ਦੀ ਟੈਸਟ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ।
ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬਣਾਏ ਗਏ ਆਇਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਕੱਲ੍ਹ ਹੀ ਉਨ੍ਹਾਂ ਦੇ ਘਰ ਅਤੇ ਹੋਰ ਨੇੜਲੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ। ਸਿਹਤ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਿਵੇਂ ਕਿ ਪਤਨੀ, ਪੁੱਤਰ, ਧੀ, ਸੇਵਾਦਾਰ, ਡਰਾਈਵਰ, ਚਾਚਾ ਤੇ ਚਾਚੀ ਅਤੇ ਹੋਰ ਸਾਥੀ ਰਾਗੀਆਂ ਨੂੰ ਰਾਤ ਹੀ ਆਇਸੋਲੇਸ਼ਨ ਵਾਰਡ ਵਿੱਚ ਨਿਗਰਾਨੀ ਹੇਠ ਰੱਖ ਲਿਆ ਸੀ।
ਇਨ੍ਹਾਂ ਸਾਰਿਆਂ ਦੇ ਨਮੂਨੇ ਜਾਂਚ ਲਈ ਲੈਬਾਰੇਟਰੀ ਭੇਜੇ ਗਏ ਹਨ ਅਤੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਭਾਈ ਨਿਰਮਲ ਸਿੰਘ ਦੇ ਪੰਜ ਹੋਰ ਰਾਗੀ ਸਾਥੀ ਵੀ ਇਕਾਂਤਵਾਸ ਵਿੱਚ ਰੱਖੇ ਗਏ ਹਨ। ਉਹ 19 ਮਾਰਚ ਨੂੰ ਚੰਡੀਗੜ੍ਹ ਵਿੱਚ ਸੈਕਟਰ-27ਏ ਦੀ ਇਕ ਕੋਠੀ ਵਿੱਚ ਗੁਰਬਾਣੀ ਕੀਰਤਨ ਕਰਨ ਲਈ ਗਏ ਸਨ। ਇਸ ਸਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਏ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਨਿਗਰਾਨੀ ਹੇਠ ਇਕਾਂਤਵਾਸ ’ਚ ਰੱਖਿਆ ਜਾ ਸਕੇ। ਮੁਢਲੇ ਤੌਰ ’ਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਕੁਝ ਡਾਕਟਰਾਂ ਨੂੰ ਵੀ ਘਰਾਂ ਵਿੱਚ ਇਕਾਂਤਵਾਸ ਵਿਚ ਰਹਿਣ ਲਈ ਆਖਿਆ ਗਿਆ ਹੈ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਖਾਲਸਾ, ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਆਦਿ ਨੇ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਭਾਈ ਨਿਰਮਲ ਸਿੰਘ ਖਾਲਸਾ ਦੇ ਦੋ ਪਰਿਵਾਰ ਹਨ। ਇਕ ਪਰਿਵਾਰ ਦੇ ਮੈਂਬਰ ਵਿਦੇਸ਼ ਵਿੱਚ ਹਨ ਜਦੋਂਕਿ ਦੂਜਾ ਪਰਿਵਾਰ ਇੱਥੇ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੈ। ਦੋਹਾਂ ਪਰਿਵਾਰਾਂ ਵਿੱਚ ਉਨ੍ਹਾਂ ਦੇ ਛੇ ਬੱਚੇ ਹਨ।