ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਕਰੋਨਾ ਨਾਲ ਡਟਵੀਂ ਲੜਾਈ ਲੜਦਾ ਹੋਇਆ ਜਿਲ੍ਹਾ ਕਪੂਰਥਲਾ ਸਾਲ 2020 ਦੌਰਾਨ ਵੀ ਵਿਕਾਸ ਦੀਆਂ ਪੁਲਾਂਘਾਂ ਪੁੱਟਦਾ ਰਿਹਾ ਹੈ।
ਸਾਲ ਦੇ ਮਾਰਚ ਮਹੀਨੇ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਕਈ ਮਹੀਨੇ ਜਿੰਦਗੀ ਵਿਚ ਖੜੋਤ ਆ ਗਈ ਪਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਕਰੋਨਾ ਨਾਲ ਪ੍ਰਭਾਵੀ ਲੜਾਈ ਲੜਨ ਦੇ ਨਾਲ-ਨਾਲ ਜਿਲ੍ਹੇ ਅੰਦਰ ਅਨੇਕਾਂ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣ ਵਿਚ ਸਫਲਤਾ ਹਾਸਿਲ ਕੀਤੀ ਗਈ।
ਕਰੋਨਾ ਵਿਰੁੱਧ ਲੜਾਈ ਸੌਖੀ ਨਹੀਂ ਹੈ ਕਿਉਂਕਿ ਜਿਲ੍ਹੇ ਅੰਦਰ ਮੌਤ ਦਰ ਪੂਰੇ ਸੂਬੇ ਨਾਲੋਂ ਜਿਆਦਾ ਰਹੀ । ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਹਤ ਵਿਭਾਗ, ਪੁਲਿਸ, ਪੇਂਡੂ ਵਿਕਾਸ ਤੇੇ ਪੰਚਾਇਤ ਵਿਭਾਗ ਵਲੋਂ ਘਰ- ਘਰ ਜਾ ਕੇ ਲੋਕਾਂ ਨੂੰ ਕਰੋਨਾ ਦੇ ਮਾੜੇ ਪ੍ਰਭਾਵਾਂ ਤੇ ਬਚਣ ਦੇ ਤਰੀਕਿਆਂ ਬਾਰੇੇ ਦੱਸਿਆ ਗਿਆ। ਜਿਲ੍ਹੇ ਅੰਦਰ ਹੋਮ ਆਈਸਲੇਸ਼ਨ ਵਾਲੇ ਮਰੀਜ਼ਾਂ ਲਈ ਵਿਸ਼ੇਸ ਸੈਲ ਸਥਾਪਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਲਗਾਤਾਰ ਹਫਤਾਵਾਰੀ ਵੀਡੀਓ ਸੰਦੇਸ਼ਾਂ ਰਾਹੀਂ ਕਰੋਨਾ ਵਿਰੁੱਧ ਲੜਾਈ ਬਾਰੇ ਜਾਗਰੂਕ ਕੀਤਾ ਗਿਆ। ਪ੍ਰਸ਼ਾਸ਼ਨ ਵਲੋਂ ਲਗਾਤਾਰ ਕੀਤੀ ਮਿਹਨਤ ਨਾਲ ਹੀ ਹੁਣ ਤੱਕ 1.25 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।
ਵਿਕਾਸ ਕੰਮਾਂ ਵਾਲੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਮੌਕੇ 40.75 ਕਰੋੜ ਰੁਪੈ ਦੇ 6 ਵਿਕਾਸ ਕੰਮ ਸ਼ੁਰੂ ਕੀਤੇ ਗਏ। ਇਸ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲ ਕਦਮੀ ਸਦਕਾ ਕਪੂਰਥਲਾ ਦੀ ‘ਛੱਪੜਾਂ ਦੇ ਨਵੀਨੀਕਰਨ’ ਯੋਜਨਾ ਤਹਿਤ ਪਾਇਲਟ ਪ੍ਰਾਜੈਕਟ ਲਈ ਚੋਣ ਕੀਤੀ ਗਈ, ਜਿਸ ਤਹਿਤ 23 ਪਿੰਡਾਂ ਨੂੰ 7.37 ਕਰੋੜ ਰੁਪੈ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਵੀ 12 ਕਰੋੜ ਰੁਪੈ ਜਾਰੀ ਕੀਤੇ ਗਏ ਜਿਸ ਨਾਲ ਹਰ ਸ਼ਹਿਰ ਵਾਸੀ ਨੂੰ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। 11.83 ਕਰੋੜ ਰੁਪੈ ਦੀ ਲਾਗਤ ਨਾਲ ਸੁਲਤਾਨਪੁਰ ਲੋਧੀ ਅੰਦਰ ਟਾਪੂਨੁਮਾ ਪਿੰੰਡਾਂ ਬਾਉੂਪੁਰ ਆਦਿ ਦੇ ਹਜ਼ਾਰਾਂ ਲੋਕਾਂ ਨੂੰ ਅਜਾਦੀ ਦੇ 73 ਸਾਲ ਬਾਅਦ ਪੱਕਾ ਪੁਲ ਨਸੀਬ ਹੋਇਆ।
ਕਾਂਜਲੀ ਵੈੱਟ ਲੈਂਡ ਨੂੰ ਸੁਰਜੀਤ ਕਰਕੇ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ 192 ਲੱਖ ਨਾਲ ਵਾਕ ਵੇਅ ਬਣਾਇਆ ਜਾ ਰਿਹਾ ਹੈ ਜਦਕਿ 48.74ਲੱਖ ਨਾਲ ਸਾਈਕਲਿੰਗ ਟ੍ਰੈਕ ਦੀ ਉਸਾਰੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵਲੋਂ ਔਰਤਾਂ ਦੇ ਸ਼ਸ਼ਕਤੀਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਗਿਆ, ਜਿਸ ਤਹਿਤ ਔਰਤਾਂ ਦੇੇ ਸਵੈ ਸਹਾਇਤਾ ਗਰੁੱਪਾਂ ਲਈ ‘ਬੀਬੀਆਂ ਦੀ ਦੁਕਾਨ’ ਤੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਕਰਮਚਾਰੀ ਔਰਤਾਂ ਦੇ ਬੱਚਿਆਂ ਲਈ ‘ਕਿਲਕਾਰੀਆਂ’ ਪਲੇਅ ਵੇਅ ਵੀ ਸ਼ੁਰੂ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਲਈ “ਸਖੀ ਵਨ ਸਟਾਪ” ਸੈਂਟਰ ਦੀ ਸਿਵਲ ਹਸਪਤਾਲ ਵਿਖੇ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਨਵ ਜਨਮੇ ਅਣਚਾਹੇ ਬੱਚਿਆਂ ਲਈ “ਪੰਘੂੜਾ” ਯੋਜਨਾ ਸ਼ੁਰੂ ਕੀਤੀ ਗਈ।
ਇਸੇ ਤਰ੍ਹਾਂ ਜ਼ਿਲ੍ਹਾ ਰੁਜ਼ਗਾਰ ਬਿਉਰੋ ਵਲੋਂ ਆਪਣਾ ਮਸਕਟ “ਰੀਤ” ਅਪਣਾਇਆ ਗਿਆ ਜੋਕਿ ਪੰਜਾਬ ਭਰ ਵਿੱਚ ਪਹਿਲੀ ਵਾਰ ਹੋਇਆ। ਪਿਛਲੇ ਸਾਲ ਹੜ੍ਹ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਲਈ 15.83 ਲੱਖ ਦੀ ਲਾਗਤ ਨਾਲ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਵੀ ਮੁਆਵਜੇ ਵਜੋਂ 10 ਕਰੋੜ ਰੁਪਏ ਜਾਰੀ ਕੀਤੇ ਗਏ।ਪੇਂਡੂ ਖੇਤਰ ਦੇ ਵਿਕਾਸ ਕਾਰਜ਼ਾ ਲਈ ਮਨਰੇਗਾ ਤਹਿਤ 46 ਕਰੋੜ ਰੁਪਏ ਜਾਰੀ ਹੋਏ ਜਦਕਿ ਸਮਾਰਟ ਵਿਲੈਜ ਯੋਜਨਾ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 93.51 ਕਰੋੜ ਰੁਪਏ ਕਪੂਰਥਲਾ ਜ਼ਿਲੇ ਨੂੰ ਜਾਰੀ ਕੀਤੇ ਗਏ।ਫਗਵਾੜਾ ਵਿਖੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 1.86 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ।
ਅਬਕਾਰੀ ਵਿਭਾਗ ਦੀ ਕਪੂਰਥਲਾ ਰੇਂਜ ਵਲੋਂ ਨਿਰਧਾਰਿਤ ਮਾਲੀਏ ਤੋ 25 ਫੀਸਦੀ ਜ਼ਿਆਦਾ ਮਾਲੀਆਂ ਇਕੱਤਰ ਕੀਤਾ ਗਿਆ ।
ਸਿੱਖਿਆ ਵਿਭਾਗੀ ਦੀ ਕਾਗੁਜ਼ਾਰੀ ਸ਼ਾਨਦਾਰ ਰਹੀ ਅਤੇ 12 ਵੀ ਦੇ ਨਤੀਜਿਆਂ ਵਿੱਚ 97.47 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਭਰ ਵਿਚੋ ਪਹਿਲਾ ਸਥਾਨ ਹਾਸਲ ਕੀਤਾ ਗਿਆ।
ਨਸ਼ਿਆਂ ਦੀ ਰੋਕਥਾਮ ਲਈ “ਡਰੱਗ ਓਵਰਡੋਜ਼ ਐਜੂਕੇਸ਼ਨ ਮੈਨੇਜਮੈਂਟ ” ਪ੍ਰੋਗਰਾਮ ਸ਼ੁਰੂ ਕਰਨ ਵਾਲਾ ਕਪੂਰਥਲਾ ਪਹਿਲਾ ਜ਼ਿਲ੍ਹਾ ਬਣਿਆ । ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀ ਵਿਭਾਗ ਦੀ ਚੋਕਸੀ ਨਾਲ ਫਸਲਾਂ ਨੂੰ ਟਿੱਡੀ ਦਲ ਦੇ ਭਾਰੀ ਹਮਲਿਆਂ ਤੋੰ ਬਚਾਇਆ ਜਾ ਸਕਿਆ । ਜ਼ਿਲ੍ਹੇ ਭਰ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਨਾਲ ਵੋਟਰਾਂ ਦੀ ਗਿਣਤੀ 608476 ਹੋ ਗਈ ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯਤਨਾਂ ਨੂੰ ਵੀ ਬੂਰ ਪਿਆ ਅਤੇ 5066 ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਗਈ। ਕੈਪਟਨ ਸਮਾਰਟ ਕੂਨੈਕਟ ਤਹਿਤ 4311 ਦੇ ਕਰੀਬ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ।